ਪੰਜਾਬ ਤੇ ਜੰਮੂ-ਕਸ਼ਮੀਰ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਦੋ ਵਿਦਿਆਰਥੀਆਂ ਸਮੇਤ ਤਿੰਨ ਕਸ਼ਮੀਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਦੇ ਸੀਟੀ ਇੰਸਟੀਚਿਊਟ, ਸ਼ਾਹਪੁਰ ਸਥਿਤ ਉਨ੍ਹਾ ਦੇ ਹੋਸਟਲ ਦੇ ਕਮਰੇ `ਚੋਂ ਹਥਿਆਰ ਬਰਾਮਦ ਕੀਤੇ ਗਏ ਸਨ।
ਇਨ੍ਹਾਂ ਗ੍ਰਿਫ਼ਤਾਰੀਆਂ ਨੂੰ ਇਸ ਲਈ ਅਹਿਮ ਸਮਝਿਆ ਜਾ ਰਿਹਾ ਹੈ ਕਿਉਂਕਿ ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਆਪਣੇ ਤਿੰਨ ਦਿਨਾ ਦੌਰੇ ਲਈ ਇਸ ਵੇਲੇ ਜਲੰਧਰ `ਚ ਹਨ।
ਇੰਸਟੀਚਿਊਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਾਹਪੁਰ ਕੈਂਪਸ ਦੇ ਹੋਸਟਲ ਦੇ ਕਮਰਾ ਨੰਬਰ 94 `ਤੇ 80 ਤੋਂ 90 ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਅਚਾਨਕ ਛਾਪਾ ਮਾਰ ਕੇ ਇੱਥੋਂ ਦੋ ਕਸ਼ਮੀਰੀ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਹਿਮਾਨ ਨੂੰ ਗ੍ਰਿਫ਼ਤਾਰ ਕੀਤਾ।
ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹੋਸਟਲ `ਚੋਂ ਮਿਲੇ ਚਾਰ ਬੈਗਾਂ ਵਿੱਚੋਂ ਰਾਈਫ਼ਲਾਂ ਤੇ ਪਿਸਤੌਲਾਂ ਸਮੇਤ ਹਥਿਆਰ ਬਰਾਮਦ ਹੋਏ ਹਨ।