ਤਸਵੀਰ: ਗੁਰਮਿੰਦਰ ਸਿੰਘ, ਹਿੰਦੁਸਤਾਨ ਟਾਈਮਜ਼
ਅੱਜ ਸਨਿੱਚਰਵਾਰ ਨੂੰ ਸਵੇਰੇ ਹੁਸ਼ਿਆਰਪੁਰ ਵਿੱਚ 34 ਅਤੇ ਮੋਹਾਲੀ 'ਚ ਦੋ ਹੋਰ ਕੋਰੋਨਾ–ਮਰੀਜ਼ਾਂ ਦੇ ਪਾਜ਼ਿਟਿਵ ਆਉਣ ਨਾਲ ਪੰਜਾਬ ਵਿੱਚ ਮਰੀਜ਼ਾਂ ਦੀ ਕੁੱਲ ਗਿਣਤੀ 745 ਹੋ ਗਈ ਹੈ। ਮੋਹਾਲੀ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 96 ਹੋ ਗਈ ਹੈ ਤੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇਹ ਗਿਣਤੀ 45 ਹੈ।
ਹੁਸ਼ਿਆਰਪੁਰ ਦੇ ਜਿਹੜੇ 34 ਨਵੇਂ ਕੋਰੋਨਾ–ਮਰੀਜ਼ਾਂ ਦਾ ਅੱਜ ਪਤਾ ਲੱਗਾ ਹੈ, ਉਹ ਸਾਰੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਹਨ।
ਅੱਜ ਮੋਹਾਲੀ ਵਿਖੇ ਜਿਹੜੇ ਦੋ ਨਵੇਂ ਕੇਸ ਆਏ ਹਨ, ਉਨ੍ਹਾਂ ਵਿੱਚੋਂ 67 ਸਾਲਾਂ ਦਾ ਇੱਕ ਬਜ਼ੁਰਗ ਹੈ, ਜੋ ਫ਼ੇਸ–10 ਸਥਿਤ ਐੱਸਬੀਆਈ ਕਾਲੋਨੀ ਦਾ ਵਸਨੀਕ ਹੈ। ਦੂਜਾ ਮਰੀਜ਼ ਖਰੜ ਦੇ ਦੇਸੂਮਾਜਰਾ ਦੀ 27 ਸਾਲਾ ਇੱਕ ਔਰਤ ਹੈ, ਜੋ ਪਾਜ਼ਿਟਿਵ ਪਾਈ ਗਹੀ ਹੈ।
ਹੁਣ ਇਨ੍ਹਾਂ ਦੋਵਾਂ ਦੇ ਸੰਪਰਕ ’ਚ ਆਏ ਸਾਰੇ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ, ਤਾਂ ਜੋ ਉਨ੍ਹਾਂ ਨੂੰ ਵੀ ਕੁਆਰੰਟੀਨ ਕੀਤਾ ਜਾਵੇ ਤੇ ਉਨ੍ਹਾਂ ਦੇ ਵੀ ਟੈਸਟ ਕੀਤੇ ਜਾ ਸਕਣ। ਦੋਵਾਂ ਨੂੰ ਬਨੂੜ ਦੇ ਗਿਆਨ ਸਾਗਰ ਹਸਪਤਾਲ ’ਚ ਭੇਜ ਦਿੱਤਾ ਗਿਆ ਹੈ।
ਹੁਣ ਮੋਹਾਲੀ ਜ਼ਿਲ੍ਹੇ ’ਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ ਵਧ ਕੇ 96 ਹੋ ਗਈ ਹੈ; ਜਿਨ੍ਹਾਂ ਵਿੱਚੋਂ 62 ਸਰਗਰਮ ਕੇਸ ਹਨ ਤੇ 30 ਜਦੇ ਠੀਕ ਵੀ ਹੋ ਚੁੱਕੇ ਹਨ। ਮੋਹਾਲੀ ਜ਼ਿਲ੍ਹੇ ’ਚ ਹੁਣ ਤੱਕ ਦੋ ਵਿਅਕਤੀਆਂ ਦੀ ਮੌਤ ਵੀ ਕੋਰੋਨਾ ਕਾਰਨ ਹੋ ਚੁੱਕੀ ਹੈ।
ਜ਼ਿਲ੍ਹੇ ’ਚ 19 ਪਾਜ਼ਿਟਿਵ ਮਰੀਜ਼ ਅਜਿਹੇ ਵੀ ਹਨ, ਜੋ ਤਖ਼ਤ ਸ੍ਰੀ ਹਜ਼ੂਰ ਸਾਹਿਬ (ਨਾਂਦੇੜ, ਮਹਾਰਾਸ਼ਟਰ) ਤੋਂ ਪਰਤੇ ਹਨ। ਡੇਰਾ ਬੱਸੀ ਲਾਗਲੇ ਪਿੰਡ ਜਵਾਹਰਪੁਰ ’ਚੋਂ ਹੀ 47 ਮਾਮਲੇ ਸਾਹਮਣੇ ਆ ਚੁੱਕੇ ਹਨ।
ਇਸ ਤੋਂ ਪਹਿਲਾਂ ਕੱਲ੍ਹ ਸ਼ੁੱਕਰਵਾਰ ਨੂੰ 165 ਨਵੇਂ ਕੋਰੋਨਾ–ਮਰੀਜ਼ ਸਾਹਮਣੇ ਆਏ ਸਨ; ਜਿਨ੍ਹਾਂ ਵਿੱਚੋਂ 137 ਨਾਂਦੇੜ ਤੋਂ ਪਰਤੇ ਹਨ। ਹੁਣ ਤੱਕ ਨਾਂਦੇੜ ਤੋਂ ਪੰਜਾਬ ਪਰਤੇ 314 ਸ਼ਰਧਾਲੂਆਂ ਦੇ ਟੈਸਟ ਪਾਜ਼ਿਟਿਵ ਆਏ ਹਨ।
ਕੱਲ੍ਹ ਅੰਮ੍ਰਿਤਸਰ ਤੋਂ 61 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ, ਜਿਨ੍ਹਾਂ ਵਿੱਚੋਂ 60 ਨਾਂਦੇੜ ਤੋਂ ਪਰਤੇ ਸ਼ਰਧਾਲੂ ਹਨ। ਕੱਲ੍ਹ ਹੀ ਪਟਿਆਲਾ ਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਵਿੱਚੋਂ 24–24 ਕੇਸ ਸਾਹਮਣੇ ਆਏ ਸਨ। ਇੰਝ ਹੀ 18 ਮਾਮਲੇ ਫ਼ਿਰੋਜ਼ਪੁਰ ਤੋਂ ਸਾਹਮਣੇ ਆਏ ਸਨ।
ਪਟਿਆਲਾ ਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕਿਸੇ ਵੀ ਨਵੇਂ ਮਰੀਜ਼ ਵਿੱਚ ਸਾਹਮਣੇ ਤੋਂ ਵੇਖਣ ਵਿੱਚ ਕੋਰੋਨਾ ਦਾ ਕੋਈ ਲੱਛਣ ਵਿਖਾਈ ਨਹੀਂ ਦਿੰਦਾ। ਕੱਲ੍ਹ ਸ਼ੁੱਕਰਵਾਰ ਨੂੰ ਜਲੰਧਰ ਤੋਂ 16 ਨਵੇਂ ਮਾਮਲੇ ਸਾਹਮਣੇ ਆਏ ਸਨ। ਇੰਝ ਹੀ ਮੋਹਾਲੀ ਤੋਂ ਕੱਲ੍ਹ 6 ਨਵੇਂ ਮਾਮਲੇ ਦਰਜ ਹੋਏ ਸਨ।