ਭਾਰਤ ਦੇ ਉੱਪ–ਰਾਸ਼ਟਰਪਤੀ (VP – Vice President) ਸ੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਅੰਮ੍ਰਿਤਸਰ ’ਚ ਜੱਲਿਆਂਵਾਲਾ ਬਾਗ਼ ਦੇ ਦਰਸ਼ਨ ਕਰਦਿਆਂ ਭਾਰਤ ਵਿੱਚ ਬ੍ਰਿਟਿਸ਼ ਹਕੂਮਤ ਦੇ ਸਭ ਤੋਂ ਕਾਲੇ ਅਧਿਆਇ ਤੇ ਮਨੁੱਖੀ ਇਤਿਹਾਸ ਦੇ ਸਭ ਤੋਂ ਖ਼ੂਨੀ ਸਾਕੇ ਜੱਲ੍ਹਿਆਂਵਾਲਾ ਬਾਗ਼ ਕਤਲੇਆਮ ਦੀ 100ਵੀਂ ਬਰਸੀ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਭਾਰਤ ਸਰਕਾਰ ਦੇ ਸਭਿਆਚਾਰ ਮੰਤਰਾਲੇ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਇਸ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ ਸੀ।
ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਵੀ ਮੌਜੂਦ ਸਨ।
ਸ੍ਰੀ ਨਾਇਡੂ ਨੇ ਜੱਲ੍ਹਿਆਂਵਾਲਾ ਬਾਗ਼ ਸਮਾਰਕ ਉੱਤੇ 100ਵੀਂ ਬਰਸੀ ਮੌਕੇ ਇੱਕ ਯਾਦਗਾਰੀ ਸਿੱਕਾ ਤੇ ਇੱਕ ਡਾਕ–ਟਿਕਟ ਜਾਰੀ ਕੀਤਾ। ਉੱਪ–ਰਾਸ਼ਟਰਪਤੀ ਨੂੰ ਸਮਾਰਕ ਨੂੰ ਨਵਾਂ ਰੰਗ–ਰੂਪ ਦੇਣ ਨਾਲ ਸਬੰਧਤ ਪ੍ਰਸਤਾਵਿਤ ਕੰਮਾਂ ਦੀ ਵੀ ਜਾਣਕਾਰੀ ਦਿੱਤੀ ਗਈ।
ਸ੍ਰੀ ਨਾਇਡੂ ਨੇ ਟਵੀਟ ਕਰਦਿਆਂ ਕਿਹਾ ਕਿ ਜੱਲ੍ਹਿਆਂਵਾਲਾ ਬਾਗ਼ ਕਤਲੇਆਮ ਸਾਡੇ ਵਿੱਚੋਂ ਹਰੇਕ ਨੂੰ ਇਹ ਚੇਤੇ ਕਰਵਾਉਂਦਾ ਹੈ ਕਿ ਸਾਡੀ ਆਜ਼ਾਦੀ ਕਿੰਨੀ ਔਖੀ ਤੇ ਵਡਮੁੱਲੀ ਹੈ। ਉਨ੍ਹਾਂ ਕਿਹਾ ਕਿ ਇਹ ਮੰਦਭਾਗੀ ਘਟਨਾ 1919 ਵਿੱਚ ਵਿਸਾਖੀ ਦੇ ਦਿਨ ਢਾਹੇ ਗਏ ਬਸਤੀਵਾਦੀ ਜ਼ੁਲਮ ਤੇ ਬੁੱਧੀਹੀਣ ਗੁੱਸੇ ਨੂੰ ਦਰਸਾਉਂਦੀ ਹੈ।