ਕੱਲ੍ਹ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਫ਼ੇਸਬੁੱਕ ਉੱਤੇ ਪਾਈ ਇੱਕ ਪੋਸਟ ਚਰਚਾ ਦਾ ਕੇਂਦਰ ਬਣੀ ਰਹੀ। ਦਰਅਸਲ, ਜੱਥੇਦਾਰ ਨੇ ਆਪਣੀ ਇਸ ਪੋਸਟ ਦੀ ਇਬਾਰਤ ਪੰਜ ਵਾਰ ਬਦਲੀ।
ਪੰਥਕ ਹਲਕਿਆਂ ਵਿੱਚ ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਜੱਥੇਦਾਰ ਸਾਹਿਬ ਇਸ ਵੇਲੇ ਕੁਝ ਦੁਬਿਧਾ ਵਿੱਚ ਚੱਲ ਰਹੇ ਹਨ; ਸ਼ਾਇਦ ਇਸੇ ਲਈ ਉਨ੍ਹਾਂ ਨੂੰ ਵਾਰ–ਵਾਰ ਇਹ ਪੋਸਟ ਬਦਲਣੀ ਪਈ।
ਕੱਲ੍ਹ ਪਾਕਿਸਤਾਨ ਤੋਂ ਆਏ ਪਹਿਲੇ ਕੌਮਾਂਤਰੀ ਨਗਰ ਕੀਰਤਨ ਤੋਂ ਬਾਅਦ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਪੋਸਟ ਪਾਈ; ਜਿਸ ਵਿੱਚ ਪਹਿਲਾਂ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਵਿੱਚ ਪਾਕਿਸਤਾਨ ਦਾ ਰਾਸ਼ਟਰੀ ਝੰਡਾ ਉੱਤਰੇ ਹੋਣ ਤੇ ਭਾਰਤੀ ਤਿਰੰਗਾ ਝੂਲਣ ਦੀ ਗੱਲ ਦੱਸੀ।
ਕੁਝ ਸਮੇਂ ਬਾਅਦ ਉਨ੍ਹਾਂ ਭਾਰਤੀ ਤਿੰਰੰਗਾ ਝੂਲਣ ਦੀ ਗੱਲ ਕੀਤੀ। ਇੰਝ ਹੀ ਉਨ੍ਹਾਂ ਪੰਜ ਵਾਰ ਇਸ ਦੀ ਇਬਾਰਤ ਨੂੰ ਬਦਲਿਆ।
ਹੁਣ ਵ੍ਹਟਸਐਪ ਦੇ ਕੁਝ ਪੰਥਕ ਗਰੁੱਪਾਂ ਵਿੱਚ ਇਹ ਬਹਿਸ ਚੱਲ ਰਹੀ ਹੈ ਕਿ – ‘ਜੱਥੇਦਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਤੇ ਰਾਸ਼ਟਰਵਾਦ ਵਿਚਾਲੇ ਦੁਬਿਧਾ ਵਿੱਚ ਝੂਲਦੇ ਰਹੇ।’
ਇਸ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਹਨ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਫ਼ੇਸਬੁੱਕ ਉੱਤੇ ਜਿਹੜੇ ਅਕਾਊਂਟ ਕੱਲ੍ਹ ਇਹ ਪੋਸਟ ਪਾਈ ਤੇ ਵਾਰ–ਵਾਰ ਐਡਿਟ ਕੀਤੀ ਗਈ ਹੈ; ਉਸ ਉੱਤੇ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਦੇ ਨਾਂਅ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਨਹੀਂ, ਸਗੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਲਿਖਿਆ ਹੋਇਆ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦਾ ਐਕਟਿੰਗ ਜੱਥੇਦਾਰ ਨਿਯੁਕਤ ਹੋਣ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਦਰਅਸਲ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹੀ ਜੱਥੇਦਾਰ ਸਨ।