ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਰੇਸ ਅੱਜ-ਕੱਲ੍ਹ ਤਿੰਨ ਦਿਨਾਂ ਦੇ ਸਰਕਾਰੀ ਦੌਰੇ `ਤੇ ਭਾਰਤ ਪੁੱਜੇ ਹੋਏ ਹਨ। ਬੁੱਧਵਾਰ ਨੂੰ ਉਨ੍ਹਾਂ ਦਾ ਅੰਮ੍ਰਿਤਸਰ `ਚ ਸ੍ਰੀ ਹਰਿਮੰਦਰ ਸਾਹਿਬ ਆ ਕੇ ਮੱਥਾ ਟੇਕਣ ਦਾ ਵੀ ਪ੍ਰੋਗਰਾਮ ਹੈ।
ਸ੍ਰੀ ਐਂਟੋਨੀਓ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸੰਯੁਕਤ ਰਾਸ਼ਟਰ ਦੇ ਪਹਿਲੇ ਮੁਖੀ ਹੋਣਗੇ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ ਬਾਰੇ ਕੇਂਦਰੀ ਰਾਜ ਮੰਤਰੀ (ਆਜ਼ਾਦ ਚਾਰਜ) ਹਰਦੀਪ ਸਿੰਘ ਪੁਰੀ ਅਤੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਸੰਯੁਕਤ ਰਾਸ਼ਟਰ ਮੁਖੀ ਦਾ ਸੁਆਗਤ ਕਰਨ ਲਈ ਪੁੱਜਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਜਨਰਲ ਸਕੱਤਰ ਅੰਮ੍ਰਿਤਸਰ ਦੇ ਇੱਕ ਹੋਟਲ `ਚ ਜਾਣਗੇ।
ਉੱਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸੰਯੁਕਤ ਰਾਸ਼ਟਰ ਦੇ ਮੁਖੀ ਦੇ ਸੁਆਗਤ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਸ੍ਰੀ ਐਂਟੋਨੀਓ ਗੁਤਰੇਸ ਦੇ ਅੰਮ੍ਰਿਤਸਰ ਆਉਣ ਤੋਂ ਪਹਿਲਾਂ ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਕੋਲ ਸਿੱਖਾਂ ਦੇਮਸਲੇ ਚਿਰੋਕਣੇ ਮੁਲਤਵੀ ਪਏ ਹਨ ਤੇ ਉਨ੍ਹਾਂ ਨੇ ਇਸ ਸਬੰਧੀ ਸ੍ਰੀ ਗੁਤਰੇਸ ਨੂੰ ਇੱਕ ਚਿੱਠੀ ਵੀ ਭੇਜੀ ਹੈ। ਉਸ ਵਿੱਚ ਸੰਯੁਕਤ ਰਾਸ਼ਟਰ ਤੋਂ ਨਵੰਬਰ 1984 ਦੌਰਾਨ ਭਾਰਤ `ਚ ਵਾਪਰੀਆਂ ਘਟਨਾਵਾਂ ਦੀ ਕੌਮਾਂਤਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ।