ਦੋ ਪੰਜਾਬੀਆਂ ਸਮੇਤ 14 ਭਾਰਤੀ ਇਸ ਵੇਲੇ ਸਊਦੀ ਅਰਬ ਦੀਆਂ ਜੇਲ੍ਹਾਂ `ਚ ਫਸੇ ਹੋਏ ਹਨ। ਇਨ੍ਹਾਂ `ਚੋਂ 12 ਜਣੇ ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਹਨ। ਉੱਤਰੀ ਭਾਰਤ ਦੇ ਦੋ ਟ੍ਰੈਵਲ ਏਜੰਟਾਂ ਨੇ ਇਨ੍ਹਾਂ ਸਾਰਿਆਂ ਨੂੰ ਟੂਰਿਸਟ ਵੀਜਿ਼ਆਂ `ਤੇ ਭੇਜਿਆ ਸੀ ਤੇ ਇਨ੍ਹਾਂ ਭੋਲੇ-ਭਾਲੇ ਨੌਜਵਾਨਾਂ ਨੂੰ ਐਂਵੇਂ ਹੀ ਆਖ ਦਿੱਤਾ ਗਿਆ ਸੀ ਕਿ ਉਹ ਸਊਦੀ ਅਰਬ ਕੰਮ ਕਰਨ ਲਈ ਜਾ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਰ 12 ਜਣੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜਿ਼ਲ੍ਹੇ ਨਾਲ ਸਬੰਧਤ ਹਨ ਤੇ ਦੋ ਪੰਜਾਬ ਦੇ ਹਨ। ਟ੍ਰੈਵਲ ਏਜੰਟਾਂ ਮੁਹੰਮਦ ਆਸਿਫ਼ ਤੇ ਕਾਦਿਰ ਨੇ ਹਰੇਕ ਤੋਂ 90,000 ਰੁਪਏ ਵਸੂਲ ਕੀਤੇ ਸਨ। ਇਨ੍ਹਾਂ ਦੋਵਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।
ਹੁਣ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ ਇਹ ਮੁੱਦਾ ਉਠਾਉਂਦਿਆਂ ਮੰਗ ਕੀਤੀ ਹੈ ਕਿ ਸਊਦੀ ਅਰਬ `ਚ ਫਸੇ ਸਾਰੇ ਭਾਰਤੀਆਂ ਨੂੰ ਬਚਾ ਕੇ ਤੁਰੰਤ ਵਤਨ ਵਾਪਸ ਲਿਆਂਦਾ ਜਾਵੇ।
ਸਭ ਤੋਂ ਇਸ ਬਾਰੇ ਸਿ਼ਕਾਇਤ ਸੁੰਦਰਨਗਰ ਦੇ ਨਿਵਾਸੀ ਸ੍ਰੀਮਤੀ ਸਰੋਜ ਨੇ ਕੀਤੀ ਸੀ ਕਿਉਂਕਿ ਉਨ੍ਹਾਂ ਦੇ ਪਤੀ ਹਰਜਿੰਦਰ ਸਿੰਘ ਵੀ 14 ਪੀੜਤਾਂ `ਚ ਸ਼ਾਮਲ ਹਨ। ਦੋਵੇਂ ਟ੍ਰੈਵਲ ਏਜੰਟਾਂ ਵਿਰੁੱਧ ਭਾਵੇਂ ਕੇਸ ਦਰਜ ਕਰ ਲਿਆ ਗਿਆ ਹੈ ਪਰ ਹਾਲੇ ਤੱਕ ਗ੍ਰਿਫ਼ਤਾਰੀ ਕੋਈ ਨਹੀਂ ਹੋਈ।
ਇਨ੍ਹਾਂ ਟ੍ਰੈਵਲ ਏਜੰਟਾਂ ਨੇ ਐਂਵੇਂ ਲਾਰਾ ਲਾ ਦਿੱਤਾ ਸੀ ਕਿ ਜਿਸ ਕੰਪਨੀ `ਚ ਕੰਮ ਕਰਨ ਲਈ ਉਹ ਜਾ ਰਹੇ ਹਨ, ਤਿੰਨ ਮਹੀਨਿਆਂ ਬਾਅਦ ਉਹ ਖ਼ੁਦ ਉਨ੍ਹਾਂ ਦੇ ਵਰਕ-ਵੀਜ਼ੇ ਦਾ ਇੰਤਜ਼ਾਮ ਕਰੇਗੀ।