17 ਜੂਨ ਸੋਮਵਾਰ ਤੋਂ ਉੱਤਰੀ ਭਾਰਤ ਵਿੱਚ ਮੌਸਮ ਸੁਹਾਵਣਾ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ। ਕਿਉ਼ਕਿ ਉੱਤਰੀ ਭਾਰਤ ਦੇ ਬਹੁਤੇ ਪਹਾੜੀ ਇਲਾਕਿਆਂ ਵਿੱਚ 16 ਤੋਂ 19 ਜੂਨ ਤੱਕ ਦਰਮਿਆਨੀ ਵਰਖਾ ਹੋਣ ਦਾ ਪੂਰਵ–ਅਨੁਮਾਨ ਲਾਇਆ ਗਿਆ ਹੈ। ਉਸ ਤੋਂ ਅਗਲੇ ਤਿੰਨ ਹੋਰ ਦਿਨ ਵੀ ਮੀਂਹ ਪਵੇਗਾ ਪਰ ਕੁਝ ਘੱਟ ਹੋਵੇਗਾ।
ਮੌਸਮ ਵਿਭਾਗ ਵੱਲੋਂ ਜਾਰੀ ਬੁਲੇਟਿਨ ਮੁਤਾਬਕ ਪਹਾੜਾਂ ’ਤੇ ਪੈਣ ਵਾਲੀ ਵਰਖਾ ਕਾਰਨ ਪੰਜਾਬ ਤੇ ਹਰਿਆਣਾ ਦਾ ਮਾਹੌਲ ਵੀ ਕਾਫ਼ੀ ਹੱਦ ਤੱਕ ਖ਼ੁਸ਼ਗਵਾਰ ਹੋ ਜਾਵੇਗਾ। ਉਂਝ ਨਮੀ ਵਧਣ ਦੀ ਸੰਭਾਵਨਾ ਕਾਰਨ ਹੁੰਮਸ ਵਾਲਾ ਮਾਹੌਲ ਵੀ ਬਣ ਸਕਦਾ ਹੈ।
ਤੇਜ਼ ਰਫ਼ਤਾਰ ਨਾਲ ਝੱਖੜ ਵੀ ਝੁੱਲ ਸਕਦਾ ਹੈ ਤੇ ਬਿਜਲੀ ਦੀ ਗਰਜ ਨਾਲ ਛਿੱਟਾਂ ਵੀ ਪੈਂਦੀਆਂ ਰਹਿ ਸਕਦੀਆਂ ਹਨ। ਇਸ ਵਾਰ ਮਾਨਸੂਨ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਉੱਤਰੀ ਭਾਰਤ ਵਿੱਚ ਪੁੱਜਣ ਦੀ ਸੰਭਾਵਨਾ ਬਣੀ ਹੋਈ ਹੈ।
ਸਨਿੱਚਰਵਾਰ ਤੇ ਐਤਵਾਰ ਸ਼ਾਮ ਤੱਕ ਵੀ ਗਰਮੀ ਕੁਝ ਜ਼ਿਆਦਾ ਵਧ ਸਕਦੀ ਹੈ। ਉਸ ਤੋਂ ਬਾਅਦ ਹਵਾ ਦਾ ਦਬਾਅ ਵਧਣ ਨਾਲ ਮੌਸਮ ਕੁਝ ਠੰਢਾ ਹੋ ਜਾਵੇਗਾ।
ਉੱਤਰੀ ਭਾਰਤ ਦੇ ਕੁਝ ਵੱਧ ਉੱਚੇ ਪਹਾੜੀ ਇਲਾਕਿਆਂ ਵਿੱਚ ਤਾਂ ਹਾਲੇ ਵੀ ਹਲਕਾ ਮੀਂਹ ਪੈਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ।