ਮਿਲਟਰੀ ਕਾਰਨੀਵਾਲ ਦੇ ਅਖੀਰਲੇ ਦਿਨ ਫੌਜ ਦੇ ਘੋੜ ਸਵਾਰਾਂ ਤੇ ਮਾਹਰ 4*4 ਆਫ ਰੋਡਰਜ਼ ਦੀਆਂ ਰੌਚਕ ਪੇਸ਼ਕਾਰੀਆਂ ਨੇ ਸਰੋਤਿਆਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਕਰ ਦਿੱਤੀਆਂ। ਇਸ ਕਾਰਨੀਵਾਲ ਨੇ 13 ਤੋਂ 15 ਦਸੰਬਰ ਨੂੰ ਸ਼ੁਰੂ ਹੋਣ ਵਾਲੇ ਤੀਜੇ ਮਿਲਟਰੀ ਲਿਟਰੇਚ ਫੈਸਟੀਵਲ ਲਈ ਵੀ ਸਰੋਤਿਆਂ ਦੀ ਉਤਸਾਹ ਨੂੰ ਸਿਖ਼ਰਾਂ ਤੇ ਪਹੁੰਚਾ ਦਿੱਤੀ।
ਤਿੰਨ ਰੋਜ਼ਾ ਸਾਲਾਨਾ ਸਮਾਰੋਹ ਵਾਲਾ ਮਿਲਟਰੀ ਲਿਟਰੇਚਰ ਫੈਸਟੀਵਲ ਸਾਡੀ ਫੌਜ ਦੇ ਵਿਭਿੰਨ ਮਾਰਸ਼ਲ ਅਤੇ ਸਭਿਆਚਾਰਕ ਕਦਰਾਂ-ਕੀਮਤਾਂ ਦੇ ਸਰਬੋਤਮ ਨਜ਼ਰੀਏ 'ਤੇ ਚਾਨਣਾ ਪਾਵੇਗਾ ਅਤੇ ਰਾਸ਼ਟਰੀ ਅਤੇ ਖੇਤਰੀ ਮਹੱਤਤਾ ਦੇ ਮੁੱਦਿਆਂ 'ਤੇ ਸਾਹਿਤਕ ਵਿਚਾਰਾਂ ਲਈ ਇੱਕ ਮੰਚ ਪ੍ਰਦਾਨ ਕਰੇਗਾ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਤੇ ਪੱਛਮੀ ਕਮਾਂਡ ਦੇ ਸਹਿਯੋਗ ਦੀ ਸਾਂਝੀ ਪਹਿਲਕਦਮੀ ਵਜੋਂ ਸ਼ੁਰੂ ਕੀਤੇ ਐਮ.ਐਲ.ਐਫ ਨੇ ਨੌਜਵਾਨਾਂ ਵਿੱਚ ਭਾਈਚਾਰਾ, ਬਹਾਦਰੀ, ਲੀਡਰਸ਼ਿਪ ਅਤੇ ਅਖੰਡਤਾ ਦੇ ਮੁੱਢਲੇ ਸੈਨਿਕ ਗੁਣਾਂ ਨੂੰ ਸਫਲਤਾਪੂਰਵਕ ਉਤਸ਼ਾਹਤ ਕਰਦਿਆਂ ਇਸ ਖੇਤਰ ਵਿੱਚ ਲਗਾਤਾਰ ਵਿਆਪਕ ਹਾਜ਼ਰੀ ਹਾਸਲ ਕੀਤੀ ਹੈ। ਪਿਛਲੇ ਸਾਲ 65,000 ਤੋਂ ਵੱਧ ਦਰਸ਼ਕਾਂ ਨੇ ਹਾਜ਼ਰੀ ਲਵਾਈ ਸੀ ਜਿਸ ਵਿੱਚ 500 ਫੀਸਦ ਵਾਧਾ ਦੇਖਣ ਨੂੰ ਮਿਲਿਆ ਸੀ।
ਇੱਥੇ ਰਾਜਿੰਦਰ ਪਾਰਕ ਗਰਾਊਂਡ ਵਿਖੇ ਇਕੁਈਟੇਸ਼ਨ ਟੈਟੂ ਦੌਰਾਨ ਘੋੜਿਆਂ ਤੇ ਘੋੜ-ਸਵਾਰਾਂ ਦੇ ਆਪਸੀ ਤਾਲਮੇਲ ਨੇ ਦਰਸ਼ਕਾਂ ਨਾਲ ਭਰੇ ਅਖਾੜੇ ਵਿੱਚ ਲੋਕਾਂ ਦੀਆਂ ਧੜਕਣਾਂ ਵਧਾ ਦਿੱਤੀਆਂ। ਫੌਜ, ਪੰਜਾਬ ਆਰਮਡ ਪੁਲਿਸ (ਪੀਏਪੀ) ਅਤੇ ਸਿਟੀ ਕਲੱਬ ਦੇ ਜਵਾਨਾਂ ਨੇ ਲੋਕਾਂ ਦਾ ਰੋਮਾਂਚਕ ਉਤਸ਼ਾਹ ਸ਼ਿਖਰਾਂ ਤੇ ਪਹੁੰਚਾ ਦਿੱਤਾ । ਮੁੱਖ ਮਹਿਮਾਨ ਨੂੰ ਸਲਿਊਟ ਕਰਨ ਤੋਂ ਬਾਅਦ ਬੜੇ ਹੀ ਦਿਲ-ਖਿੱਚਵੇਂ ਅੰਦਾਜ਼ ਵਿੱਚ ਕੀਤੀ ਪਰੇਡ ਲਈ ਨਾਇਬ ਸੂਬੇਦਾਰ ਕਮਲ ਸਿੰਘ ਦੀ ਅਗਵਾਈ ਵਾਲੀ ਫੌਜ ਦੀ ਟੁਕੜੀ ਦਾ ਲੋਕਾਂ ਨੇ ਖੜ੍ਹੇ ਹੋ ਕੇ ਹੌਸਲਾ ਵਧਾਇਆ।
ਛੇ- ਬਾਰ ਦੀ ਸ਼ੋਅ ਜੰਪਿੰਗ ਦੌਰਾਨ ਸਭ ਤੋਂ ਛੋਟੀ ਅਤੇ ਇਕਲੌਤੀ ਔਰਤ ਘੋੜ-ਸਵਾਰ ਸੁਹਾਨੀ ਜਾਮਵਾਲ ਸਭ ਦੀਆਂ ਅੱਖਾਂ ਦੀ ਰੌਣਕ ਬਣੀ, ਜਿਸ ਨੇ ਫੁਰਤੀ, ਦਿਲੇਰੀ ਤੇ ਕੁਸ਼ਲਤਾ ਨਾਲ ਆਪਣੇ ਘੋੜੇ ਨੂੰ ਸਾਰੇ ਅੜਿੱਕੇ ਪਾਰ ਕਰਵਾਏ ਅਤੇ ਪ੍ਰਸ਼ੰਸਕਾਂ ਨੂੰ ਪ੍ਰਸੰਨ- ਚਿੱਤ ਕਰਕੇ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ।
ਹਥਿਆਰਾਂ ਤੇ ਤੋਪਾਂ ਦੀ ਪ੍ਰਦਰਸ਼ਨੀ ਬਖਤਰਬੰਦ ਅਤੇ ਭਾਰਤੀ ਹਥਿਆਰਬੰਦ ਸੇਨਾਵਾਂ ਦੀ ਇੰਜਨੀਅਰਿੰਗ ਨੂੰ ਪੇਸ਼ ਕਰਦੇ ਹੋਏ ਆਟੋਮੈਟਿਕ ਗਰਨੇਡ ਲਾਂਚਰ, ਆਈ.ਐਨ.ਐਸ.ਏ.ਐਸ. ਰਾਈਫਲਾਂ ਅਤੇ ਪੁਲ ਬਣਾਉਣ ਵਾਲ ਪੈਨਟੂਨ ਮੁਸ਼ਤਵਾ ਸੁਪਰਨੋਵਾ ਅਤੇ ਐਂਟੀ ਏਅਰ ਕਰਾਫਟ ਐਲ 70 ਗੰਨ ਨੇ ਵਿਸ਼ੇਸ਼ ਤੌਰ ਤੇ ਨੌਜਵਾਨਾਂ ਵਿੱਚ ਖਿੱਚ ਪੈਦਾ ਕੀਤੀ।
ਕਿਸੇ ਵੀ ਕਿਸਮ ਦੇ ਰਸਾਇਣਿਕ ਤੇ ਜੀਵਕ ਹਮਲੇ ਵਿਰੁੱਧ ਆਧੁਨਿਕ ਤਕਨਾਲੋਜੀ ਅਤੇ ਬਚਾਓ ਲਈ ਕੀਤੀਆਂ ਗਈਆਂ ਤਿਆਰੀਆਂ ਵੀ ਉਜਾਗਰ ਕੀਤੀਆਂ ਗਈਆਂ। ਇੰਟੀਗਰੇਟਡ ਡੀ.ਆਰ.ਡੀ ਵਲੋਂ ਬਣਾਏ ਗਏ ਅਤੇ ਇਨਲੈਂਡ ਪ੍ਰੋਟੈਕਸ਼ਨ ਇਕਊਪਮੈਂਟ ਸ਼ਾਮਲ ਕੀਤੇ ਗਏ।
ਇਸ ਤੋਂ ਇਲਾਵਾ ਵਿਭਿੰਨ ਆਰਮੀ ਡੋਗ ਯੂਨਿਟ ਜਿਸ ਵਿਚ ਰੀਮਾਊਂਟ ਵੈਟਨਰੀ ਕਾਰਪਸ ਸੈਂਟਰ ਅਤੇ ਕਾਲੇਜ, ਮੇਰਠ ਅਤੇ ਐਨ.ਐਸ.ਜੀ. ਦੇ ਮਾਹਿਰਾਂ ਵਲੋਂ ਕੀਤੇ ਗਏ ਡਾਗ ਸ਼ੋਅ ਖਿੱਚ ਦਾ ਕੇਂਦਰ ਬਣੇ। ਇਸ ਸ਼ੋਅ ਵਿੱਚ ਟਰੇਂਡ ਕੁੱਤਿਆਂ ਅਤੇ ਉਨ੍ਹਾਂ ਦੇ ਮਾਸਟਰਾਂ ਦੇ ਤਾਲਮੇਲ ਤੇ ਸਮਝ ਨੂੰ ਵਿਸ਼ੇਸ਼ ਤੌਰ ਤੇ ਨੌਜਵਾਨਾਂ ਨੂੰ ਹੈਰਾਨੀ ਨਾਲ ਭਰ ਦਿੱਤਾ।
ਦਰਸ਼ਕਾਂ ਨੇ ਆਰਮੀ ਵਲੋਂ ਟਰੇਂਡ ਕੀਤੇ ਗਏ ਕੁੱਤਿਆਂ ਦੀ ਹੈਰਤਅੰਗੇਜ਼ ਤਰੀਕੇ ਨਾਲ ਰੁਕਾਵਟਾਂ, ਜੰਪਾਂ ਅਤੇ ਦੀਵਾਰਾਂ ਨੂੰ ਪਾਰ ਕਰਨ ਵਾਲੇ ਕਰਤੱਵਾਂ ਦੀ ਪ੍ਰਸ਼ੰਸਾ ਕੀਤੀ।
ਟਰੈਕਰ, ਮਾਈਨ ਡਿਟੈਕਸ਼ਨ, ਅਕੈਸਪਲੋਜਿਵ ਡਿਟੈਕਸ਼ਨ, ਗਾਰਡ, ਇਨਫੈਂਟਰੀ ਪੈਟਰੋਲ ਅਤੇ ਬਚਾਅ ਦਸਤੇ, ਹਿਮਸਖਲਨ ਬਚਾਅ ਅਤੇ ਹੋਰ ਬਚਾਅ ਕਾਰਜਾਂ ਵਿੱਚ ਵਿਭਿੰਨ ਕਿਸਮਾਂ ਦੇ ਕੁੱਤਿਆਂ ਨੂੰ ਸ਼ੋਅ ਵਿਚ ਸ਼ਾਮਲ ਕੀਤਾ ਗਿਆ।
ਚੀਫ ਆਫ਼ ਸਟਾਫ ਵੈਸਟਰਨ ਕਮਾਂਡ ਲੈਫ. ਜਨਰਲ ਗੁਰਪਾਲ ਸਿੰਘ ਸਾਂਘਾ ਮੁੱਖ ਮਹਿਮਾਨ ਵਜੋਂ, ਲੈਫ ਜਨਰਲ ਟੀ.ਐਸ ਸ਼ੇਰਗਿੱਲ (ਸੇਵਾ ਮੁਕਤ) ਪੀਵੀਐਸਐਮ. ਦੇ ਨਾਲ ਇਸ ਸਮਾਪਤੀ ਸਮਾਰੋਹ ਦੇ ਘੋੜੇ ਅਤੇ ਡੌਗ ਸ਼ੋਅ ਦੇਖਣ ਲਈ ਸ਼ਾਮਲ ਹੋਏ।