ਆਮ ਆਦਮੀ ਪਾਰਟੀ ਪੰਜਾਬ ਦੀ ਇਕਾਈ ਤੋਂ ਬਾਗੀ ਹੋਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ 1984 ਸਿੱਖ ਕਤਲੇਆਮ ਮਾਮਲੇ ਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਅੱਜ ਦੋਸ਼ੀ ਕਰਾਰ ਦਿੱਤੇ ਜਾਣ ਦੇ ਦਿੱਲੀ ਹਾਈ ਕੋਰਟ ਦੇ ਫੈਸਲੇ ਦਾ ਸੁਆਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਫੈਸਲਾ ਤਾਂ ਚੰਗਾ ਆਇਆ ਹੈ ਪਰ ਬਹੁਤ ਹੀ ਦੇਰ ਬਾਅਦ ਆਇਆ ਹੈ।
ਸਖਪਾਲ ਖਹਿਰਾ ਨੇ ਫੈਸਲੇ ਦੇ ਲੇਟ ਆਉਣ ਤੇ ਕਿਹਾ ਕਿ ਸੱਜਣ ਕੁਮਾਰ ਤੇ 34 ਸਾਲ ਬਾਅਦ ਜੋ ਫੈਸਲਾ ਆਇਆ ਹੈ ਉਹ ਬਹੁਤ ਲੇਟ ਫੈਸਲਾ ਹੈ ਕਿਉਂਕਿ 34 ਸਾਲਾਂ ਤੱਕ ਭਾਰੀ ਜੱਦੋਜਹਿਦ ਕਰਕੇ ਸਿਰਫ ਇੱਕ ਦੋਸ਼ੀ ਫੜ੍ਹਿਆ ਗਿਆ ਹੈ। ਉਨ੍ਹਾਂ ਕਿਹਾ ਸੱਜਣ ਕੁਮਾਰ ਤੋਂ ਇਲਾਵਾ ਇਸ ਮਾਮਲੇ ਚ ਹੋਰ ਵੀ ਕਈ ਆਗੂਆਂ ਦੇ ਨਾਂ ਸਾਹਮਣੇ ਆ ਰਹੇ ਹਨ ਜਿਨ੍ਹਾਂ ਚ ਟਾਈਟਲ, ਐਚ ਕੇ ਐਲ ਭਗਤ, ਆਰਐਸਐਸ ਅਤੇ ਭਾਜਪਾਈਆਂ ਦੇ ਨਾਂ ਵੀ ਸ਼ਾਮਲ ਹੈ। ਜਿਨ੍ਹਾਂ ਨੇ ਇਸ ਕਤਲੇਆਮ ਚ ਆਪਣੀ ਅਹਿਮ ਭੂਮਿਕਾ ਅਦਾ ਕੀਤੀ ਸੀ।
ਉਨ੍ਹਾਂ ਕਿਹਾ ਕਿ ਦੇਸ਼ ਚ ਹਰੇਕ ਧਰਮ ਨਾਲ ਸਬੰਧ ਅਤੇ ਸਹੀ ਮਾਇਨੇ ਚ ਸਹੀ ਇਨਸਾਨ ਨੇ ਇਸ ਘਟਨਾ ਨੂੰ ਬਹੁਤ ਮਾੜਾ ਮਨਾਇਆ ਕਿ 21ਵੀਂ ਸਦੀ ਦੇ ਇਸ ਯੁੱਗ ਵਿਚ ਹਜ਼ਾਰਾਂ ਸਿੱਖਾਂ ਨੂੰ ਗਲ ਚ ਟਾਇਰ ਪਾ ਕੇ ਸਾੜ ਦਿੱਤਾ ਗਿਆ, ਬਲਾਤਕਾਰ ਹੋਏ ਤੇ ਕਿਸੇ ਨੇ ਇਸ ਘਟਨਾ ਦੀ ਕੋਈ ਜਿ਼ੰਮੇਵਾਰੀ ਨਹੀਂ ਲਈ ਪਰ ਜਿਨਾਂ ਨੇ ਹਿੰਮਤ ਕਰਕੇ ਇਸ ਕਤਲੇਆਮ ਦੇ ਇਨਸਾਫ ਲਈ ਜਿਹੜੀ ਕੋਸਿ਼ਸ਼ ਕੀਤੀ, ਉਨ੍ਹਾਂ ਦੀ ਮਿਹਨਤ ਸਦਕਾ ਹੀ ਅੱਜ ਇਹ ਸ਼ਲਾਘਾਯੋਗ ਫੈਸਲਾ ਆਇਆ ਹੈ।
ਸੁਖਪਾਲ ਖਹਿਰਾ ਨੇ 1984 ਸਿੱਖ ਕਤਲੇਆਮ ਮਾਮਲੇ ਦੀ ਪੈਰਵੀਂ ਕਰ ਰਹੇ ਐਚ ਐਸ ਫੂਲਕਾ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਦੀ ਲਗਾਤਾਰ ਕੋਸਿ਼ਸ਼ਾਂ ਸਦਕਾ ਅੱਜ 1984 ਸਿੱਖ ਕਤਲੇਆਮ ਦੇ ਸਾਜਿਸ਼ਕਰਤਾਵਾਂ ਚ ਸ਼ਾਮਲ ਇੱਕ ਵੱਡੇ ਮਗਰਮੱਛ ਨੂੰ ਉਸਦੇ ਅੰਜਾਮ ਤੱਕ ਪਹੁੰਚਾਇਆ। ਖਹਿਰਾ ਨੇ ਇਸ ਕੇਸ ਨੂੰ ਆਪਣੇ ਅੰਜਾਮ ਤੱਕ ਪਹੁੰਚਾਉਣ ਵਾਲੇ ਲਈ ਆਪਣਾ ਬਣਦਾ ਯੋਗਦਾਨ ਪਾਉਣ ਲਈ ਹਰੇਕ ਵਿਅਕਤੀ ਨੂੰ ਧੰਨਵਾਦ ਕੀਤਾ।