ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੀਤੀ ਜਾ ਰਹੀ ਹੈ ਇਹ ਸਾਇਕਲ ਯਾਤਰਾ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਮੁਕਤਸਰ ਸਾਹਿਬ ਦੇ ਦੋ ਪੁਲਿਸ ਕਾਂਸਟੇਬਲਾਂ ਨੇ ਸਾਇਕਲਾਂ ਉੱਤੇ 3,000 ਕਿਲੋਮੀਟਰ ਲੰਮੀ ਯਾਤਰਾ ਸ਼ੁਰੂ ਕੀਤੀ। ਸ੍ਰੀ ਮੁਕਤਸਰ ਸਾਹਿਬ ਵਿਖੇ ਤਾਇਨਾਤ ਇਹ ਦੋਵੇਂ ਕਾਂਸਟੇਬਲ ਸਮਨਦੀਪ ਕੁਮਾਰ (28) ਅਤੇ ਗੁਰਸੇਵਕ ਸਿੰਘ (28) 8 ਵੱਖੋ–ਵੱਖਰੇ ਸੁਬਿਆਂ ਵਿੱਚੋਂ ਦੀ ਲੰਘਦੇ ਹੋਏ ਕੰਨਿਆ ਕੁਮਾਰੀ ਪੁੱਜਣਗੇ। ਉਨ੍ਹਾਂ ਦੀ ਇਹ ਯਾਤਰਾ 28 ਦਿਨਾਂ ਵਿੱਚ ਮੁਕੰਮਲ ਹੋਵੇਗੀ।
ਐੱਸਪੀ (ਐੱਚ) ਗੁਰਮੇਲ ਸਿੰਘ ਧਾਲੀਵਾਲ ਅਤੇ ਡੀਐੱਸਪੀ (ਐੱਚ) ਹਿਨਾ ਗੁਪਤਾ ਨੇ ਕਈ ਪੁਲਿਸ ਮੁਲਾਜ਼ਮਾਂ ਦੀ ਹਾਜ਼ਰੀ ਵਿੱਚ ਕੱਲ੍ਹ ਮੰਗਲਵਾਰ ਨੂੰ ਇਸ ਸਾਇਕਲ–ਯਾਤਰਾ ਨੂੰ ਝੰਡੀ ਵਿਖਾਈ।
ਜਦੋਂ ਇਸ ਯਾਤਰਾ ਦੇ ਕਾਰਨ ਬਾਰੇ ਪੁੱਛਿਆ ਗਿਆ, ਤਾਂ ਸਮਨਦੀਪ ਕੁਮਾਰ ਨੇ ਦੱਸਿਆ ਕਿ ਬੀਤੇ ਫ਼ਰਵਰੀ ਮਹੀਨੇ ਵੀ ਉਹ ਆਪਣੇ ਦੋਸਤਾਂ ਨਾਲ ਕੇਰਲ ਗਏ ਸਨ ਤੇ ਉਨ੍ਹਾਂ ਦਸਤਾਰਾਂ ਸਜਾਈਆਂ ਹੋਈਆਂ ਸਨ। ‘ਇੱਕ ਸਥਾਨਕ ਵਿਧਾਇਕ ਸਾਡੇ ਕੋਲ ਆਇਆ ਤੇ ਉਸ ਨੇ ਸਾਡੇ ਨਾਲ ਤਸਵੀਰਾਂ ਖਿਚਵਾਈਆਂ ਤੇ ਪੰਜਾਬੀ ਲੋਕਾਂ ਦੀ ਬਹਾਦਰੀ ਦੀ ਸ਼ਲਾਘਾ ਕੀਤੀ।’
ਕਾਂਸਟੇਬਲ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਨੂੰ ਲੈ ਕੇ ਨਿਰਾਸ਼ਾ ਹੋਈ ਸੀ ਕਿ ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸਿੱਖ ਧਰਮ ਬਾਰੇ ਲੋਕਾਂ ਨੂੰ ਬਹੁਤਾ ਗਿਆਨ ਨਹੀਂ ਸੀ। ‘ਇਸੇ ਲਈ ਅਸੀਂ ਕੇਰਲ ਤੇ ਹੋਰਨਾਂ ਸੂਬਿਆਂ ਵਿੱਚ ਜਾਗਰੂਕਤਾ ਫੈਲਾਉਣ ਲਈ ਸਾਇਕਲ ਯਾਤਰਾ ਕਰਨ ਦਾ ਫ਼ੈਸਲਾ ਕੀਤਾ।’ ਸਮਨਦੀਪ ਕੁਮਾਰ ਨੇ ਕਿਹਾ ਕਿ ਪੰਜਾਬ ਵਿੱਚ 550ਵੇਂ ਪ੍ਰਕਾਸ਼ ਪੁਰਬ ਮੌਕੇ ਜਿਹੜੇ ਵੀ ਸਮਾਰੋਹ ਹੋ ਰਹੇ ਹਨ, ਉਨ੍ਹਾਂ ਦਾ ਅਸਰ ਸਿਰਫ਼ ਸੂਬੇ ਤੱਕ ਹੀ ਸੀਮਤ ਰਹੇਗਾ।
ਸ੍ਰੀ ਮੁਕਤਸਰ ਸਾਹਿਬ ਪ੍ਰਸ਼ਾਸਨ ਨੇ ਵੀ ਉਨ੍ਹਾਂ ਦੀ ਮਦਦ ਕੀਤੀ ਹੈ ਤੇ ਜ਼ਿਲ੍ਹਾ ਉਲੰਪਿਕ ਐਸੋਸੀਏਸ਼ਨ ਨੂੰ ਵਿੱਤੀ ਮਦਦ ਪਹੁੰਚਾਈ ਹੈ। ਐੱਸਐੱਸਪੀ ਰਾਜ ਬਚਨ ਸਿੰਘ ਸੰਧੂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਜਾਗਰੂਕਤਾ ਫੈਲਾਉਣ ਦਾ ਇਹ ਇੱਕ ਵਿਲੱਖਣ ਤਰੀਕਾ ਹੈ।
ਸਮਨਦੀਪ ਕੁਮਾਰ ਨੇ ਦੱਸਿਆ ਕਿੇਰਲ ਵਿੱਚ ਆਮ ਲੋਕਾਂ ਨਾਲ ਗੱਲਬਾਤ ਲਈ ਉਨ੍ਹਾਂ ਦੇ ਕੁਝ ਦੋਸਤ ਵੀ ਕੰਨਿਆਕੁਮਾਰੀ ’ਚ ਉਨ੍ਹਾਂ ਨਾਲ ਮੌਜੂਦ ਰਹਿਣਗੇ।
ਆਪਣੀ ਸਾਇਕਲ ਯਾਤਰਾ ਦੌਰਾਨ ਪੰਜਾਬ ਪੁਲਿਸ ਦੇ ਇਹ ਦੋਵੇਂ ਜਵਾਨ ਰਾਹ ਵਿੱਚ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਉੱਘੇ ਲੇਖਕਾਂ ਵੱਲੋਂ ਲਿਖੀਆਂ ਕੁਝ ਪੁਸਤਕਾਂ ਵੀ ਆਮ ਲੋਕਾਂ ਨੂੰ ਵੰਡਦੇ ਜਾਣਗੇ।