ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡਾ. ਗਾਂਧੀ ਵਾਂਗ ਅਸੀਂ ਤੇ ਬੈਂਸ ਭਰਾ ਪੰਜਾਬ ਲਈ ਖ਼ੁਦਮੁਖ਼ਤਿਆਰੀ ਚਾਹੁੰਦੇ: ਖਹਿਰਾ

ਡਾ. ਗਾਂਧੀ ਵਾਂਗ ਅਸੀਂ ਤੇ ਬੈਂਸ ਭਰਾ ਪੰਜਾਬ ਲਈ ਖ਼ੁਦਮੁਖ਼ਤਿਆਰੀ ਚਾਹੁੰਦੇ: ਖਹਿਰਾ

--  9 ਦਿਨਾ ਇਨਸਾਫ਼-ਮਾਰਚ 8 ਦਸੰਬਰ ਤੋਂ

 

ਆਮ ਆਦਮੀ ਪਾਰਟੀ (ਆਪ) ਦੇ ‘ਬਾਗ਼ੀ` ਆਗੂ ਸੁਖਪਾਲ ਸਿੰਘ ਖਹਿਰਾ ਨੇ ਅੱਜ ਕਿਹਾ ਹੈ ਕਿ ਉਹ ਆਪਣੀ ਪਾਰਟੀ ਦੇ ਐੱਮਪੀ ਡਾ. ਧਰਮਵੀਰ ਗਾਂਧੀ ਦੇ ‘ਪੰਜਾਬ ਲਈ ਸਿਆਸੀ ਖ਼ੁਦਮੁਖਤਿਆਰੀ` ਦੇ ਨਾਅਰੇ ਦੀ ਹਮਾਇਤ ਕਰਦੇ ਹਨ।


ਪੰਜਾਬ ਵਿਧਾਨ ਸਭਾ ਦੇ ਭੁਲੱਥ ਹਲਕੇ ਤੋਂ ਮੈਂਬਰ ਸ੍ਰੀ ਖਹਿਰਾ ਨੇ ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ - ‘ਸਾਨੂੰ ਸੂਬੇ ਲਈ ਹੋਰ ਵਧੇਰੇ ਤਾਕਤਾਂ ਚਾਹੀਦੀਆਂ ਹਨ ਤੇ ਇਸ ਮੁੱਦੇ `ਤੇ ਅਸੀਂ ਡਾ. ਗਾਂਧੀ ਨਾਲ ਹਾਂ। ਅਸੀਂ ਸੰਘਵਾਦ ਵਿੱਚ ਵਿਸ਼ਵਾਸ ਰੱਖਦੇ ਹਾਂ, ਜਿਸ ਵਿੱਚ ਸੂਬਿਆਂ ਨੂੰ ਵੱਧ ਅਧਿਕਾਰ ਹੁੰਦੇ ਹਨ।`


ਸ੍ਰੀ ਖਹਿਰਾ ਆਉਂਦੀ 8 ਦਸੰਬਰ ਨੂੰ ਤਲਵੰਡੀ ਸਾਬੋ ਤੋਂ ਸ਼ੁਰੂ ਹੋਣ ਵਾਲੇ 9-ਦਿਨਾ ‘ਇਨਸਾਫ਼ ਮਾਰਚ` ਲਈ ਹਮਾਇਤ ਜੁਟਾਉਣ ਲਈ ਪੁੱਜੇ ਹੋਏ ਸਨ। ਉਨ੍ਹਾਂ ਦੱਸਿਆ ਕਿ ਉਹ, ਲੋਕ ਇਨਸਾਫ਼ ਪਾਰਟੀ ਦੇ ਬੈਂਸ ਭਰਾ ਅਤੇ ਡਾ. ਗਾਂਧੀ ਇਸ ਮਾਰਚ ਦੀ ਅਗਵਾਈ ਕਰਨਗੇ।


ਸ੍ਰੀ ਖਹਿਰਾ ਤੋਂ ਪੁੱਛਿਆ ਗਿਆ ਕਿ ਫ਼ਰੀਦਕੋਟ ਜਿ਼ਲ੍ਹੇ `ਚ ਬਰਗਾੜੀ ਵਿਖੇ ਬੀਤੀ 1 ਜੂਨ ਤੋਂ ਚੱਲ ਰਹੇ ਬੇਅਦਬੀ ਤੇ ਪੁਲਿਸ ਗੋਲੀਕਾਂਡ ਵਿਰੁੱਧ ਰੋਸ-ਧਰਨੇ `ਚ ਲੱਗੇ ਖ਼ਾਲਿਸਤਾਨ-ਪੱਖੀ ਨਾਅਰਿਆਂ ਬਾਰੇ ਉਨ੍ਹਾਂ ਦਾ ਕੀ ਵਿਚਾਰ ਹੈ, ਤਾਂ ਉਨ੍ਹਾਂ ਜਵਾਬ ਦਿੱਤਾ ਕਿ ਉਹ ਖ਼ਾਲਿਸਤਾਨ ਦੇ ਨਾਅਰੇ ਦੀ ਹਮਾਇਤ ਨਹੀਂ ਕਰਦੇ।


ਇੱਥੇ ਵਰਨਣਯੋਗ ਹੈ ਕਿ ਡਾ. ਗਾਂਧੀ ਅਤੇ ਸ੍ਰੀ ਖਹਿਰਾ ਦੋਵੇਂ ਹੀ ਕਥਿਤ ਪਾਰਟੀ-ਵਿਰੋਧੀ ਗਤੀਵਿਧੀਆਂ ਲਈ ਆਮ ਆਦਮੀ ਪਾਰਟੀ ਤੋਂ ਮੁਅੱਤਲ ਹਨ। ਡਾ. ਗਾਂਧੀ ਆਪਣੀਆਂ ਮੁਹਿੰਮਾਂ ਤੇ ਜਨਤਕ ਰੈਲੀਆਂ ਦੌਰਾਨੀ ਸਿਆਸੀ ਖ਼ੁਦਮੁਖ਼ਤਿਆਰੀ ਦੀ ਮੰਗ ਕਰਦੇ ਰਹੇ ਹਨ।


ਸ੍ਰੀ ਖਹਿਰਾ ਨੇ ਕਿਹਾ ਕਿ ਇਸ ਵੇਲੇ ਉਹ ਆਮ ਆਦਮੀ ਪਾਰਟੀ ਦੀ ਸੂਬਾ ਇਕਾਈ ਲਈ ਅੰਦਰੂਨੀ ਖ਼ੁਦਮੁਖ਼ਤਿਆਰੀ ਦੀ ਜੰਗ ਲੜ ਰਹੇ ਹਨ। ‘ਅਸੀਂ ਇਸ ਮਾਰਚ ਰਾਹੀਂ ਪੰਜਾਬ ਦੀ ਜਨਤਾ ਨਾਲ ਸਬੰਧਤ ਪ੍ਰਮੁੱਖ ਮੁੱਦੇ ਉਜਾਗਰ ਕਰਾਂਗੇ। ਇਹ ਮਾਰਚ ਪਟਿਆਲਾ `ਚ ਜਾ ਕੇ ਸੰਪੰਨ ਹੋਵੇਗਾ, ਜਿੱਥੇ ਅਸੀਂ ਇੱਕ ਅਹਿਮ ਐਲਾਨ ਕਰਾਂਗੇ।`


ਸ੍ਰੀ ਖਹਿਰਾ ਨੇ ਕਿਹਾ ਕਿ ਸਾਲ 2015 ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਹੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਅਗਲੇ ਵਰ੍ਹੇ ਆਮ ਚੋਣਾਂ ਦੌਰਾਨ ਮੁੱਖ ਮੁੱਦੇ ਹੋਣਗੇ।


ਸ੍ਰੀੀ ਖਹਿਰਾ ਨੇ ਕਿਹਾ ਕਿ ਪੰਜਾਬ `ਚ ਦਲਿਤ ਭਾਈਚਾਰੇ ਦੀ ਮਾੜੀ ਹਾਲਤ, ਸੂਬਾ ਪੁਲਿਸ ਦੇ ਕੰਮਕਾਜ ਵਿੱਚ ਸਿਆਸੀ ਦਖ਼ਲਅੰਦਾਜ਼ੀ ਅਤੇ ਬੇਰੋਜ਼ਗਾਰੀ ਵੀ ਇਸ ਮਾਰਚ ਦੌਰਾਨ ਮੁੱਖ ਮੁੱਦੇ ਬਣੇ ਰਹਿਣਗੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:We and Bains Bros want autonomy for Pb Sukpal Khaira