ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੱਲ੍ਹ 8ਵੀਂ ਜਮਾਤ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੇ ਗਏ ਪੰਜਾਬੀ ਵਿਸ਼ੇ ਦੇ ਪ੍ਰਸ਼ਨ–ਪੱਤਰ ਵਿੱਚ 90 ਗ਼ਲਤੀਆਂ ਸਾਹਮਣੇ ਆਈਆਂ ਹਨ। ਉਂਝ ਬੋਰਡ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਇਸ ਪ੍ਰਸ਼ਨ–ਪੱਤਰ ’ਚ 16 ਗ਼ਲਤੀਆਂ ਹਨ।
ਇਹ ਪ੍ਰਸ਼ਨ–ਪੱਤਰ ਜਿੱਥੇ ਪੰਜਾਬ ਸਰਕਾਰ ਵੱਲੋਂ ਸੂਬੇ ’ਚ ਪੰਜਾਬੀ ਭਾਸ਼ਾ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੇ ਦਾਅਵਿਆਂ ਦਾ ਪਾਜ ਉਘਾੜਦਾ ਹੈ, ਉੱਥੇ ਇਹ ਅਜੋਕੇ ਨਵੀਂ ਪੀੜ੍ਹੀ ਦੇ ਅਧਿਆਪਕਾਂ ਦੀ ਆਪਣੀ ਯੋਗਤਾ ਉੱਤੇ ਵੀ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ।
ਕੱਲ੍ਹ ਪਹਿਲਾ ਪੇਪਰ ਹੀ ਪੰਜਾਬੀ ਵਿਸ਼ੇ ਦਾ ਸੀ; ਉਹ ਗ਼ਲਤੀਆਂ ਨਾਲ ਭਰਪੂਰ। ਹੋਰ ਵਿਸ਼ਿਆਂ ਦੇ ਪ੍ਰਸ਼ਨ–ਪੱਤਰਾਂ ’ਚ ਸ਼ਬਦ–ਜੋੜਾਂ ਦੀ ਗ਼ਲਤੀ ਚੱਲ ਸਕਦੀ ਹੈ ਪਰ ਭਾਸ਼ਾ ਦੇ ਪੇਪਰ ਵਿੱਚ ਹਰਗਿਜ਼ ਨਹੀਂ।
ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਦੇ ਅਖ਼ਬਾਰਾਂ ਨੇ ਇਸ ਪ੍ਰਸ਼ਨ–ਪੱਤਰ ਵਿੱਚ ਗ਼ਲਤੀਆਂ ਦੀ ਗਿਣਤੀ ਵੱਖੋ–ਵੱਖਰੀ ਦਿੱਤੀ ਹੈ ਪਰ ‘ਪੰਜਾਬੀ ਜਾਗਰਣ’ ਵੱਲੋਂ ਪ੍ਰਕਾਸ਼ਿਤ ਸਤਵਿੰਦਰ ਸਿੰਘ ਧੜਾਕ ਦੀ ਰਿਪੋਰਟ ’ਚ ਇਨ੍ਹਾਂ ਗ਼ਲਤੀਆਂ ਦੀ ਗਿਣਤੀ ਸਭ ਤੋਂ ਵੱਧ 90 ਹੋਣ ਦਾ ਦਾਅਵਾ ਕੀਤਾ ਗਿਆ ਹੈ।
ਜੇ ਇਸ ਰਿਪੋਰਟ ਨੂੰ ਆਧਾਰ ਬਣਾਈਏ, ਤਾਂ ਇਹ ਪੰਜਾਬ ਸਰਕਾਰ ਦੇ ਨਾਲ–ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਲਈ ਵੀ ਨਮੋਸ਼ੀ ਭਰਿਆ ਛਿਣ ਹੈ। ਤਿੰਨ ਲੱਖ ਤੋਂ ਵੀ ਵੱਧ ਵਿਦਿਆਰਥੀਆਂ ਨੇ ਕੱਲ੍ਹ ਇਹ ਪ੍ਰਸ਼ਨ–ਪੱਤਰ ਪੜ੍ਹਿਆ। ਉਨ੍ਹਾਂ ’ਚੋਂ ਬਹੁਤੇ ਇਨ੍ਹਾਂ ਗ਼ਲਤ ਸ਼ਬਦ–ਜੋੜਾਂ ਨੂੰ ਦਰੁਸਤ ਮੰਨਣ ਦੀ ਭੁੱਲ ਵੀ ਕਰ ਸਕਦੇ ਹਨ।
ਹੁਣ ਬੋਰਡ ਦੇ ਕੁਝ ਅਧਿਕਾਰੀ ਬਚਣ ਲਈ ਅਜਿਹੇ ਦਾਅਵੇ ਵੀ ਕਰ ਰਹੇ ਹਨ ਕਿ ਇਸ ਪ੍ਰਸ਼ਨ–ਪੱਤਰ ਦੀ ਛਪਾਈ ਸਮੇਂ ਇਸ ਦੀ ਸਹੀ ਤਰੀਕੇ ਪਰੂਫ਼–ਰੀਡਿੰਗ ਨਹੀਂ ਹੋਈ। ਜੇ ਇਹ ਨਹੀਂ ਹੋਈ, ਤਾਂ ਇਹ ਗ਼ਲਤੀਆਂ ਤੋਂ ਵੀ ਵੱਡਾ ਜੁਰਮ ਹੈ। ਪਰ ਅਸਲੀਅਤ ਇਹ ਹੈ ਕਿ ਅੱਜ–ਕੱਲ੍ਹ ਦੇ ਅਧਿਆਪਕ ਪੰਜਾਬੀ ਵਿਸ਼ੇ ਪ੍ਰਤੀ ਕੋਈ ਬਹੁਤੀ ਮਿਹਨਤ ਨਹੀਂ ਕਰਨੀ ਚਾਹੁੰਦੇ। ਉਨ੍ਹਾਂ ’ਚੋਂ ਕਿਸੇ ਦੇ ਅੰਗਰੇਜ਼ੀ ਸ਼ਬਦ–ਜੋੜਾਂ ਵਿੱਚ ਕਦੇ ਕੋਈ ਗ਼ਲਤੀ ਨਹੀਂ ਹੁੰਦੀ ਪਰ ਪੰਜਾਬੀ ’ਚ ਅਜਿਹੀਆਂ ਗ਼ਲਤੀਆਂ ਦੀ ਭਰਮਾਰ ਪਾਈ ਜਾਂਦੀ ਹੈ।
ਤੁਹਾਨੂੰ ਚੇਤੇ ਹੋਵੇਗਾ ਕਿ ਅਕਾਲੀ–ਭਾਜਪਾ ਗੱਠਜੋੜ ਸਰਕਾਰ ਵੱਲੋਂ ਉਦੋਂ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਜਦੋਂ ਅਚਾਨਕ ਪੰਜਾਬ ਦੇ ਅਧਿਆਪਕਾਂ ਦਾ ਟੈਸਟ ਲਿਆ ਸੀ; ਤਾਂ ਉਨ੍ਹਾਂ ਵਿੱਚੋਂ ਬਹੁਤਿਆਂ ਦੇ ਪੰਜਾਬੀ ਤੇ ਅੰਗਰੇਜ਼ੀ ਦੋਵੇਂ ਹੀ ਭਾਸ਼ਾਵਾਂ ਦੇ ਸ਼ਬਦ–ਜੋੜਾਂ ਵਿੱਚ ਬਹੁਤ ਸਾਰੀਆਂ ਗ਼ਲਤੀਆਂ ਸਨ। ਉਸ ਤੋਂ ਬਾਅਦ ਕਿਸੇ ਵੀ ਮੰਤਰੀ ਜਾਂ ਅਧਿਕਾਰੀ ਨੇ ਅਧਿਆਪਕਾਂ ਦੀ ਇਸ ਯੋਗਤਾ ਨੂੰ ਪਰਖਣ ਦਾ ਜੇਰਾ ਨਹੀਂ ਕੀਤਾ।
ਹੁਣ ਵੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਸੂਬੇ ਦੇ ਅਧਿਆਪਕਾਂ ਨੂੰ ਮਾਂ–ਬੋਲੀ ਪੰਜਾਬੀ ਪ੍ਰਤੀ ਕਿਹੜੀ ਨੀਤੀ ਨਾਲ ਗੰਭੀਰ ਬਣਾਏਗੀ?