ਚੰਡੀਗੜ੍ਹ ਤੋਂ ਸੰਸਦ ਮੈਂਬਰ (MP) ਕਿਰਨ ਖੇਰ ਉਸ ਵੇਲੇ ਨਾਰਾਜ਼ ਹੋ ਗਏ, ਜਦੋਂ ਉਨ੍ਹਾਂ ਪਾਣੀ ਦੇ ਇੱਕ ਟੈਂਕਰ ਨੂੰ ਵੇਖਿਆ। ਦਰਅਸਲ, ਸ੍ਰੀਮਤੀ ਕਿਰਨ ਖੇਰ ਸੈਕਟਰ 17 ਸਥਿਤ ਨਗਰ ਨਿਗਮ ਦੇ ਦਫ਼ਤਰ ਵਿੱਚ ਪਾਣੀ ਦੇ ਟੈਂਕਰਾਂ ਦੀ ਸੇਵਾ ਨੂੰ ਝੰਡੀ ਵਿਖਾ ਕੇ ਰਵਾਨਾ ਕਰਨ ਦੀ ਰਸਮ ਸੰਪੰਨ ਕਰਨ ਵਾਲੇ ਸਨ ਪਰ ਜਿਵੇਂ ਹੀ ਉਨ੍ਹਾਂ ਵੇਖਿਆ ਕਿ ਪਾਣੀ ਦੇ ਕਿਸੇ ਟੈਂਕਰ ਉੱਤੇ ਉਨ੍ਹਾਂ (ਕਿਰਨ ਖੇਰ) ਦਾ ਤਾਂ ਕਿਤੇ ਨਾਂਅ ਹੀ ਨਹੀਂ ਦਿੱਤਾ ਗਿਆ।
ਪਾਣੀ ਦੇ ਇਨ੍ਹਾਂ ਟੈਂਕਰਾਂ ਲਈ 1.1 ਕਰੋੜ ਰੁਪਏ ਦੀ ਰਕਮ ਸ੍ਰੀਮਤੀ ਕਿਰਨ ਖੇਰ ਨੇ ਹੀ ਆਪਣੇ ਨਿਜੀ ਸਰਕਾਰੀ ਫ਼ੰਡ ‘ਮੈਂਬਰ ਆਫ਼ ਪਾਰਲੀਮੈਂਟ ਲੋਕਲ ਏਰੀਆ ਡਿਵੈਲਪਮੈਂਟ ਸਕੀਮ’ (MPLADS) ’ਚੋਂ ਦਿੱਤੀ ਸੀ। ਇਸ ਲਈ ਸੁਭਾਵਕ ਤੌਰ ਉੱਤੇ ਉਨ੍ਹਾਂ ਟੈਂਕਰਾਂ ਉੱਤੇ ਨਾਂਅ ਚਾਹੀਦਾ ਸੀ।
ਜਦੋਂ ਸ੍ਰੀਮਤੀ ਕਿਰਨ ਖੇਰ ਪਾਣੀ ਦੇ ਟੈਂਕਰਾਂ ਉੱਤੇ ਆਪਣਾ ਨਾਂਅ ਨਾ ਵੇਖ ਕੇ ਨਾਰਾਜ਼ ਹੋਏ, ਤਦ ਉਸ ਮੌਕੇ ਮੇਅਰ ਰਾਜੇਸ਼ ਕਾਲੀਆ, ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਤੇ ਨਗਰ ਨਿਗਮ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਸ੍ਰੀਮਤੀ ਖੇਰ ਨੇ ਤਦ ਤੁਰੰਤ ਸ੍ਰੀ ਰਾਜੇਸ਼ ਕਾਲੀਆ ਨੂੰ ਇਸ ਦੀ ਸ਼ਿਕਾਇਤ ਕੀਤੀ। ਸ੍ਰੀਮਤੀ ਖੇਰ ਨੇ ਉੱਥੇ ਮੌਜੂਦ ਅਧਿਕਾਰੀਆਂ ਤੇ ਮੇਅਰ ਨੂੰ ਇਹ ਵੀ ਹਦਾਇਤ ਜਾਰੀ ਕੀਤੀ ਉਨ੍ਹਾਂ ਦਾ ਨਾਂਅ ਇਨ੍ਹਾਂ ਵਾਟਰ–ਟੈਂਕਰਾਂ ਉੱਤੇ ਕੁਝ ਵੱਡੇ ਅੱਖਰਾਂ ਵਿੱਚ ਚਾਹੀਦਾ ਹੈ।
ਸ੍ਰੀ ਕਾਲੀਆ ਨੇ ਤੁਰੰਤ ਨਗਰ ਨਿਗਮ ਦੇ ਕਮਿਸ਼ਨਰ ਕੇ.ਕੇ. ਯਾਦਵ ਨੂੰ ਕਿਹਾ ਕਿ ਉਹ ਇਸ ਗ਼ਲਤੀ ਨੂੰ ਸੁਧਾਰਨ। ਸ੍ਰੀ ਯਾਦਵ ਨੇ ਤਦ ਜਨ–ਸਿਹਤ ਮਾਮਲਿਆਂ ਦੇ ਨਿਗਰਾਨ ਇੰਜੀਨੀਅਰ ਸ਼ੈਲੇਂਦਰ ਸਿੰਘ ਨੂੰ ਸੱਦਿਆ ਤੇ ਉਨ੍ਹਾਂ ਨੂੰ ਸਨਿੱਚਰਵਾਰ ਤੱਕ ਟੈਂਕਰਾਂ ਉੱਤੇ ਨਾਂਅ ਲਿਖਣ ਲਈ ਆਖਿਆ।
ਸ੍ਰੀਮਤੀ ਕਿਰਨ ਖੇਰ ਨੇ ਕਿਹਾ ਕਿ ਪਹਿਲਾਂ ਪਾਣੀ ਦੇ ਅਜਿਹੇ ਟੈਂਕਰਾਂ ਉੱਤੇ ਪਿਛਲੇ ਐੱਮਪੀ ਪਵਨ ਕੁਮਾਰ ਬਾਂਸਲ ਦਾ ਨਾਂਅ ਲਿਖਿਆ ਹੁੰਦਾ ਸੀ। ਉਨ੍ਹਾਂ ਦੱਸਿਆ ਕਿ ਲੋਕ ਉਨ੍ਹਾਂ ਨੂੰ ਪੁੱਛਦੇ ਸਨ ਕਿ ਉਨ੍ਹਾਂ ਨੇ ਹਾਲੇ ਤੱਕ ਪਾਣੀ ਦੇ ਟੈਂਕਰਾਂ ਲਈ ਫ਼ੰਡ ਕਿਉਂ ਜਾਰੀ ਨਹੀਂ ਕੀਤੇ। ਚੰਡੀਗੜ੍ਹ ਦੀਆਂ ਸੜਕਾਂ ਉੱਤੇ ਹਾਲੇ ਵੀ ਪਿਛਲੇ ਐੱਮਪੀ ਪਵਨ ਬਾਂਸਲ ਦੇ ਨਾਂਅ ਵਾਲੇ ਟੈਂਕਰ ਚੱਲਦੇ ਵੇਖੇ ਜਾ ਸਕਦੇ ਹਨ।
MPLADS ਅਧੀਨ ਹਰੇਕ ਸੰਸਦ ਮੈਂਬਰ ਹਰ ਸਾਲ ਆਪਣੇ ਖੇਤਰ ਵਿੱਚ 5 ਕਰੋੜ ਰੁਪਏ ਵੱਖੋ–ਵੱਖਰੇ ਫ਼ੰਡਾਂ ਉੱਤੇ ਖ਼ਰਚ ਕਰ ਸਕਦਾ ਹੈ।
ਗਰਮੀਆਂ ਦੇ ਮੌਸਮ ਦੌਰਾਨ ਚੰਡੀਗੜ੍ਹ ਵਿੱਚ ਅਕਸਰ ਪਾਣੀ ਦੀ ਕਿੱਲਤ ਬਣੀ ਰਹਿੰਦੀ ਹੈ; ਇਸ ਲਈ ਟੈਂਕਰਾਂ ਦੀ ਮੰਗ ਵੀ ਬਹੁਤ ਹੁੰਦੀ ਹੈ। ਇਸੇ ਲਈ ਪਾਣੀ ਦੀ ਮੰਗ ਦੇ ਮੁਕਾਬਲੇ ਹਰ ਵਾਰ ਟੈਂਕਰਾਂ ਦੀ ਗਿਣਤੀ ਘਟਦੀ ਹੀ ਵਿਖਾਈ ਦਿੰਦੀ ਹੈ।
ਇਨ੍ਹਾਂ ਨਵੇਂ ਟੈਂਕਰਾਂ ਵਿੱਚ ਮੋਟਰਾਂ ਵੀ ਲਾਈਆਂ ਗਈਆਂ ਹਨ; ਜਿਨ੍ਹਾਂ ਨਾਲ ਪਾਣੀ ਇਮਾਰਤਾਂ ਦੀਆਂ ਉੱਪਰਲੀਆਂ ਮੰਜ਼ਿਲਾਂ ਤੱਕ ਵੀ ਪੁੱਜ ਸਕੇ ਤੇ ਟੈਂਕੀਆਂ ਭਰ ਸਕਣ।