ਭਾਰਤ ’ਚ ਇੰਗਲੈਂਡ (UK - United Kingdom) ਦੇ ਹਾਈ ਕਮਿਸ਼ਨਰ ਡੌਮਿਨਿਕ ਐਸਕੁਇਦ ਅੱਜ ਖ਼ਾਸ ਤੌਰ ਉੱਤੇ ਅੰਮ੍ਰਿਤਸਰ ਸਥਿਤ ਜੱਲ੍ਹਿਆਂਵਾਲਾ ਬਾਗ਼ ਦੀ ਰਾਸ਼ਟਰੀ ਯਾਦਗਾਰ ਵੇਖਣ ਲਈ ਆਏ। ਉਨ੍ਹਾਂ 100 ਵਰ੍ਹੇ ਪਹਿਲਾਂ ਆਪਣੇ ਹੀ ਦੇਸ਼ ਦੀ ਉਦੋਂ ਦੀ ਸਰਕਾਰ ਵੱਲੋਂ ਇਸੇ ਬਾਗ਼ ਵਿੱਚ ਸ਼ਹੀਦ ਕੀਤੇ ਗਏ ਆਜ਼ਾਦੀ ਦੇ ਪਰਵਾਨਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਤਸਵੀਰ: ਸਮੀਰ ਸਹਿਗਲ
ਬਰਤਾਨਵੀ ਹਾਈ ਕਮਿਸ਼ਨਰ ਨੇ ਇਸ ਮੌਕੇ ਜੱਲ੍ਹਿਆਂਵਾਲਾ ਬਾਗ਼ ਵਿਖੇ ਮੌਜੂਦ ਮੁਲਾਕਾਤੀਆਂ ਦੀ ਪੁਸਤਕ ਵਿੱਚ ਲਿਖਿਆ ਕਿ – ‘ਜੱਲ੍ਹਿਆਂਵਾਲਾ ਬਾਗ਼ ਵਿਖੇ 100 ਵਰ੍ਹੇ ਪਹਿਲਾਂ ਵਾਪਰੀ ਇਹ ਘਟਨਾ ਬ੍ਰਿਟਿਸ਼–ਭਾਰਤੀ ਇਤਿਹਾਸ ਦਾ ਇੱਕ ਸ਼ਰਮਨਾਕ ਕਾਰਾ ਹੈ। ਉਸ ਵੇਲੇ ਜੋ ਕੁਝ ਵੀ ਵਾਪਰਿਆ ਤੇ ਦੁੱਖ ਝੱਲਣੇ ਪਏ, ਸਾਨੂੰ ਇਸ ਲਈ ਬਹੁਤ ਅਫ਼ਸੋਸ ਹੈ। ਮੈਨੂੰ ਖ਼ੁਸ਼ੀ ਹੈ ਕਿ ਇਸ ਵੇਲੇ ਇੰਗਲੈਂਡ ਤੇ ਭਾਰਤ 21ਵੀਂ ਸਦੀ ਵਿੱਚ ਦੁਵੱਲੇ ਸਬੰਧ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹਨ।’
ਚੇਤੇ ਰਹੇ ਕਿ ਬੀਤੇ ਦਿਨੀਂ ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਵੀ ਇਸ ਖ਼ੂਨੀ ਸਾਕੇ ਉੱਤੇ ਅਫ਼ਸੋਸ ਤਾਂ ਪ੍ਰਗਟਾਇਆ ਸੀ ਪਰ ਮਾਫ਼ੀ ਨਹੀਂ ਮੰਗੀ ਸੀ। ਉਨ੍ਹਾਂ ਇਸ ਘਟਨਾ ਨੂੰ ‘ਬ੍ਰਿਟਿਸ਼–ਭਾਰਤ ਦੇ ਇਤਿਹਾਸ ਲਈ ਇੱਕ ਸ਼ਰਮਨਾਥ ਦਾਗ਼’ ਕਰਾਰ ਦਿੱਤਾ ਸੀ।