ਪੰਜਾਬ ਦੇ ਕੇਂਦਰੀ ਜ਼ਿਲ੍ਹਿਆਂ ਵਿੱਚ ਇਸ ਵਰ੍ਹੇ ਧਰਤੀ ਹੇਠਲੇ ਪਾਣੀ ਦਾ ਪੱਧਰ ਚਿੰਤਾਜਨਕ ਹੱਦ ਤੱਕ ਘਟ ਗਿਆ ਹੈ। ਇਹ ਪ੍ਰਗਟਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਨੇ ਆਪਣੀ ਇੱਕ ਤਾਜ਼ਾ ਰਿਪੋਰਟ ਵਿੱਚ ਕੀਤਾ ਹੈ। ਸਾਲ 2018 ਦੌਰਾਨ ਭਾਰੀ ਵਰਖਾ ਹੋਈ ਸੀ; ਇਸ ਦੇ ਬਾਵਜੂਦ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣਾ ਸੁਭਾਵਕ ਤੌਰ ਉੱਤੇ ਚਿੰਤਾ ਦਾ ਵਿਸ਼ਾ ਹੈ।
ਸੰਗਰੂਰ ਜ਼ਿਲ੍ਹੇ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ 163 ਸੈਂਟੀਟਮੀਟਰ ਭਾਵ 1.63 ਮੀਟਰ ਘਟ ਗਿਆ ਹੈ। ਇਹ ਸੂਬੇ ਵਿੱਚ ਘਟ ਰਹੇ ਪਾਣੀ ਦੇ ਪੱਧਰ ਦਾ ਤਿੰਨ–ਗੁਣਾ ਹੈ। ਬਠਿੰਡਾ ਜ਼ਿਲ੍ਹੇ ਵਿੱਚ ਇਹ ਪਾਣੀ 130 ਸੈਂਟੀਮੀਟਰ ਭਾਵ 1.3 ਮੀਟਰ ਘਟਿਆ ਹੈ; ਜਦ ਕਿ ਲੁਧਿਆਣਾ, ਮਾਨਸਾ ਤੇ ਮੋਗਾ ਜ਼ਿਲ੍ਹਿਆਂ ਵਿੱਚ ਇਹ ਪੱਧਰ ਕ੍ਰਮਵਾਰ 128, 98 ਤੇ 87 ਸੈਂਟੀ ਮੀਟਰ ਘਟ ਗਿਆ ਹੈ।
PAU ਦੀ ਰਿਪੋਰਟ ਮੁਤਾਬਕ ਪੰਜਾਬ ’ਚ ਪਾਣੀ ਦਾ ਪੱਧਰ ਘਟਣ ਦਾ ਸਭ ਤੋਂ ਵੱਡਾ ਕਾਰਨ ਝੋਨੇ ਦੀ ਕਿਸਮ PUSA 44 (ਪੂਸਾ 44) ਬੀਜਣਾ ਵੀ ਹੈ ਕਿਉਂਕਿ ਇਹ ਕਿਸਮ ਪਾਣੀ ਦੀ ਖਪਤ ਬਹੁਤ ਜ਼ਿਆਦਾ ਕਰਦੀ ਹੈ। ਖੋਜ ਦੌਰਾਨ ਇਹੋ ਤੱਥ ਸਾਹਮਣੇ ਆਇਆ ਹੈ ਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ ਵੱਡੇ ਪੱਧਰ ਉੱਤੇ ਝੋਨੇ ਦੀਆਂ ਅਜਿਹੀਆਂ ਕਿਸਮਾਂ ਹੀ ਬੀਜੀਆਂ ਜਾਂਦੀਆਂ ਹਨ।
PAU ’ਚ ਪਲਾਂਟ ਬ੍ਰੀਡਿੰਗ ਅਤੇ ਜੀਨੈਟਿਕਸ ਵਿਭਾਗ ਦੇ ਮੁਖੀ ਸ੍ਰੀ ਜੀਐੱਸ ਮਾਂਗਟ ਨੇ ਦੱਸਿਆ ਕਿ ਸਾਲ 2018 ਦੀ ਮਾਨਸੂਨ ਦੌਰਾਨ ਭਾਰੀ ਵਰਖਾ ਦੇ ਬਾਵਜੂਦ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆ ਵਿੱਚ ਪਾਣੀ ਦਾ ਪੱਧਰ ਗੰਭੀਰ ਹੱਦ ਤੱਕ ਹੇਠਾਂ ਚਲਾ ਗਿਆ ਹੈ।