ਪੰਜਾਬ ਪੁਲਿਸ ਦੇ ਖ਼ੁਫ਼ੀਆ ਵਿੰਗ ਨੇ ਫ਼ਿਰੋਜ਼ਪੁਰ ’ਚ ਨਸ਼ਿਆਂ ਦੇ ਕੌਮਾਂਤਰੀ ਸਮੱਗਲਰਾਂ ਨੂੰ 4 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਇਸ ਬਾਰੇ ਵੇਰਵੇ ਦਿੰਦਿਆਂ ਫ਼ਿਰੋਜ਼ਪੁਰ ’ਚ ਕਾਊਂਟਰ ਇੰਟੈਲੀਜੈਂਸ ਦੇ AIG ਅਜੇ ਮਲੂਜਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਸੂਹ ਮਿਲੀ ਸੀ, ਜਿਸ ਦੇ ਆਧਾਰ ਉੱਤੇ ਫ਼ਿਰੋਜ਼ਪੁਰ–ਫ਼ਾਜ਼ਿਲਕਾ ਸੜਕ ਉੱਤੇ ਖਾਈ ਫੇਮੇ ਕੀ ਨੇੜੇ ਇੱਕ ਖ਼ਾਸ ਨਾਕਾ ਲਾਇਆ ਗਿਆ ਸੀ।
ਉੱਥੇ ਡੀਐੱਲ 9ਸੀ ਏਬੀ 4693 ਨੰਬਰ ਦੀ ਕਾਰ ਨੂੰ ਰੋਕਿਆ ਗਿਆ। ਉਸ ਵਿੱਚ ਸਵਾਰ ਦੋ ਵਿਅਕਤੀ ਸਤਨਾਮ ਸਿੰਘ ਉਰਫ਼ ਸੱਤਾ ਤੇ ਗੁਰਪ੍ਰੀਤ ਸਿੰਘ ਸਵਾਰ ਸਨ। ਉਨ੍ਹਾਂ ਦੀ ਕਾਰ ਦੀ ਤਲਾਸ਼ੀ ਦੌਰਾਨ 4 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ।
ਇਹ ਦੋਵੇਂ ਫ਼ਿਰੋਜ਼ਪੁਰ ਦੇ ਸ਼ਹਿਰ ਮਮਦੋਟ ਦੇ ਰਹਿਣ ਵਾਲੇ ਹਨ। ਪੁਲਿਸ ਅਧਿਕਾਰੀ ਸ੍ਰੀ ਮਲੂਜਾ ਨੇ ਦਾਅਵਾ ਕੀਤਾ ਕਿ ਸਤਨਾਮ ਦਾ ਪਿਛੋਕੜ ਕੁਝ ਠੀਕ ਨਹੀਂ ਰਿਹਾ ਤੇ ਉਸ ਉੱਤੇ ਨਸ਼ੇ ਦੀ ਸਮੱਗਲਿੰਗ ਦੇ ਦੋਸ਼ ਪਹਿਲਾਂ ਵੀ ਲੱਗੇ ਹੋਏ ਹਨ ਅਤੇ ਇਸ ਵੇਲੇ ਉਹ ਜ਼ਮਾਨਤ ’ਤੇ ਰਿਹਾਅ ਚੱਲ ਰਿਹਾ ਸੀ।
ਉਨ੍ਹਾਂ ਕੋਲ ਨਸ਼ਿਆਂ ਦੀ ਇਹ ਖੇਪ ਪਾਕਿਸਤਾਨ ਤੋਂ ਬੀਤੀ 6 ਜਨਵਰੀ ਨੂੰ ਆਈ ਸੀ ਤੇ ਉਨ੍ਹਾਂ ਨੇ ਇਸ ਨੂੰ ਫ਼ਿਰੋਜ਼ਪੁਰ ਤੇ ਪੰਜਾਬ ਦੇ ਕੁਝ ਹੋਰ ਹਿੱਸਿਆਂ ਤੱਕ ਜਾ ਕੇ ਵੇਚਣਾ ਸੀ।
ਚੇਤੇ ਰਹੇ ਕਿ ਬੀਤੇ ਕੁਝ ਦਿਨਾਂ ਦੌਰਾਨ ਹੀ ਪੰਜਾਬ ਪੁਲਿਸ ਨੇ ਨਸ਼ਿਆਂ ਦੀਆਂ ਵੱਡੀਆਂ ਖੇਪਾਂ ਬਰਾਮਦ ਕੀਤੀਆਂ ਹਨ।