ਅੱਜ ਪੰਜਾਬ ’ਚ ਦਰਮਿਆਨੀ ਤੋਂ ਭਾਰੀ ਵਰਖਾ ਹੋਈ। ਜਿਸ ਕਾਰਨ ਜਿੱਥੇ ਸਮੁੱਚੇ ਇਲਾਕੇ ’ਚ ਤਾਪਮਾਨ ਹੋਰ ਡਿੱਗ ਪਿਆ, ਉੱਥੇ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਮੌਕੇ ਭਲਕੇ ਹੋਣ ਵਾਲੀਆਂ ਸਿਆਸੀ ਕਾਨਫ਼ਰੰਸਾਂ ਇਸ ਮੀਂਹ ਕਾਰਨ ਫਿੱਕੀਆਂ ਰਹਿਣ ਦੀ ਸੰਭਾਵਨਾ ਵੀ ਬਣ ਗਈ ਹੈ।
ਪੰਜਾਬ ਤੇ ਹਰਿਆਣਾ ’ਚ ਕੁਝ ਸਥਾਨਾਂ ’ਤੇ ਮੀਂਹ ਨਾਲ ਗੜੇ ਵੀ ਪਏ ਹਨ; ਜਿਸ ਕਾਰਨ ਕਿਸਾਨ ਆਪਣੀਆਂ ਫ਼ਸਲਾਂ ਨੂੰ ਲੈ ਕੇ ਕੁਝ ਚਿੰਤਤ ਹੋ ਗਏ ਹਨ।
ਸਰਬਮੀਤ ਸਿੰਘ ਦੀ ਰਿਪੋਰਟ ਮੁਤਾਬਕ ਅੱਜ ਮੌਸਮ ਤੇ ਮਾਹੌਲ ਦਾ ਜਾਇਜ਼ਾ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਸ੍ਰੀ ਮੁਕਤਸਰ ਸਾਹਿਬ ਵਿਖੇ ਪੁੱਜੇ। ਜਿਸ ਮੈਦਾਨ ’ਚ ਭਲਕੇ ਮੰਗਲਵਾਰ ਦੀ ਰੈਲੀ ਲਈ ਕਨਾਤਾਂ ਲਾਈਆਂ ਗਈਆਂ ਸਨ; ਉੱਥੇ ਅੱਜ ਪਾਣੀ ਹੀ ਪਾਣੀ ਹੋ ਗਿਆ ਸੀ ਤੇ ਭਲਕੇ ਦੀ ਸਿਆਸੀ ਕਾਨਫ਼ਰੰਸ ਉਸ ਮੈਦਾਨ ’ਚ ਨਹੀਂ ਹੋ ਸਕਦੀ ਸੀ।
ਇਸੇ ਲਈ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਤੁਰੰਤ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਕਾਨਫ਼ਰੰਸ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਰਿਜ਼ੌਰਟ ’ਚ ਕਰਵਾਉਣ ਦਾ ਐਲਾਨ ਕੀਤਾ।
ਅੱਜ ਮੋਹਾਲੀ ’ਚ ਵੀ ਮੀਂਹ ਦੇ ਨਾਲ ਕਾਫ਼ੀ ਤੇਜ਼ ਝੱਖੜ ਝੁੱਲਿਆ। ਉਸ ਨਾਲ ਜਿੱਥੇ ਕਈ ਰੁੱਖ ਵੀ ਟੁੱਟ ਗਏ, ਉੱਥੇ ਪੰਜਾਬ ਸਕੂਲ ਸਿੱਖਿਆ ਬੋਰਡ ਲਾਗੇ ਵੱਡੇ ਬੈਨਰ ਸੜਕ ਉੱਤੇ ਡਿੱਗ ਪਏ। ਪਰ ਖ਼ੁਸ਼ਕਿਸਮਤੀ ਨਾਲ ਉੱਥੇ ਕਿਸੇ ਨੂੰ ਕੋਈ ਸੱਟ–ਫੇਟ ਲੱਗਣ ਤੋਂ ਬਚਾਅ ਹੀ ਰਿਹਾ। (ਤਸਵੀਰ: ਸੰਜੀਵ ਸ਼ਰਮਾ)।
ਅੱਜ ਪੰਜਾਬ ’ਚ ਬਹੁਤੇ ਸਥਾਨਾਂ ’ਤੇ ਦੁਪਹਿਰ ਸਮੇਂ ਸੰਘਣੇ ਬੱਦਲ ਛਾ ਜਾਣ ਕਾਰਨ ਹਨੇਰਾ ਛਾ ਗਿਆ। ਉਸ ਤੋਂ ਬਾਅਦ ਦਰਮਿਆਨੀ ਤੋਂ ਭਾਰੀ ਵਰਖਾ ਪਈ। ਮੀਂਹ ਦੇ ਨਾਲ ਤੇਜ਼ ਬਰਫ਼ਾਨੀ ਹਵਾਵਾਂ ਵੀ ਚੱਲਦੀਆਂ ਰਹੀਆਂ।
ਉੱਧਰ ਜੰਮੂ–ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਦੀਆਂ ਉੱਚੀਆਂ ਪਹਾੜੀਆਂ ’ਤੇ ਅੱਜ ਭਾਰੀ ਬਰਫ਼ਬਾਰੀ ਹੋਈ; ਜਿਸ ਕਾਰਨ ਆਮ ਜਨ–ਜੀਵਨ ਠੱਪ ਹੋ ਗਿਆ।
ਜੰਮੂ–ਕਸ਼ਮੀਰ ਦੇ ਬੰਦੀਪੁਰਾ ਵਿਖੇ ਬਰਫ਼ਾਨੀ ਤੋਦੇ ਖਿਸਕਣ ਨਾਲ ਤਿੰਨ ਮਕਾਨ ਤਬਾਹ ਹੋ ਗਏ।