ਡੀਜ਼ਲ ਮਲਟੀਪਲ ਯੂਨਿਟ (ਡੀਐਮਯੂ) ਰੇਲ ਗੱਡੀ ਦੇ ਡਰਾਈਵਰ ਦੀ ਸੂਝਬੂਝ ਨਾਲ ਬੁੱਧਵਾਰ ਨੂੰ ਰੇਲ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਰੇਲਗੱਡੀ ਦੇ ਇੰਜਣ ਨੂੰ ਅੱਗ ਲੱਗ ਗਈ, ਡਰਾਈਵਰ ਦੀ ਚੌਕਸੀ ਕਾਰਨ ਹਾਦਸੇ ਤੋਂ ਬਚਾਅ ਹੋ ਗਿਆ।
ਰੇਲ ਗੱਡੀ ਦੇ ਡਰਾਈਵਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਹ ਜਲੰਧਰ ਤੋਂ ਪਠਾਨਕੋਟ ਲਈ ਡੀਐਮਯੂ ਰੇਲ ਗੱਡੀ ਲੈ ਕੇ ਜਾ ਰਹੇ ਸਨ ਕਿ ਕਾਲਾ ਬਕਰਾ ਕੋਲ ਪਹੁੰਚਣ ਉਤੇ ਉਸਨੇ ਇੰਜਣ ਵਿਚੋਂ ਧੂੰਆਂ ਨਿਕਲਦਾ ਦੇਖਿਆ। ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਣਕਾਰੀ ਤੁਰੰਤ ਉਚ ਅਧਿਕਾਰੀਆਂ ਨੂੰ ਦਿੱਤੀ ਅਤੇ ਜਾਨ ਦੀ ਪਰਵਾਹ ਕੀਤੇ ਬਿਨਾਂ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਨ ਲੱਗਿਆ।
ਮੁੱਖ ਨਿਰੀਖਕ ਕੁਲਬੀਰ ਸਿੰਘ ਨੇ ਦੱਸਿਆ ਕਿ ਅੱਗ ਇੰਜਣ ਵਿਚ ਰੱਖੀਆਂ ਬੈਟਰੀਆਂ ਵਿਚ ਲੱਗੀ ਸੀ। ਉਨ੍ਹਾਂ ਦੱਸਿਆ ਕਿ ਡਰਾਈਵਰ ਨੇ ਇੰਜਣ ਵਿਚੋਂ ਧੂੰਆਂ ਨਿਕਲਦਾ ਦੇਖਿਆ ਉਨ੍ਹਾਂ ਨੂੰ ਸੂਚਿਤ ਕੀਤਾ ਜਿਸ ਦੇ ਬਾਅਦ ਰੇਲ ਗੱਡੀਆਂ ਨੂੰ ਭੋਗਪੁਰ ਰੇਲਵੇ ਸਟੇਸ਼ਨ ਉਤੇ ਪਹੁੰਚਾਕੇ ਇੰਜਣ ਨੂੰ ਬਾਕੀ ਡੱਬਿਆਂ ਨਾਲੋਂ ਵੱਖ ਕਰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਅੱਗ ਉਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ਉਤੇ ਪਹੁੰਚ ਗਈਆਂ ਸਨ। ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ, ਪ੍ਰੰਤੂ ਡਰਾਈਵਰ ਦੀ ਸੂਝਬੂਝ ਨਾਲ ਕਈ ਲੋਕਾਂ ਦੀ ਜਾਨ ਬਚ ਗਈ।