ਤਸਵੀਰਾਂ: ਏਐੱਨਆਈ
ਭਾਰਤੀ ਰੇਲਵੇਜ਼ ਨੇ ‘ਵੰਦੇ ਭਾਰਤ’ ਐਕਸਪ੍ਰੈੱਸ ਰੇਲ–ਗੱਡੀ ਦਾ ਅੱਜ ਸਫ਼ਲ ਪਰੀਖਣ ਕੀਤਾ ਹੈ। ਇਹ ਰੇਲ–ਗੱਡੀ ਕੱਲ੍ਹ ਦਿੱਲੀ–ਕਟੜਾ ਰੂਟ ਉੱਤੇ ਚਲਾਈ ਗਈ ਸੀ। ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਇਹ ਐਕਸਪ੍ਰੈੱਸ ਰੇਲ ਸੇਵਾ ਬਹੁਤ ਲਾਹੇਵੰਦ ਸਿੱਧ ਹੋਣ ਵਾਲੀ ਹੈ।
ਇਸ ਰੇਲ ਗੱਡੀ ਨੂੰ ‘ਟਰੇਨ 18’ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਹ ਰੇਲ–ਗੱਡੀ ਕੱਲ੍ਹ ਸਵੇਰੇ 6 ਵਜੇ ਦਿੱਲੀ ਤੋਂ ਕਟੜਾ ਲਈ ਚੱਲੀ ਸੀ ਤੇ ਇਹ ਦੁਪਹਿਰੇ 2 ਵਜੇ ਕਟੜਾ ਪੁੱਜਣਾ ਸੀ।
ਇਹ ਰੇਲ–ਗੱਡੀ ਸਵੇਰੇ 8:06 ਵਜੇ ਅੰਬਾਲਾ ਛਾਉਣੀ ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ ਨੰਬਰ 6 ’ਤੇ ਪੁੱਜ ਗਈ ਸੀ ਤੇ ਉਹ ਵੀ ਆਪਣੇ ਨਿਰਧਾਰਤ ਸਮੇਂ ਤੋਂ 4 ਮਿੰਟ ਪਹਿਲਾਂ।
ਅੰਬਾਲਾ ਤੋਂ ਇਹ ਰੇਲ–ਗੱਡੀ ਸਵੇਰੇ 8:12 ਵਜੇ ਰਵਾਨਾ ਹੋ ਗਈ। ਅੰਬਾਲਾ ਤੋਂ ਬਾਅਦ ਇਹ ਰੇਲ–ਗੱਡੀ 9:17 ਵਜੇ ਲੁਧਿਆਣਾ ਪੁੱਜ ਗਈ ਸੀ; ਜੋ ਕਿ ਨਿਰਧਾਰਤ ਸਮੇਂ ਤੋਂ 2 ਮਿੰਟ ਪਹਿਲਾਂ ਸੀ। ਫਿਰ ਇੱਥੋਂ ਇਹ ਰੇਲ–ਗੱਡੀ ਨਿਰਧਾਰਤ ਸਮੇਂ ਤੋਂ ਪੰਜ ਮਿੰਟਾਂ ਦੀ ਦੇਰੀ ਨਾਲ 9:26 ਵਜੇ ਰਵਾਨਾ ਹੋਈ।
ਇਹ ਰੇਲ–ਗੱਡੀ 12:38 ਵਜੇ ਜੰਮੂ ਪੁੱਜ ਗਈ ਸੀ ਤੇ ਸਹੀ 2 ਵਜੇ ਇਹ ਰੇਲ ਕਟੜਾ ਪੁੱਜੀ ਸੀ। ਅੱਜ ਇਹ ਰੇਲ–ਗੱਡੀ ਉਸੇ ਰਫ਼ਤਾਰ ਨਾਲ ਦਿੱਲੀ ਪਰਤ ਰਹੀ ਹੈ।
ਇਹ ਪੂਰੀ ਤਰ੍ਹਾਂ ਏਅਰ–ਕੰਡੀਸ਼ਨਡ ਗੱਡੀ ਹੈ।