ਬਹਿਬਲ ਕਲਾਂ ਗੋਲੀਕਾਂਡ ਨਾਲ ਸਬੰਧਤ ਮਾਮਲੇ ਵਿੱਚ SIT (Special Investigation Team – ਵਿਸ਼ੇਸ਼ ਜਾਂਚ ਟੀਮ) ਦੀ ਸੁਣਵਾਈ ਦਾ ਸਾਹਮਣਾ ਕਰ ਰਹੇ ਮੁਅੱਤਲ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਹੋ ਗਈ। ਫ਼ਰੀਦਕੋਟ ਦੀ ਜ਼ਿਲ੍ਹਾ ਤੇ ਸੈਸ਼ਨਜ਼ ਅਦਾਲਤ ਵੱਲੋਂ ਅੱਜ ਉਨ੍ਹਾਂ ਨੂੰ ਇਹ ਰਾਹਤ ਮਿਲੀ।
ਸ੍ਰੀ ਉਮਰਾਨੰਗਲ ਇਸ ਵੇਲੇ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਕੈਦ ਹਨ ਤੇ ਅੱਜ ਹੀ ਉਨ੍ਹਾਂ ਦੀ ਰਿਹਾਈ ਵੀ ਹੋ ਸਕਦੀ ਹੈ।
ਚੇਤੇ ਰਹੇ ਕਿ ਜਿਸ ਦਿਨ ਤੋਂ ਹਾਈ ਕੋਰਟ ਨੇ ਆਈਜੀ (IG) ਸ੍ਰੀ ਉਮਰਾਨੰਗਲ ਨੂੰ ਬਹਿਬਲ ਕਲਾਂ ਕਾਂਡ ਤੋਂ ਹੋਰ ਮਾਮਲਿਆਂ ਵਿੱਚ ਗ੍ਰਿਫ਼ਤਾਰੀ ਦੇ ਮਾਮਲੇ ਵਿੱਚ ਰਾਹਤ ਦਿੱਤੀ ਹੈ, ਉਸੇ ਦਿਨ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਹ ਸਟੈਂਡ ਅਖ਼ਤਿਆਰ ਕਰ ਲਿਆ ਹੈ ਕਿ ਉਹ ‘ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਬਣਾਈ SIT ਨੂੰ ਮੁੱਢੋਂ ਰੱਦ ਕਰਦੇ ਹਨ ਕਿਉਂਕਿ ਇਹ ਸਿਆਸੀ ਹਿਤਾਂ ਤੋਂ ਪ੍ਰੇਰਿਤ ਹੈ ਤੇ ਪੱਖਪਾਤੀ ਹੈ।‘