ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਤਿਹਾਸ ਦੀ ਕਿਤਾਬ `ਚ ਗ਼ਲਤੀਆਂ ਲਈ ਕੌਣ ਜਿ਼ੰਮੇਵਾਰ - ਹੁਣ ਲੱਗੇਗਾ ਪਤਾ

ਇਤਿਹਾਸ ਦੀ ਕਿਤਾਬ `ਚ ਗ਼ਲਤੀਆਂ ਲਈ ਕੌਣ ਜਿ਼ੰਮੇਵਾਰ - ਹੁਣ ਲੱਗੇਗਾ ਪਤਾ

ਪੰਜਾਬ ਦੇ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਹੁਣ 12ਵੀਂ ਜਮਾਤ ਦੀ ਇਤਿਹਾਸ ਦੀ ਪਾਠ-ਪੁਸਤਕ `ਚ ਕਥਿਤ ਗ਼ਲਤੀਆਂ ਲਈ ਜਿ਼ੰਮੇਵਾਰੀ ਤੈਅ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇੱਕ ਦਿਨ ਪਹਿਲਾਂ ਮੰਤਰੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੂੰ ਜ਼ੁਬਾਨੀ ਝਾੜ ਵੀ ਪਾਈ ਸੀ।


ਸ੍ਰੀ ਸੋਨੀ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਜਾਂਚ ਹੁਣ ਸਕੂਲ ਸਿੱਖਿਆ ਸਕੱਤਰ ਕਰ ਰਹੇ ਹਨ ਤੇ ਜੇ ਕੋਈ ਵੀ ਦੋਸ਼ੀ ਪਾਇਆ ਗਿਆ, ਤਾਂ ਉਸ ਵਿਰੁੱਧ ਵਾਜਬ ਕਾਰਵਾਈ ਕੀਤੀ ਜਾਵੇਗੀ।


ਮੰਗਲਵਾਰ ਨੂੰ ‘ਹਿੰਦੁਸਤਾਨ ਟਾਈਮਜ਼` ਨਾਲ ਗੱਲਬਾਤ ਦੌਰਾਨ ਮੰਤਰੀ ਸ੍ਰੀ ਸੋਨੀ ਨੇ ਦੱਸਿਆ ਕਿ ਉਨ੍ਹਾਂ ਅੱਜ ਮਾਹਿਰਾਂ ਦੀ ਉਸ ਟੀਮ ਨਾਲ ਵੀ ਗੱਲਬਾਤ ਕੀਤੀ, ਜਿਸ ਨੇ ਉਹ ਵਿਵਾਦਗ੍ਰਸਤ ਪੁਸਤਕ ਤਿਆਰ ਕਰਵਾਈ ਸੀ। ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਵਾਰ-ਵਾਰ ਸੰਪਰਕ ਕਰਨ ਦਾ ਜਤਨ ਕੀਤਾ ਗਿਆ ਪਰ ਅੱਗਿਓਂ ਕੋਈ ਹੁੰਗਾਰਾ ਨਹੀਂ ਮਿਲਿਆ।


ਮੰੰਤਰੀ ਸ੍ਰੀ ਸੋਨੀ ਨੇ ਦੱਸਿਆ ਕਿ ਉਨ੍ਹਾਂ ਸੋਮਵਾਰ ਨੂੰ ਚੇਅਰਮੈਨ ਕਲੋਹੀਆ ਨੂੰ ਆਖਿਆ ਸੀ ਕਿ ਬੋਰਡ ਦੀਆਂ ਗ਼ਲਤੀਆਂ ਦਾ ਖ਼ਮਿਆਜ਼ਾ ਹੁਣ ਸੂਬਾ ਸਰਕਾਰ ਨੂੰ ਭੁਗਤਣਾ ਪੈ ਰਿਹਾ ਹੈ। ਚੇਤੇ ਰਹੇ ਕਿ ਵਿਰੋਧੀ ਧਿਰ, ਖ਼ਾਸ ਕਰ ਕੇ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਗ਼ਲਤੀਆਂ ਨੂੰ ਹੁਣ ਮੁੱਖ ਮੁੱਦਾ ਬਣਾਈ ਬੈਠਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਹ ਮਾਮਲਾ ਚੁੱਕ ਲਿਆ ਹੈ। ਦੋਸ਼ ਹੈ ਕਿ ਇਸ ਪਾਠ-ਪੁਸਤਕ ਵਿੱਚ ਸਿੱਖ ਗੁਰੂ ਸਾਹਿਬਾਨ ਬਾਰੇ ਕੁਝ ਕਥਿਤ ਅਪਮਾਨਜਨਕ ਟਿੱਪਣੀਆਂ ਦਰਜ ਹਨ ਤੇ ਇਸ ਪੁਸਤਕ ਦੇ ਕੁਝ ਅਧਿਆਵਾਂ ਵਿੱਚ ਇਤਿਹਾਸ ਨਾਲ ਵੀ ਕਥਿਤ ਛੇੜਖਾਨੀ ਕੀਤੀ ਗਈ ਹੈ।


ਸ੍ਰੀ ਸੋਨੀ ਨੇ ਉਂਝ ਇਹ ਵੀ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਜਾਣਬੁੱਝ ਕੇ ਵੀ ਇਸ ਮੁੱਦੇ ਦਾ ਰਾਜਨੀਤੀਕਰਨ ਕਰ ਰਿਹਾ ਹੈ ਕਿਉਂਕਿ ਹੁਣ ਉਸ ਕੋਲ ਸਰਕਾਰ ਵਿਰੁੱਧ ਆਖਣ ਨੂੰ ਹੋਰ ਕੁਝ ਤਾਂ ਹੈ ਨਹੀਂ। ਉਨ੍ਹਾਂ ਕਿਹਾ ਕਿ ਇਸ ਮਾਮਲੇ `ਤੇ ਹੁਣ ਕੋਈ ਵਿਵਾਦ ਨਹੀਂ ਛੇੜਿਆ ਜਾਣਾ ਚਾਹੀਦਾ ਕਿਉਂਕਿ ਸਰਕਾਰ ਨੇ ਉਹ ਵਿਵਾਦਗ੍ਰਸਤ ਅਧਿਆਇ ਪਹਿਲਾਂ ਹੀ ਵਾਪਸ ਲੈ ਲਏ ਹਨ ਤੇ ਬੋਰਡ ਨੂੰ ਵੀ ਇਸ ਵਰ੍ਹੇ ਪਿਛਲੇ ਸਾਲ ਵਾਲੀ ਪੁਸਤਕ ਨਾਲ ਕੰਮ ਚਲਾਉਣ ਲਈ ਆਖਿਆ ਗਿਆ ਹੈ।


ਮੰਤਰੀ ਨੇ ਅੱਜ ਮਾਹਿਰਾਂ ਦੀ ਟੋਲੀ ਨੂੰ ਆਖਿਆ ਕਿ ਉਹ ਇਤਿਹਾਸ ਦੀਆਂ ਹੋਰ ਪੁਸਤਕਾਂ ਤਿਆਰ ਕਰਨ ਦਾ ਆਪਣਾ ਕੰਮ ਜਾਰੀ ਰੱਖਣ। ਜਦੋਂ ਉਹ ਕਿਤਾਬਾਂ ਲਿਖਣ ਦਾ ਕੰਮ ਮੁਕੰਮਲ ਹੋ ਜਾਵੇਗਾ, ਤਦ ਸਰਕਾਰ ਉਨ੍ਹਾਂ ਦੀ ਨਜ਼ਰਸਾਨੀ ਕਰੇਗੀ।


ਉੱਧਰ ਪਾਠ-ਪੁਸਤਕਾਂ ਤਿਆਰ ਕਰਨ ਵਾਲੀ ਮਾਹਿਰਾਂ ਦੀ ਟੀਮ ਦੇ ਮੁਖੀ ਤੇ ਉੱਘੇ ਇਤਿਹਾਸਕਾਰ ਡਾ. ਕ੍ਰਿਪਾਲ ਸਿੰਘ ਪਹਿਲਾਂ ਆਪਣੇ ਵੱਲੋਂ ਸਪੱਸ਼ਟੀਕਰਨ ਦਿੰਦਿਆਂ ਇਹ ਆਖ ਚੁੱਕੇ ਹਨ ਕਿ ਇਤਿਹਾਸ ਨੂੰ ਕਿਸੇ ਵੀ ਤਰ੍ਹਾਂ ਤੋੜ-ਮਰੋੜਨ ਦਾ ਕੋਈ ਜਤਨ ਕਿਤੇ ਨਹੀਂ ਕੀਤਾ ਗਿਆ। ਬੀਤੀ ਇੱਕ ਨਵੰਬਰ ਨੂੰ ਵੀ ਡਾ. ਕ੍ਰਿਪਾਲ ਸਿੰਘ ਨੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਇਹੋ ਆਖਿਆ ਸੀ ਕਿ ਪਾਠ-ਪੁਸਤਕਾਂ ਅਸਲ ਵਿੱਚ ਕੁਝ ਕਾਹਲ਼ੀ `ਚ ਤਿਆਰ ਕੀਤੀਆਂ ਗਈਆਂ ਸਨ, ਜਿਸ ਕਰ ਕੇ ਉਸ ਦੇ ਵਿਸ਼ੇ ਵਿੱਚ ਕੁਝ ਗ਼ਲਤੀਆਂ ਰਹਿ ਗਈਆਂ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Who is responsible for errors in history book