ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਸੁਖਬੀਰ ਬਾਦਲ ਨੂੰ ਅਸਤੀਫ਼ਾ ਦੇ ਦੇਣਾ ਚਾਹੀਦੈ, ਲੋਕ ਉਸ ਤੋਂ ਗੁੱਸੇ ਨੇ: ਢੀਂਡਸਾ

ਸੁਖਬੀਰ ਬਾਦਲ ਨੂੰ ਅਸਤੀਫ਼ਾ ਦੇਣਾ ਚਾਹੀਦੈ, ਲੋਕ ਉਸ ਤੋਂ ਗੁੱਸੇ ਨੇ: ਢੀਂਡਸਾ

ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ੇ ਦੇਣ ਤੋਂ ਬਾਅਦ ਅੱਜ ਪਹਿਲੀ ਵਾਰ ਆਪਣੀ ਚੁੱਪੀ ਤੋੜਦਿਆਂ ਸੀਨੀਅਰ ਅਕਾਲੀ ਆਗੂ ਸ੍ਰੀ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਸਿੱਧਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਆਪਣਾ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਬਹੁਤ ਸਪੱਸ਼ਟ ਕਿਹਾ ਕਿ ਆਮ ਜਨਤਾ ਵਿੱਚ ਪਾਰਟੀ ਪ੍ਰਤੀ ਬਹੁਤ ਜ਼ਿਆਦਾ ਰੋਹ ਪਾਇਆ ਜਾ ਰਿਹਾ ਹੈ; ਜਿਸ ਕਾਰਨ ਸੁਖਬੀਰ ਬਾਦਲ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ  ਚਾਹੀਦਾ ਹੈ। ਹੋਰ ਤਾਂ ਹੋਰ, ਉਨ੍ਹਾਂ ਆਪਣੇ ਪੁੱਤਰ ਤੇ ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਵੀ ਲੋਕ ਸਭਾ ਚੋਣਾਂ ਨਾ ਲੜਨ ਦੀ ਸਲਾਹ ਦਿੱਤੀ ਹੈ।

 

 

‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਦੌਰਾਨ ਸ੍ਰੀ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਮੌਜੂਦਾ ਹਾਲਾਤ ਨੂੰ ਸੰਭਾਲਣ ਲਈ ਇੱਕ ਨਵੇਂ ਪ੍ਰਧਾਨ ਦੀ ਲੋੜ ਹੈ। ਸ੍ਰੀ ਢੀਂਡਸਾ ਨੇ ਸੁਖਬੀਰ ਬਾਦਲ ਖਿ਼ਲਾਫ਼ ਇੰਨਾ ਤਿੱਖਾ ਹਮਲਾ ਪਹਿਲਾਂ ਕਦੇ ਨਹੀਂ ਕੀਤਾ। ਪਿਛਲੇ ਵਰ੍ਹੇ ਸਤੰਬਰ ’ਚ ਜਦ ਤੋਂ ਉਨ੍ਹਾਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ ਹੈ, ਉਹ ਕਦੇ ਬੋਲੇ ਹੀ ਨਹੀਂ। ਉਹ ਕਦੇ ਪਾਰਟੀ ਦੇ ਕਿਸੇ ਸਮਾਰੋਹ ਵਿੱਚ ਵੀ ਨਹੀਂ ਗਏ। ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਭਾਵੇਂ ਉਨ੍ਹਾਂ ਨੂੰ ਮਨਾਉਣ ਲਈ ਕਈ ਵਾਰ ਬਿਆਨ ਦਿੱਤੇ ਪਰ ਉਨ੍ਹਾਂ ਕਿਸੇ ਦੀ ਇਕ ਨਹੀਂ ਸੁਣੀ।

 

 

ਸੁਖਬੀਰ ਬਾਦਲ ’ਤੇ ਸ੍ਰੀ ਢੀਂਡਸਾ ਦੇ ਇਸ ਸਿੱਧੇ ਹਮਲੇ ਨਾਲ ਸ਼੍ਰੋਮਣੀ ਅਕਾਲੀ ਦਲ ਵਿੱਚ ਯਕੀਨੀ ਤੌਰ ’ਤੇ ਤਾਜ਼ਾ ਤਰੇੜਾਂ ਪੈਦਾ ਹੋਣਗੀਆਂ। ਲੋਕ ਸਭਾ ਚੋਣਾਂ ਤੋਂ ਪਹਿਲਾਂ ਅਜਿਹਾ ਕੁਝ ਹੋਣ ਨਾਲ ਯਕੀਨੀ ਤੌਰ ’ਤੇ ਜਿੱਥੇ ਬਾਦਲਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ, ਉੱਥੇ ਪਾਰਟੀ ਨੂੰ ਵੀ ਵੱਡਾ ਝਟਕਾ ਲੱਗਣ ਵਾਲਾ ਹੈ।

 

 

ਪੰਜਾਬ ਦੀ ਮਾਝਾ ਪੱਟੀ ’ਚੋਂ ਪਹਿਲਾਂ ਹੀ ਤਿੰਨ ਸੀਨੀਅਰ ਟਕਸਾਲੀ ਅਕਾਲੀ ਆਗੂ ਸ੍ਰੀ ਰਣਜੀਤ ਸਿੰਘ ਬ੍ਰਹਮਪੁਰਾ (ਖਡੂਰ ਸਾਹਿਬ ਤੋਂ ਐੱਮਪੀ), ਸ੍ਰੀ ਸੇਵਾ ਸਿੰਘ ਸੇਖਵਾਂ ਅਤੇ ਡਾ. ਰਤਨ ਸਿੰਘ ਅਜਨਾਲਾ ਸ਼੍ਰੋਮਣੀ ਅਕਾਲੀ ਦਲ ਨੂੰ ਸਦਾ ਲਈ ਅਲਵਿਦਾ ਆਖ ਕੇ ਆਪਣਾ ਇੱਕ ਵੱਖਰਾ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਬਣਾ ਚੁੱਕੇ ਹਨ।

 

ਸ੍ਰੀ ਢੀ਼ਡਸਾ ਨੇ ਅੱਜ ਇਹ ਵੀ ਆਖਿਆ ਕਿ ਉਨ੍ਹਾਂ ਆਪਣੇ ਵਿਧਾਇਕ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਵੀ ਹੁਣ ਇਹੋ ਸਲਾਹ ਦਿੱਤੀ ਹੈ ਕਿ ਉਹ ਆਉਂਦੀਆਂ ਲੋਕ ਸਭਾ ਚੋਣਾਂ ਨਾ ਲੜੇ ਕਿਉਂਕਿ ਆਮ ਲੋਕਾਂ ਦਾ ਰੌਂਅ ਪਾਰਟੀ ਦੇ ਹੱਕ ਵਿੱਚ ਨਹੀਂ ਹੈ। ਉਨ੍ਹਾਂ ਆਖਿਆ,’ਪਾਰਟੀ ਪ੍ਰਤੀ ਲੋਕ–ਰੋਹ ਨਹੀਂ ਹੈ, ਸਗੋਂ ਇਹ ਰੋਹ ਖ਼ਾਸ ਆਗੂਆਂ ਵਿਰੁੱਧ ਹੈ। ਜੇ ਇਹ ਆਗੂ ਅਸਤੀਫ਼ਾ ਦੇ ਦੇਣ, ਤਾਂ ਪਾਰਟੀ ਦੇ ਪੁਰਾਣੇ ਦਿਨ ਪਰਤ ਆਉਣਗੇ।’

 

 

ਸ੍ਰੀ ਢੀਂਡਸਾ ਨੇ ਕਿਹਾ ਕਿ ਇੱਕ ਵਾਰ ਉਨ੍ਹਾਂ ਦੇ ਅਸਤੀਫ਼ੇ ਤੋਂ ਬਾਅਦ ਸਾਰੇ ਟਕਸਾਲੀ ਆਗੂ ਤੇ ਹੋਰ ਸਾਰੇ ਬਾਗ਼ੀ ਤੁਰੰਤ ਪਾਰਟੀ ਵਿੱਚ ਮੁੜ ਪਰਤ ਆਉਣਗੇ। ਅਜਿਹੇ ਹਾਲਾਤ ਵਿੱਚ ਜਿਹੜੇ ਆਗੂ ਤੇ ਕਾਰਕੁੰਨ ਭੰਬਲ਼ਭੂਸਿਆਂ ਕਾਰਨ ਆਪੋ–ਆਪਣੇ ਘਰੀਂ ਬੈਠ ਗਏ ਹਨ, ਉਹ ਵੀ ਕੰਮ ਕਰਨਾ ਸ਼ੁਰੂ ਕਰ ਦੇਣਗੇ ਤੇ ਪਾਰਟੀ ਮੁੜ–ਸੁਰਜੀਤ ਹੋ ਜਾਵੇਗੀ।

 

 

ਸ੍ਰੀ ਢੀਂਡਸਾ ਤੋਂ ਪੁੱਛਿਆ ਗਿਆ ਕਿ ਇੰਨੇ ਜ਼ਿਆਦਾ ਲੋਕ–ਰੋਹ ਲਈ ਉਹ ਕਿਸ ਨੂੰ ਦੋਸ਼ੀ ਠਹਿਰਾਉਂਦੇ ਹਨ, ਤਾਂ ਸ੍ਰੀ ਢੀਂਡਸਾ ਨੇ ਜਵਾਬ ਦਿੱਤਾ,‘ਇਹ ਸਦਾ ਪਾਰਟੀ ਪ੍ਰਧਾਨ ਹੀ ਹੁੰਦਾ ਹੈ, ਜਿਸ ਸਿਰ ਜਿੱਤ ਦਾ ਸਿਹਰਾ ਵੀ ਬੱਝਦਾ ਹੈ ਤੇ ਹਾਰ ਦੀ ਜ਼ਿੰਮੇਵਾਰੀ ਵੀ ਉਸੇ ਨੇ ਕਬੂਲਣੀ ਹੁੰਦੀ ਹੈ। ਸਾਲ 2017 ਦੀਆਂ ਵਿਧਾਨ ਸਭਾ ਵਿੱਚ ਹਾਰਨ ਤੋਂ ਬਾਅਦ ਮੈਂ ਉਸ (ਸੁਖਬੀਰ) ਨੂੰ ਆਖਿਆ ਸੀ ਕਿ ਉਹ ਅਹੁਦਾ ਛੱਡ ਦੇਵੇ ਪਰ ਮੇਰੀ ਕਿਸੇ ਨੇ ਨਹੀਂ ਸੁਣੀ। ਜੇ ਉਹ ਆਪਣੇ ਅਹੁਦੇ ਤੋਂ ਲਾਂਭੇ ਹੋ ਜਾਂਦਾ, ਤਾਂ ਲੋਕ ਰੋਹ ਵੀ ਆਪੇ ਖ਼ਤਮ ਹੋ ਜਾਣਾ ਸੀ।’

 

 

ਸ੍ਰੀ ਢੀਂਡਸਾ ਨੇ ਕਿ ਜਨਤਾ ਉਸ (ਸੁਖਬੀਰ) ਤੇ ਕੁਝ ਚੋਣਵੇਂ ਆਗੂਆਂ ਦੇ ਵਿਰੁੱਧ ਹੈ, ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਕੋਈ ਨਹੀਂ ਹੈ ਕਿਉਂਕਿ ਹਾਲੇ ਵੀ ਪੰਜਾਬ ਵਿੱਚ ਇਸ ਦਾ ਸਭ ਤੋਂ ਵੱਡਾ ਤੇ ਮਜ਼ਬੂਤ ਆਧਾਰ ਹੈ। ‘ਪਰ ਲੋਕਾਂ ਨੂੰ ਕੁਝ ਆਗੂ ਪਸੰਦ ਨਹੀਂ ਹਨ।‘

 

 

ਸ੍ਰੀ ਢੀਂਡਸਾ ਨੇ ਕਿਹਾ,‘ਜਿਹੜੇ ਇਸ ਵੇਲੇ ਕਾਬਜ਼ ਹਨ, ਉਨ੍ਹਾਂ ਨੂੰ ਆਪਣੇ ਅਹੁਦਿਆਂ ਦੀਆਂ ਕੁਰਬਾਨੀਆਂ ਕਰਨੀਆਂ ਹੋਣਗੀਆਂ; ਜੇ ਉਹ ਸੱਚਮੁਚ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣਾ ਚਾਹੁੰਦੇ ਹਨ।’ ਇੰਝ ਸ੍ਰੀ ਢੀਂਡਸਾ ਨੇ ਸੁਖਬੀਰ ਬਾਦਲ ਨੂੰ ਅਸਤੀਫ਼ਾ ਦੇਣ ਦੀ ਸਲਾਹ ਦਿੱਤੀ।

 

 

ਸ੍ਰੀ ਢੀਂਡਸਾ ਨੇ ਕਿਹਾ,‘ਮੈਂ ਪਹਿਲਾਂ ਹੀ ਆਖ ਚੁੱਕਾ ਹਾਂ ਕਿ ਮੈਂ ਚੋਣ ਨਹੀਂ ਲੜਾਂਗਾ। ਮੈਂ ਪਰਮਿੰਦਰ ਸਿੰਘ ਨੂੰ ਵੀ ਕਿਹਾ ਕਿ ਉਸ ਨੂੰ ਵੀ ਚੋਣ ਨਹੀਂ ਲੜਨੀ ਚਾਹੀਦੀ ਕਿਉਂਕਿ ਲੋਕਾਂ ਦੀ ਰਾਏ ਅਕਾਲੀ ਦਲ ਦੇ ਹੱਕ ਵਿੱਚ ਨਹੀਂ ਹੈ। ਮੈਨੂੰ ਆਸ ਹੈ ਕਿ ਪਰਮਿੰਦਰ ਸਿੰਘ ਮੇਰੀ ਗੱਲ ਜ਼ਰੂਰ ਸੁਣੇਗਾ।’ ਸ੍ਰੀ ਢੀਂਡਸਾ ਤੋਂ ਪੁੱਛਿਆ ਗਿਆ ਕਿ ਜੇ ਸ਼੍ਰੋਮਣੀ ਅਕਾਲੀ ਦਲ ਨੇ ਪਰਮਿੰਦਰ ਸਿੰਘ ਹੁਰਾਂ ਨੂੰ ਚੋਣ ਲੜਨ ਲਈ ਆਖਿਆ, ਤਾਂ ਉਨ੍ਹਾਂ ਜਵਾਬ ਦਿੱਤਾ ਕਿ – ‘ਪਾਰਟੀ ਆਖ ਸਕਦੀ ਹੈ ਪਰ ਕਿਸੇ ’ਤੇ ਚੋਣ ਲੜਨ ਲਈ ਦਬਾਅ ਨਹੀ਼ ਪਾਇਆ ਜਾ ਸਕਦਾ। ਉਹ ਪਹਿਲਾਂ ਹੀ MLA (ਵਿਧਾਇਕ) ਹੈ।’

 

 

ਸ੍ਰੀ ਢੀਂਡਸਾ ਤੋਂ ਤਦ ਪੁੱਛਿਆ ਗਿਆ ਕਿ ਕੀ ਅਜਿਹੇ ਹਾਲਾਤ ਵਿੱਚ ਵੱਡੇ ਬਾਦਲ ਨੂੰ ਪਾਰਟੀ ਦੀ ਵਾਗਡੋਰ ਸੰਭਾਲਣੀ ਚਾਹੀਦੀ ਹੈ; ਤਾਂ ਉਨ੍ਹਾਂ ਜਵਾਬ ਦਿੱਤਾ,‘ਮੈਂ ਕਿਸ ਦਾ ਨਾਂਅ ਸੁਝਾਵਾਂ? ਵਰਕਰਾਂ ਨੂੰ ਹੀ ਨਵੇਂ ਪ੍ਰਧਾਨ ਬਾਰੇ ਫ਼ੈਸਲਾ ਕਰਨਾ ਚਾਹੀਦੀ ਹੈ। ਪਾਰਟੀ ਸਰਬਉੱਚ ਹੁੰਦੀ ਹੈ ਤੇ ਵਰਕਰ ਹੀ ਇਸ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ।’ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਖ਼ੁਦ ਲਈ ਪਾਰਟੀ ਦਾ ਕੋਈ ਅਹੁਦਾ ਨਹੀਂ ਚਾਹੀਦਾ।

 

 

ਇਸ ਦੌਰਾਨ ਜਦੋਂ ਸ੍ਰੀ ਸੁਖਬੀਰ ਬਾਦਲ ਤੋਂ ਸ੍ਰੀ ਢੀਂਡਸਾ ਵੱਲੋਂ ਅਸਤੀਫ਼ੇ ਦੀ ਮੰਗ ਬਾਰੇ ਸੁਆਲ ਕੀਤਾ ਗਿਆ, ਤਾਂ ਉਨ੍ਹਾਂ ਬਹੁਤ ਨਪਿਆ–ਤੁਲਿਆ ਜਵਾਬ ਦਿੱਤਾ – ‘ਮੈਂ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਦੀ ਜਾਗੀਰ ਨਹੀਂ ਹੈ। ਪਾਰਟੀ ਦਾ ਢਾਂਚਾ ਜਮਹੂਰੀ ਹੈ। ਇਸ ਦੀ ਆਪਣੀ ਇੱਕ ਕੋਰ ਕਮੇਟੀ ਹੈ, ਜੋ ਪਾਰਟੀ ਵਿੱਚ ਸਰਬਉੱਚ ਹੈ ਤੇ ਹੋਰ ਸਾਰੀ ਸੀਨੀਅਰ ਲੀਡਰਸ਼ਿਪ ਹੈ। ਉਨ੍ਹਾਂ ਸਭਨਾਂ ਨੇ ਮੇਰੇ ਵਿੱਚ ਮੁੜ–ਭਰੋਸਾ ਪ੍ਰਗਟਾਇਆ ਹੈ ਤੇ ਮੈਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਥਾਪਿਆ ਹੈ। ਪਰ ਮੈਂ ਢੀਂਡਸਾ ਸਾਹਿਬ ਵੱਲੋਂ ਉਠਾਏ ਮੁੱਦਿਆਂ ’ਤੇ ਕੋਈ ਟਿੱਪਣੀ ਨਹੀ਼ ਕਰਨੀ ਚਾਹੁੰਦਾ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Video Sukhbir Badal should step down public anger against him Dhindsa