ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਤੇ ਹਰਿਆਣਾ ਦੇ ਬਹੁਤੇ ਖਿਡਾਰੀ ਕਿਉਂ ਬਣ ਰਹੇ ਹਨ ਗੈਂਗਸਟਰ

ਫ਼ੋਟੋ: ਵਿੱਕੀ ਗੌਂਡਰ ਦੀ ਫ਼ਾਈਲ ਫ਼ੋਟੋ

ਸਾਲ 2004 `ਚ ਅੰਤਰ-ਰਾਜੀ ਸਕੂਲ ਖੇਡਾਂ ਵਿੱਚ ਕੌਮੀ ਪੱਧਰ ਦੇ ਡਿਸਕਸ ਥ੍ਰੋਅਰ ਰਹੇ ਹਰਜਿੰਦਰ ਸਿੰਘ ਨੂੰ ਬਹੁਤ ਚਾਅ ਨਾਲ ਜਲੰਧਰ ਦੇ ਸਰਕਾਰੀ ਸਪੋਰਟਸ ਕਾਲਜ `ਚ ਦਾਖ਼ਲ ਕਰਵਾਇਆ ਗਿਆ ਸੀ। ਉਂਝ ਉਹ ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਦੇ ਪਿੰਡ ਸਰਾਵਾਂ ਬੋਦਲਾ ਦਾ ਵਸਨੀਕ ਸੀ।

 

ਮੰਦੇਭਾਗੀਂ, ਇਹ ਗਭਰੂ ਹਰਜਿੰਦਰ ਸਿੰਘ ਆਪਣੇ ਪਿਤਾ ਦੇ ਸੁਫ਼ਨੇ ਸਾਕਾਰ ਕਰਨ ਲਈ ਕੌਮਾਂਤਰੀ ਪੱਧਰ ਦਾ ਖਿਡਾਰੀ ਤਾਂ ਨਾ ਬਣ ਸਕਿਆ ਪਰ ਇੱਥੋਂ ਉਸ ਦੇ ਅਪਰਾਧ ਜਗਤ ਵਿੱਚ ਪੈਰ ਧਰਨ ਦਾ ਰਾਹ ਜ਼ਰੂਰ ਖੁੱਲ੍ਹ ਗਿਆ। ਸਾਲ 2010 ਤੱਕ ਉਹ ਹਰਜਿੰਦਰ ਸਿੰਘ ਤੋਂ ਇੱਕ ਖ਼ਤਰਨਾਕ ਅਪਰਾਧੀ (ਗੈਂਗਸਟਰ) ਵਿੱਕੀ ਗੌਂਡਰ ਬਣ ਚੁੱਕਾ ਸੀ। ਸਾਲ 2016 ਦੌਰਾਨ ਉਸ ਸਨੇ ਨਾਭਾ ਜੇਲ੍ਹ `ਚੋਂ ਦੋ ਅੱਤਵਾਦੀਆਂ ਤੇ ਚਾਰ ਗੈਂਗਸਟਰ ਕੈਦੀਆਂ ਨੂੰ ਛੁਡਾਉਣ ਦੀ ਸਾਜਿ਼ਸ਼ ਰਚੀ ਸੀ।

 

ਇਸੇ ਵਰ੍ਹੇ 26 ਜਨਵਰੀ ਨੂੰ ਪੰਜਾਬ ਪੁਲਿਸ ਨਾਲ ਇੱਕ ਮੁਕਾਬਲੇ ਦੌਰਾਨ ਵਿੱਕੀ ਗੌਂਡਰ ਮਾਰਿਆ ਗਿਆ ਸੀ।

 

ਗੌਂਡਰ ਹੀ ਨਹੀਂ ਹੋਰ ਬਹੁਤ ਸਾਰੇ ਅਜਿਹੇ ਨਾਂਅ ਹਨ, ਜਿਹੜੇ ਪਹਿਲਾਂ ਖਿਡਾਰੀ ਸਨ ਪਰ ਬਾਅਦ `ਚ ਉਹ ਅਪਰਾਧ ਜਗਤ ਨਾਲ ਜੁੜ ਗਏ। ਇਸ ਮਾਮਲੇ `ਚ ਤਾਜ਼ਾ ਮਿਸਾਲ ਸੰਪਤ ਨਹਿਰਾ ਤੇ ਰਾਕੇਸ਼ ਮੋਖਰੀਆ ਦੀ ਦਿੱਤੀ ਜਾ ਸਕਦੀ ਹੈ। ਸੰਪਤ ਨਹਿਰਾ ਪਹਿਲਾਂ ਰਾਸ਼ਟਰੀ ਪੱਧਰ ਦਾ ਡੈਕਥਾਲੋਨ ਐਥਲੀਟ ਰਹਿ ਚੁੱਕਾ ਹੈ, ਜਦ ਕਿ ਰਾਕੇਸ਼ ਮੋਖਰੀਆ ਰਾਸ਼ਟਰੀ ਪੱਧਰ ਦਾ ਸੋਨ ਤਮਗ਼ਾ ਜੇਤੂ ਭਲਵਾਨ ਰਿਹਾ ਹੈ। ਇਹ ਦੋਵੇਂ ਹਾਲੇ ਪਿੱਛੇ ਜਿਹੇ ਗ੍ਰਿਫ਼ਤਾਰ ਹੋਏ ਹਨ।

 

ਪ੍ਰੇਮਾ ਲਾਹੌਰੀਆ, ਸ਼ੇਰਾ ਖੁੱਬਾਂ ਤੇ ਜਸਵਿੰਦਰ ਰੌਕੀ ਵੀ ਕੁਝ ਅਜਿਹੇ ਖਿਡਾਰੀਆਂ ਦੇ ਨਾਂਅ ਹਨ, ਜੋ ਪੰਜਾਬ ਤੇ ਹਰਿਆਣਾ ਦੇ ਖੇਡ ਜਗਤ ਵਿੱਚ ਛਾਏ ਰਹੇ ਹਨ ਪਰ ਖੇਡਾਂ ਵਿੱਚ ਅੱਗੇ ਜਾਣ ਲਈ ਉਨ੍ਹਾਂ ਨੇ ਟੇਸਟੋਸਟੀਰੋਨ ਜਿਹੇ ਸਹਾਰਿਆਂ ਨੂੰ ਵਰਤਿਆ ਤੇ ਆਖ਼ਰ ਅਪਰਾਧ ਜਗਤ ਵਿੱਚ ਚਲੇ ਗਏ।

 

ਫਿ਼ਰੋਜ਼ਪੁਰ ਦਾ ਜੈਪਾਲ ਸਿੰਘ ਭੁੱਲਰ ਇਸ ਵੇਲੇ ਉੱਤਰੀ ਭਾਰਤ ਦੇ ਸਭ ਤੋਂ ਵੱਧ ਚੁਸਤ-ਚਲਾਕ ਅਪਰਾਧੀਆਂ ਵਿੱਚੋਂ ਇੱਕ ਮੰਨਿਆ ਜਾਦਾ ਹੈ। ਉਹ ਵੀ ਪਹਿਲਾਂ ਰਾਸ਼ਟਰੀ ਪੱਧਰ ਦਾ ਹੈਮਰ ਥ੍ਰੋਅਰ ਰਹਿ ਚੁੱਕਾ ਹੈ। ਉਸੇ ਨੇ 2015 `ਚ ਸੋਲਨ ਜਿ਼ਲ੍ਹੇ ਦੇ ਪਰਵਾਣੂ ਵਿਖੇ ਰੌਕੀ ਦਾ ਕਤਲ ਕੀਤਾ ਸੀ। ਉਹ ਹਾਲੇ ਤੱਕ ਫ਼ਰਾਰ ਹੈ।

 

ਭੁੱਲਰ ਦਾ ਗੈਂਗਸਟਰ ਉਸਤਾਦ ਗੁਰਸ਼ਹੀਦ ਸਿੰਘ ਉਰਫ਼ ਸ਼ੇਰਾ ਖੁੱਬਣ 2012 `ਚ ਇੱਕ ਪੁਲਿਸ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ; ਉਹ ਵੀ ਇੱਕ ਹੈਮਰ ਥ੍ਰੋਅਰ ਸੀ।

 

ਸ਼ੇਰਾ ਖੁੱਬਨ ਗੁੱਟ ਦੀ ਅਗਵਾਈ ਹੁਣ ਤੀਰਥ ਢਿਲਵਾਂ ਕਰ ਰਿਹਾ ਹੈ, ਜੋ ਕਿਸੇ ਵੇਲੇ ਮਾਲਵਾ ਦਾ ਚਰਚਿਤ ਕਬੱਡੀ ਖਿਡਾਰੀ ਰਿਹਾ ਹੈ।

 

ਵਿੱਕੀ ਗੌਂਡਰ ਦਾ ਜੀਵਨ ਵੀ ਕਾਲਜ ਵਿੱਚ ਨਵਪ੍ਰੀਤ ਸਿੰਘ ਉਰਫ਼ ਲਵਲੀ ਬਾਬਾ ਨੂੰ ਮਿਲਣ ਤੋਂ ਬਾਅਦ ਬਦਲ ਗਿਆ ਸੀ। ਲਵਲੀ ਬਾਬਾ ਵੀ ਉੱਥੇ ਇੱਕ ਟ੍ਰੇਨੀ ਹੀ ਸੀ। ਬਾਬਾ ਨੇ ਨੇ ਗੌਂਡਰ ਨੂੰ ਜਲੰਧਰ ਦੇ ਖਿਡਾਰੀ ਪ੍ਰੇਮਾ ਲਾਹੌਰੀਆ ਨੂੰ ਮਿਲਾਇਆ ਸੀ। ਪ੍ਰੇਮਾ ਲਾਹੌਰੀਆ ਨੇ ਸਾਲ 2006 ਦੌਰਾਨ ਅੰਤਰ-ਰਾਜੀ ਕਾਲਜ ਚੈਂਪੀਅਨਸਿ਼ਪ ਦੌਰਾਨ ਚਾਂਦੀ ਦਾ ਤਮਗ਼ਾ ਜਿੱਤਿਆ ਸੀ ਤੇ ਇੰਝ ਇਹ ਤਿੰਨ ਦੋਸਤਾਂ ਦੀ ਤਿਕੜੀ ਬਣ ਗਈ।

 

ਲਾਹੌਰੀਆ 26 ਜਨਵਰੀ ਨੂੰ ਵਿਕੀ ਗੌਂਡਰ ਨਾਲ ਮਾਰਿਆ ਗਿਆ ਸੀ।

 

ਪੰਜਾਬ ਪੁਲਿਸ ਦਾ ਬਰਖ਼ਾਸਤ ਡੀਐੱਸਪੀ ਜਗਦੀਸ਼ ਭੋਲਾ ਵੀ ਪਹਿਲਾਂ ਅਰਜੁਨ ਪੁਰਸਕਾਰ ਜੇਤੂ ਭਲਵਾਨ ਰਹਿ ਚੁੱਕਾ ਹੈ ਅਤੇ ਉਸ ਨੂੰ ਰਾਤੋਂ-ਰਾਤ ਅਮੀਰ ਬਣਨ ਦੇ ਸੁਫ਼ਨੇ ਨੇ ਹੈਰੋਇਨ ਸਮੱਗਲਿੰਗ ਦੇ ਧੰਦੇ ਵੱਲ ਧੱਕ ਦਿੱਤਾ।

 

ਇਸੇ ਤਰ੍ਹਾਂ ਹਰਿਆਣਾ ਦਾ ਰਾਕੇਸ਼ ਮਲਿਕ ਉਰਫ਼ ਮੋਖਰੀਆ (37) ਵੀ ਆਪਣੇ ਸਮੇਂ ਦਾ ਬਹੁ-ਚਰਚਿਤ ਭਲਵਾਨ ਰਿਹਾ ਹੈ। ਉਸ ਨੇ ਹਰਿਆਣਾ ਦੇ ਅੰਤਰ-ਰਾਜੀ ਕੁਸ਼ਤੀ ਟੂਰਨਾਮੈਂਟ ਵਿੱਚ ਸੋਨ ਤਮਗ਼ਾ ਜਿੱਤਿਆ ਸੀ। ਸਾਲ 2003 ਦੌਰਾਨ ਦਿੱਲੀ ਦੇ ਤਾਲਕਟੋਰਾ ਸਟੇਡੀਅਮ -ਚ ਉਸ ਨੇ ਰਾਸ਼ਟਰੀ ਪੱਧਰ ਦੇ ਕੁਸ਼ਤੀ ਦੰਗਲ ਵਿੱਚ ਕਾਂਸੇ ਦਾ ਤਮਗ਼ਾ ਹਾਸਲ ਕੀਤਾ ਸੀ।

 

ਉਸ ਨੂੰ ਹਾਲੇ ਪਿਛਲੇ ਹਫ਼ਤੇ ਰੋਹਤਕ ਪੁਲਿਸ ਨੇ ਸ਼ਰਾਬ ਦੇ ਇੱਕ ਠੇਕੇਦਾਰ ਦਾ ਕਤਲ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਮੋਖਰੀਆ ਨੂੰ ਗੁਰਦਿਆਂ ਦੀ ਇਨਫ਼ੈਕਸ਼ਨ ਹੋ ਗਈ ਸੀ, ਇਸੇ ਲਈ ਉਸ ਨੂੰ ਆਪਣੀ ਪਹਿਲੀ ਪਸੰਦ ਕੁਸ਼ਤੀ ਛੱਡਣੀ ਪਈ ਸੀ। ਫਿਰ ਉਹ ਕਰਜ਼ਾ ਦੱਬਣ ਵਾਲਿਆਂ ਤੋਂ ਉਗਰਾਹੀ ਲਈ ਜਾਣ ਵਿੱਚ ਮਦਦ ਕਰਦਾ-ਕਰਦਾ ਕੁਝ ਗੈਂਗਸਟਰਾਂ ਦੇ ਢਹੇ ਚੜ੍ਹ ਗਿਆ ਅਤੇ ਇੰਝ ਅਪਰਾਧੀ ਬਣ ਗਿਆ।

 

ਸ਼ਨੀ ਦੇਵ ਉਰਫ਼ ਕੁੱਕੀ ਰਾਸ਼ਟਰੀ ਟੂਰਨਾਮੈਂਟਾਂ ਵਿੱਚ ਹਰਿਆਣਾ ਦੀ ਕਬੱਡੀ ਟੀਮ ਦਾ ਦੋ ਵਾਰ ਕੈਪਟਨ ਰਿਹਾ ਸੀ। ਉਸ ਨੂੰ ਕਤਲਾਂ ਦੇ ਕੁਝ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

 

ਉਸ ਦੇ ਪਰਿਵਾਰ ਅਨੁਸਾਰ ਕੁੱਕੀ ਦਾ ਖੇਡ ਕਰੀਅਰ ਉਸ ਦੇ ਇੱਕ ਝੂਠੇ ਕਤਲ ਕੇਸ ਵਿੱਚ ਫੜੇ ਜਾਣ ਤੋਂ ਬਾਅਦ ਖ਼ਤਮਮ ਹੋ ਗਿਅ ਾਸੀ। ਡੀਐੱਸਪੀ ਵੀਰ ਸਿੰਘ ਨੇ ਦੱਸਿਆ ਕਿ ਕੁੱਕੀ ਮਾੜੀ ਸੰਗਤ ਵਿੱਚ ਪੈ ਕੇ ਅਪਰਾਧਕ ਗਿਰੋਹਾਂ ਨਾਲ ਜੁੜ ਗਿਆ ਸੀ।

 

ਫਿ਼ਲੌਰ ਸਥਿਤ ਪੰਜਾਬ ਪੁਲਿਸ ਟਰੇਨਿੰਗ ਅਕੈਡਮੀ ਦੇ ਸੇਵਾ-ਮੁਕਤ ਸੰਯੁਕਤ ਸਕੱਤਰ ਅਤੇ ਮਨੋਵਿਗਿਆਨੀ ਡਾ. ਡੀ.ਜੇ. ਸਿੰਘ ਨੇ ਦੱਸਿਆ ਕਿ ਹਾਲੇ ਤੱਕ ਅਜਿਹੀ ਕੋਈ ਖੋਜ ਨਹੀਂ ਹੋਈ ਕਿ ਜਿਸ ਤੋਂ ਇਹ ਪਤਾ ਲੱਗ ਸਕੇ ਕਿ ਆਖ਼ਰ ਖਿਡਾਰੀ ਅਪਰਾਧ ਜਗਤ ਵੱਲ ਕਿਉਂ ਜਾ ਰਹੇ ਹਨ। ਉਨ੍ਹਾਂ ਕਿਹਾ: ‘‘ਖਿਡਾਰੀਆਂ ਨੂੰ ਅਸਲ ਚੁਸਤੀ-ਫੁਰਤੀ ਦੇ ਅਨੇਕ ਹੁਨਰ ਸਿਖਾਏ ਜਾਂਦੇ ਹਨ ਅਤੇ ਆਪਣੀ ਖੇਡ ਵਿੱਚ ਅੱਗੇ ਵਧਣ ਲਈ ਦੂਜੇ ਨੂੰ ਕਿਵੇਂ ਪਿਛਾਂਹ ਛੱਡਣਾ ਹੈ, ਇਹ ਸਭ ਸਿਖਾਇਆ ਜਾਂਦਾ ਹੈ। ਜੇ ਉਨ੍ਹਾਂ ਦਾ ਧਿਆਨ ਕਿਤੇ ਇੱਧਰ-ਉੱਧਰ ਵੰਡਿਆ ਜਾਂਦਾ ਹੈ, ਤਾਂ ਉਹ ਨਿਰਾਸ਼ ਹੋ ਜਾਂਦੇ ਹਨ। ਫਿਰ ਉਹ ਉਸ ਦੇ ਬਦਲੇ ਕੁਝ ਵੀ ਕਰਨਾ ਲੋਚਦੇ ਹਨ। ਉਹ ਤਦ ਅਜਿਹੇ ਕਰੀਅਰ ਅਪਣਾਉਣ ਲੱਗਦੇ ਹਨ, ਜਿੱਥੇ ਉਨ੍ਹਾਂ ਦੀ ਸਾਰੀ ਤਾਕਤ ਪੂਰੀ ਤਰ੍ਹਾਂ ਲੱਗਦੀ ਰਹੇ।``

 

ਉਲੰਪੀਅਨ ਤੇ ਭਾਰਤੀ ਹਾਕੀ ਕਪਤਾਨ ਪਰਗਟ ਸਿੰਘ ਨੇ ਕਿਹਾ ਕਿ ਜਦੋਂ ਕਿਸੇ ਖਿਡਾਰੀ ਨੂੰ ਸਫ਼ਲਤਾ ਨਹੀਂ ਮਿਲਦੀ, ਤਾਂ ਉਸ ਦਾ ਅੰਤਰਮਨ ਬਹੁਤ ਦੁਖੀ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਜਿਹੇ ਕੁਝ ਖਿਡਾਰੀ ਵੇਖੇ ਹਨ, ਜਿਹੜੇ ਆਪਣੀ ਮਨਪਸੰਦ ਖੇਡ ਵਿੱਚ ਜਦੋਂ ਅੱਗੇ ਨਾ ਵਧ ਸਕੇ, ਤਾਂ ਉਨ੍ਹਾਂ ਨੇ ਆਸਾਨੀ ਨਾਲ ਧਨ ਕਮਾਉਣ ਦੇ ਕਈ ਤਰ੍ਹਾਂ ਦੇ ਹੋਰ ਮੌਕੇ ਤੇ ਵਸੀਲੇ ਜੁਟਾ ਲਏ। ਕੁਝ ਖਿਡਾਰੀ ਆਪਣੀ ਕਾਰਗੁਜ਼ਾਰੀ ਨੂੰ ਵਧਾਉਣ ਤੇ ਹੋਰ ਵਧੀਆ ਬਣਾਉਣ ਲਈ ਨਸਿ਼ਆਂ ਦਾ ਸਹਾਰਾ ਲੈਂਦੇ ਹਨ ਤੇ ਬਾਅਦ `ਚ ਉਨ੍ਹਾਂ ਹੀ ਨਸਿ਼ਆਂ ਦੇ ਸਪਲਾਇਰ ਤੇ ਸਮੱਗਲਰ ਬਣ ਜਾਂਦੇ ਹਨ।

 

ਗੈਂਗਸਟਰ ਤੋਂ ਸਮਾਜ-ਸੇਵਕ ਬਣੇ ਲੱਖਾ ਸਿਧਾਣਾ ਵੀ ਪਹਿਲਾਂ ਕਬੱਡੀ ਦੇ ਖਿਡਾਰੀ ਰਹਿ ਚੁੱਕੇ ਹਨ। ਉਹ ਵੀ ਬਾਅਦ `ਚ ਅਪਰਾਧੀ ਬਣੇ ਸਨ। ਉਹ ਜਿ਼ਆਦਾਤਰ ਇਲਜ਼ਾਮ ਸਿਆਸੀ ਆਗੂਆਂ ਸਿਰ ਸੁੱਟਦੇ ਹਨ। ਉਨ੍ਹਾਂ ਦਾ ਕਹਿਣਾ ਹੈ: ‘‘ਸਿਆਸੀ ਆਗੂ ਆਪਣੀ ਤਾਕਤ ਦੇ ਪ੍ਰਦਰਸ਼ਨ ਲਈ ਵਧੀਆ ਖਿਡਾਰੀਆਂ ਨੂੰ ਆਪਣੇ ਜਾਲ਼ ਵਿੱਚ ਫਸਾਉਂਦੇ ਹਨ ਤੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਉਨ੍ਹਾਂ ਨੂੰ ਵਰਤਦੇ ਹਨ।``   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why many sportsmen in Punjab Haryana are turning to crime