ਦੁਸਹਿਰੇ ਵਾਲੇ ਦਿਨ ਬੀਤੇ ਸ਼ੁੱਕਰਵਾਰ ਅੰਮ੍ਰਿਤਸਰ `ਚ ਰੇਲ ਹੇਠਾਂ ਆ ਕੇ ਮਾਰੇ ਗਏ 61 ਵਿਅਕਤੀਆਂ ਨਾਲ ਸਬੰਧਤ ਹਰੇਕ ਪੀੜਤ ਪਰਿਵਾਰ ਦੇ ਇੱਕ-ਇੱਕ ਯੋਗ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਇਹ ਐਲਾਨ ਅੱਜ ਇੱਥੇ ਪੰਜਾਬ ਦੇ ਕੈਬਿਨੇਟ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਕੀਤਾ।
ਸ੍ਰੀ ਸਿੱਧੂ ਨੇ ਦੱਸਿਆ ਕਿ ਜੇ ਕਿਸੇ ਪੀੜਤ ਪਰਿਵਾਰ `ਚ ਕੋਈ ਨੌਕਰੀ-ਯੋਗ ਨੌਜਵਾਨ ਜਾਂ ਹੋਰ ਵਿਅਕਤੀ ਨਹੀਂ ਹੋਵੇਗਾ, ਤਾਂ ਉਸ ਪਰਿਵਾਰ ਨੂੰ ਸਰਕਾਰ ਦੀ ਤਰਫ਼ੋਂ ਪੈਨਸ਼ਨ ਮਿਲੇਗੀ। ਸ੍ਰੀ ਸਿੱਧੂ ਨੇ ਕਿਹਾ ਕਿ ਉਹ ਪੀੜਤ ਪਰਿਵਾਰਾਂ ਦੀ ਹਰ ਤਰ੍ਹਾਂ ਨਾਲ ਆਰਥਿਕ ਮਦਦ ਕਰਨ ਲਈ ਤਿਆਰ ਹਨ ਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਮੁਸੀਬਤਾਂ ਨਹੀਂ ਝੱਲਣ ਦਿੱਤੀਆਂ ਜਾਣਗੀਆਂ। ਦੁੱਖ ਦੀ ਇਸ ਘੜੀ `ਚ ਉਹ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣਗੇ।
ਸ੍ਰੀ ਸਿੱਧੂ ਨੇ ਦੱਸਿਆ ਕਿ ਉਂਝ ਬਹੁਤ ਸਾਰੇ ਲੋਕ ਇਸ ਦੁਖਾਂਤ ਕਾਰਨ ਯਤੀਮ ਹੋਏ ਬੱਚਿਆਂ ਨੁੰ ਅਪਨਾਉਣ ਲਈ ਅੱਗੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਅਜਿਹੇ ਬੱਚਿਆਂ ਨੂੰ ਸਿਰਫ਼ ਕਾਨੂੰਨੀ ਕਾਰਵਾਈਆਂ ਮੁਕੰਮਲ ਕਰਨ ਤੋਂ ਬਾਅਦ ਹੀ ਗੋਦ ਲੈਣ ਦੇਵੇਗੀ।
ਅੱਜ ਸ੍ਰੀ ਸਿੱਧੂ ਨੇ ਰੇਲ ਦੁਖਾਂਤ ਦੇ ਪੰਜ ਹੋਰ ਪੀੜਤ ਪਰਿਵਾਰਾਂ ਨੂੰ ਵਿੱਤੀ ਮਦਦ ਦੇ ਚੈੱਕ ਵੰਡੇ।
ਉਨ੍ਹਾਂ ਦੱਸਿਆ ਕਿ ਹੁਣ ਤੱਕ 46 ਪਰਿਵਾਰਾਂ ਨੂੰ ਵਿੱਤੀ ਮਦਦ ਦਿੱਤੀ ਜਾ ਚੁੱਕੀ ਹੈ ਤੇ ਬਾਕੀ ਰਹਿੰਦੇ 13 ਚੈੱਕ ਵੀ ਛੇਤੀ ਦੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਕੁਝ ਤੱਤ ਇਸ ਦੁਖਾਂਤ `ਤੇ ਵੀ ਸਿਆਸਤ ਖੇਡ ਰਹੇ ਹਨ।