ਭਾਰਤੀ ਹਵਾਈ ਫ਼ੌਜ ’ਚੋਂ ਸੇਵਾ–ਮੁਕਤ ਹੋ ਚੁੱਕੇ ਜਹਾਜ਼ ਮਿੱਗ–21 ਨੂੰ ਬਠਿੰਡਾ ਦੇ ਭਾਈ ਘਨੱਈਆ ਚੌਕ ’ਚ ਕਿਸ ਨੇ ਸਥਾਪਤ ਕਰਵਾਇਆ, ਹੁਣ ਸਥਾਨਕ ਪੱਧਰ ’ਤੇ ਦੋ ਬਾਦਲਾਂ ਵਿਚਾਲੇ ਇਸ ਦਾ ਸਿਹਰਾ ਬੰਨ੍ਹਣ ਦੀ ਜੰਗ ਚੱਲ ਰਹੀ ਹੈ।
ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਤੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਦੋਵੇਂ ਹੁਣ ਇਸ ਦਾ ਸਿਹਰਾ ਆਪਣੇ ਸਿਰ ਬੰਨ੍ਹਣਾ ਚਾਹੁੰਦੇ ਹਨ।
ਇੰਪਰੂਵਮੈਂਟ ਟਰੱਸਟ ਵੱਲੋਂ ਇਹ ਜਹਾਜ਼ ਸਥਾਪਤ ਕਰਵਾਇਆ ਗਿਆ ਹੈ। ਇਸ ਬਾਰੇ ਮਨਪ੍ਰੀਤ ਸਿੰਘ ਬਾਦਲ ਹੁਰਾਂ ਦਾ ਕਹਿਣਾ ਹੈ ਕਿ – ‘ਲੋਕ ਮੈਨੂੰ ਪੁੱਛ ਰਹੇ ਹਨ ਕਿ ਮੈਂ ਇੱਥੇ ਇਹ ਹਵਾਈ ਜਹਾਜ਼ ਕਿਉਂ ਰਖਵਾਇਆ ਹੈ। ਮੈਂ ਉਨ੍ਹਾਂ ਨੂੰ ਇਹੋ ਆਖਦਾ ਰਿਹਾ ਹਾਂ ਕਿ ਇਸ ਨਾਲ ਉਨ੍ਹਾਂ ਵਿੱਚ ਦੇਸ਼–ਭਗਤੀ ਦੀ ਭਾਵਨਾ ਭਰੇਗੀ।’
ਇੱਕ ਦਿਨ ਬਾਅਦ, ਹਰਸਿਮਰਤ ਕੌਰ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਇਸ ਦਾ ਸਿਹਰਾ ਆਪਦੇ ਸਿਰ ਬੰਨ੍ਹਦਿਆਂ ਲਿਖਿਆ – ‘ਜਦੋਂ ਬਠਿੰਡਾ ਨੂੰ ਇਸ ਦਾ ਪਹਿਲਾ ਫ਼ਲਾਈਓਵਰ ਮਿਲਿਆ ਸੀ, ਮੈਂ ਤਦ ਹੀ ਸੋਚ ਲਿਆ ਸੀ ਕਿ ਇੱਕ ਮਿੱਗ ਬਠਿੰਡਾ ਦੇ ਕਿਸੇ ਚੌਕ ਵਿੱਚ ਜ਼ਰੂਰ ਲਵਾਉਣਾ ਹੈ, ਤਾਂ ਜੋ ਸ਼ਹਿਰ ਦੇ ਨੌਜਵਾਨਾਂ ਨੂੰ ਦੇਸ਼ ਦੀ ਫ਼ੌਜ ਵਿੱਚ ਭਰਤੀ ਹੋਣ ਦੀ ਪ੍ਰੇਰਣਾ ਮਿਲ ਸਕੇ। ਹੁਣ ਖ਼ੁਸ਼ ਹਾਂ ਕਿ ਮੇਰੀਆਂ ਕੋਸ਼ਿਸ਼ਾਂ ਰੰਗ ਲਿਆਈਆਂ ਹਨ ਅਤੇ ਸੁਪਰਸੋਨਿਕ ਜੰਗੀ ਜਹਾਜ਼ ਮਿੱਗ–21 ਅੱਜ ਸ਼ਹਿਰ ਵਿੱਚ ਸਥਾਪਤ ਹੋ ਗਿਆ ਹੈ।’
ਸ੍ਰੀਮਤੀ ਬਾਦਲ ਨੇ ਆਪਣੀ ਇਹ ਪੋਸਟ ਦੇਸ਼ ਦੇ ਰੱਖਿਆ ਮੰਤਰਾਲੇ ਨਾਲ ਵੀ ਸ਼ੇਅਰ ਕੀਤੀ ਸੀ।