ਜ਼ਿਲ੍ਹੇ 'ਚ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ 100 ਫ਼ੀਸਦੀ ਟੀਕਾਕਰਨ ਯਕੀਨੀ ਬਣਾਉਣ ਦੇ ਮਕਸਦ ਨਾਲ ਜ਼ਿਲ੍ਹਾ ਸਿਹਤ ਵਿਭਾਗ ਨੇ ਬੁੱਧਵਾਰ ਨੂੰ ਜ਼ਿਲ੍ਹੇ ਵਿਚ ਵਿਆਪਕ ਜਾਂਚ ਮੁਹਿੰਮ ਵਿੱਢੀ। ਸਿਵਲ ਸਰਜਨ ਡਾ. ਮਨਜੀਤ ਸਿੰਘ ਦੀ ਅਗਵਾਈ ਵਿਚ ਜ਼ਿਲ੍ਹੇ ਦੇ ਤਮਾਮ ਸੀਨੀਅਰ ਸਿਹਤ ਅਧਿਕਾਰੀਆਂ ਨੇ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ 'ਤੇ ਸਰਕਾਰੀ ਸਬ-ਸੈਂਟਰਾਂ ਅਤੇ ਡਿਸਪੈਂਸਰੀਆਂ ਵਿਚ ਜਾ ਕੇ ਟੀਕਾਕਰਨ ਦਾ ਜਾਇਜ਼ਾ ਲਿਆ ਅਤੇ ਸਬੰਧਤ ਸਟਾਫ਼ ਨੂੰ ਜ਼ਰੂਰੀ ਹਦਾਇਤਾਂ ਵੀ ਦਿਤੀਆਂ।
ਡਾ. ਮਨਜੀਤ ਸਿੰਘ ਨੇ ਦਸਿਆ ਕਿ ਬੁਧਵਾਰ ਨੂੰ ਮਨਾਏ ਜਾਂਦੇ 'ਮਮਤਾ ਦਿਵਸ' ਮੌਕੇ ਅਚਨਚੇਤ ਵਿੱਢੀ ਗਈ ਇਸ ਮੁਹਿੰਮ ਦੌਰਾਨ ਸਿਹਤ ਅਧਿਕਾਰੀਆਂ ਨੇ ਟੀਕਾਕਰਨ ਸੈਸ਼ਨਾਂ ਦਾ ਨਿਰੀਖਣ ਕੀਤਾ। ਅਧਿਕਾਰੀਆਂ ਨੇ ਜਿਥੇ ਨਵਜਨਮੇ ਅਤੇ ਹੋਰ ਬੱਚਿਆਂ ਨੂੰ ਜ਼ਰੂਰੀ ਟੀਕੇ ਲਾਏ ਜਾਣ ਦੇ ਕੰਮ ਦਾ ਮੌਕੇ 'ਤੇ ਜਾਇਜ਼ਾ ਲਿਆ, ਉਥੇ ਗਰਭਵਤੀ ਔਰਤਾਂ ਦੀ ਜਾਂਚ, ਟੀਕਾਕਰਨ ਅਤੇ ਸਿਹਤ ਸੰਭਾਲ ਬਾਰੇ ਵੀ ਜਾਣਿਆ।
ਸਿਵਲ ਸਰਜਨ ਨੇ ਖ਼ੁਦ ਬਨੂੜ ਦੇ ਕਮਿਊਨਿਟੀ ਸਿਹਤ ਕੇਂਦਰ, ਬਨੂੜ ਲਾਗਲੇ ਪਿੰਡਾਂ ਜੰਗਪੁਰਾ ਅਤੇ ਧਰਮਗੜ ਦੇ ਸਬ-ਸੈਂਟਰਾਂ ਵਿਖੇ ਜਾ ਕੇ ਜ਼ਰੂਰੀ ਰਜਿਸਟਰਾਂ, ਰੀਕਾਰਡ ਆਦਿ ਦੀ ਚੈÎਕਿੰਗ ਕੀਤੀ ਅਤੇ ਸਟਾਫ਼ ਕੋਲੋਂ ਦਿਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਜਾਣਿਆ। ਉਨ੍ਹਾਂ ਨਾਲ ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ ਵੀ ਸਨ।
ਸਿਵਲ ਸਰਜਨ ਨੇ ਦਸਿਆ ਕਿ ਜ਼ਿਆਦਾਤਰ ਸੈਸ਼ਨਾਂ ਮੌਕੇ ਟੀਕਾਕਰਨ, ਮੁਢਲੀ ਜਾਂਚ ਅਤੇ ਜਾਗਰੂਕਤਾ ਦਾ ਕੰਮ ਤਸੱਲੀਬਖ਼ਸ਼ ਸੀ ਅਤੇ ਜਿਥੇ ਕਿਤੇ ਕੁੱਝ ਕਮੀਆਂ ਸਨ, ਉਨ੍ਹਾਂ ਨੂੰ ਫ਼ੌਰੀ ਤੌਰ 'ਤੇ ਦਰੁਸਤ ਕਰਨ ਲਈ ਨਿਰਦੇਸ਼ ਦਿਤੇ ਗਏ ਹਨ। ਉੱਚ ਜੋਖਮ ਵਾਲੀਆਂ ਗਰਭਵਤੀ ਔਰਤਾਂ ਦੀ ਸਿਹਤ ਵਲ ਵਿਸ਼ੇਸ਼ ਤਵੱਜੋ ਦੇਣ ਦੀ ਹਦਾਇਤ ਦਿਤੀ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਜ਼ਿਲ੍ਹੇ ਵਿਚ ਕੋਈ ਵੀ ਬੱਚਾ ਅਤੇ ਗਰਭਵਤੀ ਔਰਤ ਟੀਕਾਕਰਨ ਤੋਂ ਵਾਂਝਾ ਨਾ ਰਹੇ। ਸਬ-ਸੈਂਟਰ ਪੱਧਰ 'ਤੇ ਲੋਕਾਂ ਨੂੰ ਮਿਆਰੀ ਅਤੇ ਚੰਗੀਆਂ ਸਿਹਤ ਸਹੂਲਤਾਂ ਦਿਤੀਆਂ ਜਾਣ।
ਉਨ੍ਹਾਂ ਕਿਹਾ ਕਿ ਨਵਜਨਮੇ ਅਤੇ ਦੂਜੇ ਬੱਚਿਆਂ ਨੂੰ ਸਮੇਂ-ਸਮੇਂ 'ਤੇ ਸਾਰੇ ਜ਼ਰੂਰੀ ਟੀਕੇ ਲਗਣੇ ਚਾਹੀਦੇ ਹਨ ਤਾਕਿ ਉਨ੍ਹਾਂ ਦਾ ਸਹੀ ਤਰੀਕੇ ਨਾਲ ਸਰੀਰਕ ਵਿਕਾਸ ਹੋ ਸਕੇ ਅਤੇ ਬੀਮਾਰੀਆਂ ਤੋਂ ਬਚਾਅ ਹੋ ਸਕੇ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਅਪਣੇ ਨੇੜਲੀ ਸਰਕਾਰੀ ਡਿਸਪੈਂਸਰੀ ਜਾਂ ਸਬ ਸੈਂਟਰ ਵਿਚ ਹਰ ਬੁੱਧਵਾਰ ਜਾ ਕੇ ਬੱਚਿਆਂ ਦੇ ਜ਼ਰੂਰੀ ਟੀਕੇ ਜ਼ਰੂਰ ਲਗਵਾਉਣ ਜੋ ਬਿਲਕੁਲ ਮੁਫ਼ਤ ਲਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ ਜਿਨ੍ਹਾਂ ਦਾ ਤੰਦਰੁਸਤ ਹੋਣਾ ਬਹੁਤ ਜ਼ਰਰੀ ਹੈ ਤੇ ਤੰਦਰੁਸਤੀ ਲਈ ਟੀਕਾਕਰਨ ਹੋਣਾ ਲਾਜ਼ਮੀ ਹੈ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨਾ ਜਰੇਵਾਲ ਨੇ ਬੂਥਗੜ• ਏਰੀਏ ਵਿਚ ਜਾ ਕੇ ਟੀਕਾਕਰਨ ਸੈਸ਼ਨ ਦਾ ਨਿਰੀਖਣ ਕੀਤਾ। ਇਸੇ ਤਰ੍ਹਾਂ ਜ਼ਿਲ੍ਹਾ ਪਰਵਾਰ ਨਿਯੋਜਨ ਅਫ਼ਸਰ ਡਾ. ਨਿਧੀ ਨੇ ਘੜੂੰਆਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਗੀਤਾ ਜੈਨ ਨੇ ਡੇਰਾਬਸੀ ਇਲਾਕੇ ਵਿਚ ਪੈਂਦੇ ਵੱਖ ਵੱਖ ਸਬ-ਸੈਂਟਰਾਂ ਵਿਚ ਜਾ ਕੇ ਜਾਇਜ਼ਾ ਲਿਆ। ਐਸਐਮਓ ਡਾ. ਕੁਲਜੀਤ ਕੌਰ, ਡਾ. ਦਲਬਾਗ਼ ਸਿੰਘ ਡਾ. ਭੁਪਿੰਦਰ ਸਿੰਘ ਨੇ ਵੀ ਵੱਖ ਵੱਖ ਸਬ-ਸੈਂਟਰਾਂ ਦੀ ਚੈਕਿੰਗ ਕੀਤੀ।