ਅੰਮ੍ਰਿਤਸਰ ਦੇ ਧੋਬੀ ਘਾਟ `ਤੇ ਲੱਗੇ ਦੁਸਹਿਰਾ ਮੇਲੇ, ਜਿੱਥੇ ਸ਼ੁੱਕਰਵਾਰ ਨੂੰ ਰੇਲ ਹੇਠਾਂ ਆ ਕੇ 61 ਵਿਅਕਤੀ ਮਾਰੇ ਗਏ ਸਨ, ਦੇ ਆਯੋਜਕ ਸੌਰਭ ਮਦਾਨ ਉਰਫ਼ ਮਿੱਠੂ ਨੇ ਦਾਅਵਾ ਕੀਤਾ ਹੈ ਕਿ ਮੇਲੇ ਲਈ ਹਰ ਤਰ੍ਹਾਂ ਦੀ ਮਨਜ਼ੂਰੀ ਲਈ ਗਈ ਸੀ ਤੇ ਸੁਰੱਖਿਆ ਇੰਤਜ਼ਾਮ ਵੀ ਕੀਤੇ ਗਏ ਸਨ। ਮਿੱਠੂ ਮਦਾਨ ਦਾ ਕਹਿਣਾ ਹੈ ਕਿ ਉਸ ਨੂੰ ਨਿਜੀ ਦੁਸ਼ਮਣੀ ਕਾਰਨ ਬਿਨਾ ਮਤਲਬ ਫਸਾਇਆ ਜਾ ਰਿਹਾ ਹੈ।
ਮਿੱਠੂ ਮਦਾਨ ਦੀ ਅੱਧੇ ਮਿੰਟ ਦੀ ਇੱਕ ਵਿਡੀਓ ਏਐੱਨਆਈ ਨੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਕਾਫ਼ੀ ਦੁਖੀ ਵਿਖਾਈ ਦੇ ਰਿਹਾ ਹੈ। ਮਿੱਠੂ ਘਟਨਾ ਵਾਪਰਨ ਵਾਲੇ ਸਮੇਂ ਤੋਂ ਹੀ ਗ਼ਾਇਬ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਉਸ ਵੱਲੋਂ ਕਿਤੇ ਕੋਈ ਗ਼ਲਤੀ ਨਹੀਂ ਹੋਈ।
ਮਿੱਠੂ ਮਦਾਨ ਨੇ ਪੰਜਾਬੀ ਭਾਸ਼ਾ ਵਿੱਚ ਕਿਹਾ ਹੈ,‘ਮੈਂ ਸਭ ਨੂੰ ਇੱਕ ਥਾਂ ਇਕੱਠੇ ਕਰਨ ਲਈ ਇਹ ਸਮਾਰੋਹ ਆਯੋਜਿਤ ਕਰਵਾਇਆ ਸੀ। ਅਸੀਂ ਸਾਰੀਆਂ ਮਨਜ਼ੂਰੀਆਂ ਲਈਆਂ ਸਨ... ਰਾਵਣ ਦੇ ਪੁਤਲੇ ਦੁਆਲੇ 20 ਫ਼ੁੱਟ ਦੀ ਜਗ੍ਹਾ ਛੱਡੀ ਗਈ ਸੀ। ਮੇਰੇ ਵੱਲੋਂ ਕਿਤੇ ਕੋਈ ਕੋਤਾਹੀ ਨਹੀਂ ਹੋਈ। ਮੇਲੇ ਵਾਲੀ ਥਾਂ `ਤੇ 100 ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਡਿਊਟੀ ਲੱਗੀ ਹੋਈ ਸੀ। ਫ਼ਾਇਰ ਬ੍ਰਿਗੇਡ ਦਾ ਇੱਕ ਇੰਜਣ ਵੀ ਖੜ੍ਹਾ ਸੀ। ਪਾਣੀ ਦੇ ਟੈਂਕਰ ਵੀ ਮੌਜੂਦ ਸਨ। ਸਾਰਾ ਪ੍ਰੋਗਰਾਮ ਧੋੁਬੀ ਘਾਟ ਮੈਦਾਨ ਦੀ ਚਾਰਦੀਵਾਰੀ ਦੇ ਅੰਦਰ ਹੀ ਸੀ ਤੇ ਰੇਲ ਦੀਆਂ ਪਟੜੀਆਂ `ਤੇ ਕੁਝ ਨਹੀਂ ਹੋ ਰਿਹਾ ਸੀ... ਅਸੀਂ ਰੇਲ ਪਟੜੀ `ਤੇ ਕੋਈ ਕੁਰਸੀਆਂ ਨਹੀਂ ਵਿਛਾਈਆਂ ਸਨ।`
ਉਸ ਨੇ ਅੱਗੇ ਕਿਹਾ,‘ਰੇਲਗੱਡੀ ਅਚਾਨਕ ਆਈ...,, ਜਿਵੇਂ ਹੋਣੀ ਸਭ ਕੁਝ ਕਰਵਾ ਰਹੀ ਸੀ। ਅਸੀਂ ਪਹਿਲਾਂ ਵੀ 7 ਤੋਂ 10 ਵਾਰੀ ਸਟੇਜ ਤੋਂ ਐਲਾਨ ਕਰ ਚੁੱਕੇ ਸਾਂ ਕਿ ਰੇਲ ਦੀਆਂ ਪਟੜੀਆਂ `ਤੇ ਲੋਕ ਖੜ੍ਹੇ ਨਾ ਹੋਣ।`
ਮਿੱਠੂ ਮਦਾਨ ਦਰਅਸਲ ਕਾਂਗਰਸ ਦੇ ਸਥਾਨਕ ਕੌਂਸਲਰ ਵਿਜੇ ਮਦਾਨ ਦਾ ਪੁੱਤਰ ਹੈ। ਉਸ ਨੇ ਕਿਹਾ ਕਿ ਸਿਰਫ਼ ਤਿੰਨ-ਚਾਰ ਵਿਅਕਤੀ ਹਨ, ਜੋ ਉਸ ਨਾਲ ਨਿਜੀ ਕਿੜ ਕੱਢ ਰਹੇ ਹਨ। ‘ਉਹ ਬਿਨਾ ਵਜ੍ਹਾ ਮੇਰੇ `ਤੇ ਦੋਸ਼ ਲਾ ਰਹੇ ਹਨ। ਮੇਰੀ ਲੋਕਾਂ ਨੂੰ ਅਪੀਲ ਹੈ ਕਿ ਉਨ੍ਹਾਂ `ਤੇ ਯਕੀਨ ਨਾ ਕੀਤਾ ਜਾਵੇ। ਮੈਂ ਤੇ ਮੇਰਾ ਪਰਿਵਾਰ ਇਸ ਘਟਨਾ ਤੋਂ ਡਾਢਾ ਦੁਖੀ ਹੈ।`
ਰੋਹ `ਚ ਆਏ ਲੋਕਾਂ ਨੇ ਸਨਿੱਚਰਵਾਰ ਨੂੰ ਮਿੱਠੂ ਮਦਾਨ ਦੇ ਘਰ `ਤੇ ਪਥਰਾਅ ਕੀਤਾ ਸੀ। ਪੰਜਾਬ ਪੁਲਿਸ ਤੇ ਸਰਕਾਰੀ ਰੇਲਵੇ ਪੁਲਿਸ ਨੇ ਹਾਲੇ ਤੱਕ ਮਿੱਠੂ ਮਦਾਨ ਵਿਰੁੱਧ ਕੋਈ ਕਾਰਵਾਈ ਨਹੀਂ ਅਰੰਭੀ ਹੈ।
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਐੱਸਐੱਸ ਸ੍ਰੀਵਾਸਤਵਾ ਨੇ ਕਿਹਾ ਕਿ ਇਹ ਹਾਦਸਾ ਰੇਲ ਪਟੜੀ `ਤੇ ਵਾਪਰਿਆ ਹੈ ਤੇ ਰੇਲਵੇ ਪੁਲਿਸ ਦੇ ਅਧਿਕਾਰ ਖੇਤਰ ਅਧੀਨ ਆਉਂਦਾ ਹੈ, ਇਸ ਲਈ ਕੁਝ ਨਹੀਂ ਕੀਤਾ ਜਾ ਸਕਦਾ।
Organizer of Dusshera event Saurabh Madan Mithoo releases video message,says ' Had taken all permissions,had alerted crowd atleast 10 times to not stand on tracks. I am extremely pained by the incident. Some ppl are trying to defame me' #Amritsartrainaccident (location: unknown) pic.twitter.com/viPXBws3P8
— ANI (@ANI) October 22, 2018