ਪੰਜਾਬ ਦੀ ਜਵਾਨੀ ਨੂੰ ਦਿਨੋਂ ਦਿਨ ਖਾ ਰਿਹੇ ਨਸ਼ੇ ਦੇ ਦੈਂਤ ਨੇ ਬੀਤੇ ਦਿਨ ਬਰਨਾਲਾ ਜ਼ਿਲ੍ਹੇ ਦੇ ਦੋ ਨੌਜਵਾਨਾਂ ਖਾ ਲਿਆ। ਨਸ਼ੇ ਦੀ ਮਾਰ ਹੇਠ ਆਏ ਦੋ ਨੌਜਵਾਨਾਂ ਨੇ ਇਕੱਠੇ ਇਕ ਬੋਹੜ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਬੀਹਲਾ ਦੀ ਇਸ ਮੰਦਭਾਗੀ ਘਟਨਾ ਨੇ ਸਰਕਾਰ ਦੇ ਉਨ੍ਹਾਂ ਦਾਅਵਾ ਦੀ ਦੀ ਪੋਲ ਖੋਲ੍ਹ ਦਿੱਤੀ ਜਿਸ ਵਿਚ ਨਸ਼ੇ ਨੂੰ ਖਤਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨਾਂ ਦੀ ਪਹਿਚਾਣ 20 ਸਾਲਾ ਜਸਵਿੰਦਰ ਸਿੰਘ ਤੇ 24 ਸਾਲਾ ਗੁਰਕੀਰਤ ਸਿੰਘ ਵਜੋਂ ਹੋਈ ਹੈ। ਬੀਤੀ ਦੇਰ ਸ਼ਾਮ ਤੋਂ ਘਰੋਂ ਗਾਇਬ ਉਕਤ ਨੌਜਵਾਨਾਂ ਦੀਆਂ ਪਿੰਡ ਦੀ ਅਨਾਜ ਮੰਡੀ ਵਿਖੇ ਇੱਕ ਬੋਹੜ ਦੇ ਦਰੱਖ਼ਤ ਨਾਲ ਲਟਕਦੀਆਂ ਲਾਸ਼ਾਂ ਸਵੇਰ ਸਮੇਂ ਲੋਕਾਂ ਨੇ ਦੇਖੀਆਂ। ਕਿਸਾਨ ਪਰਿਵਾਰ ਨਾਲ ਸਬੰਧਿਤ ਉਕਤ ਦੋਵੇਂ ਨੌਜਵਾਨ ਦੇ ਨਸ਼ੇ ਦੇ ਆਦੀ ਹੋਣ ਦਾ ਚਸ਼ਮਦੀਦ ਜ਼ਿਕਰ ਕਰ ਰਹੇ ਸਨ। ਮੌਤ ਦੇ ਅਸਲ ਕਾਰਨਾਂ ਦਾ ਪੋਸਟ ਮਾਰਟਮ ਰਿਪੋਰਟ ਉਪਰੰਤ ਹੀ ਪਤਾ ਲੱਗੇਗਾ ਪਰ ਪੀੜਤ ਪਰਿਵਾਰਕ ਮੈਂਬਰਾਂ ਨੇ ਆਪਣੇ ਬੱਚਿਆਂ ਦੇ ਨਸ਼ੇ ਦੀ ਬਿਮਾਰੀ ਤੋਂ ਪੀੜਤ ਹੋਣਾ ਮੰਨਿਆ ਹੈ।
ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਪੋਸਟ ਮਾਰਟਮ ਹਿੱਤ ਭੇਜਿਆ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।