ਅਗਲੀ ਕਹਾਣੀ

SGPC ਗਿਆਨੀ ਗੁਰਮੁਖ ਸਿੰਘ ਨੂੰ ਕਿਉਂ ਨਹੀਂ ਦੇ ਰਹੀ ਹੈੱਡ-ਗ੍ਰੰਥੀ ਦਾ ਫ਼ੁਲ ਚਾਰਜ

SGPC ਗਿਆਨੀ ਗੁਰਮੁਖ ਸਿੰਘ ਨੂੰ ਕਿਉਂ ਨਹੀਂ ਦੇ ਰਹੀ ਹੈੱਡ-ਗ੍ਰੰਥੀ ਦਾ ਫ਼ੁਲ ਚਾਰਜ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ - SGPC) ਨੇ ਭਾਵੇਂ ਗਿਆਨੀ ਗੁਰਮੁਖ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਬਹਾਲ ਕਰ ਦਿੱਤਾ ਹੈ ਪਰ ਫਿਰ ਵੀ ਕੁਝ ਸਿੱਖ ਜੱਥੇਬੰਦੀਆਂ ਵੱਲੋਂ ਪ੍ਰਗਟਾਏ ਜਾ ਰਹੇ ਰੋਹ ਕਾਰਨ ਉਨ੍ਹਾਂ ਨੂੰ ਮੁਕੰਮਲ ਚਾਰਜ ਦੇਣ ਤੋਂ ਟਾਲ਼ਾ ਹੀ ਵੱਟਿਆ ਜਾ ਰਿਹਾ ਹੈ।


ਦਰਅਸਲ, ਇਹ ਮਾਮਲਾ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫ਼ੀ ਦੇਣ ਦੇ ਮਾਮਲੇ ਨਾਲ ਜੁੜਿਆ ਹੋਇਆ ਹੈ। ਡੇਰਾ ਮੁਖੀ ਕਿਉਂਕਿ ਈਸ਼-ਨਿੰਦਾ ਦੇ ਮਾਮਲੇ `ਚ ਮੁਲਜ਼ਮ ਹੈ ਤੇ ਸਾਲ 2015 `ਚ ਉਸ ਨੁੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਦੇ ਦਿੱਤੀ ਦਿੱਤੀ ਗਈ ਸੀ ਤੇ ਤਦ ਵੀ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਹੀ ਸਨ। ਪਰ ਛੇਤੀ ਹੀ ਜਦੋਂ ਸਿੱਖ ਹਲਕਿਆਂ `ਚ ਇਸ ਮਾਫ਼ੀ ਦਾ ਜ਼ੋਰਦਾਰ ਵਿਰੋਧ ਹੋਣ ਲੱਗਾ, ਤਾਂ ਮੁਆਫ਼ੀ ਦਾ ਹੁਕਮ ਤੁਰੰਤ ਵਾਪਸ ਵੀ ਲੈ ਲਿਆ ਗਿਆ ਸੀ। ਤਦ ਹੀ ਗਿਆਨੀ ਗੁਰਮੁਖ ਸਿੰਘ ਹੁਰਾਂ ਨੇ ਦੋਸ਼ ਲਾਇਆ ਸੀ ਕਿ ‘ਬਾਦਲਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ `ਤੇ ਦਬਾਅ ਪਾਇਆ ਸੀ ਕਿ ਡੇਰਾ ਸਿਰਸਾ ਦੇ ਵਿਵਾਦਗ੍ਰਸਤ ਮੁਖੀ ਨੂੰ ਮਾਫ਼ ਕਰ ਦਿੱਤਾ ਜਾਵੇ।` ਤਦ ਅਜਿਹੇ ਦੋਸ਼ ਤੋਂ ਬਾਅਦ ਗਿਆਨੀ ਗੁਰਮੁਖ ਸਿੰਘ ਨੂੰ ਹਟਾ ਕੇ ਗਿਆਨੀ ਮਲਕੀਤ ਸਿੰਘ ਨੂੰ ਹੈੱਡ ਗ੍ਰੰਥੀ ਥਾਪ ਦਿੱਤਾ ਗਿਆ ਸੀ ਅਤੇ ਉਨ੍ਹਾਂ (ਗਿਆਨੀ ਗੁਰਮੁਖ ਸਿੰਘ) ਦਾ ਤਬਾਦਲਾ ਕਰ ਕੇ ਹਰਿਆਣਾ ਦੇ ਇੱਕ ਇਤਿਹਾਸਕ ਗੁਰਦੁਆਰਾ ਸਾਹਿਬ `ਚ ਭੇਜ ਦਿੱਤਾ ਗਿਆ ਸੀ।


ਭਾਵੇਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਇਹ ਆਖਿਆ ਸੀ ਕਿ ਗਿਆਨੀ ਮਲਕੀਤ ਸਿੰਘ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਦਾ ਚਾਰਜ ਸੌਂਪਿਆ ਗਿਆਸੀ ਪਰ ਉਨ੍ਹਾਂ ਦੀ ਡਿਊਟੀ ਕਦੇ ਵੀ ਅੰਮ੍ਰਿਤ (ਸਵੇਰ) ਵੇਲੇ ਨਹੀਂ ਲਾਈ ਗਈ ਸੀ।


ਗਿਆਨੀ ਗੁਰਮੁਖ ਸਿੰਘ ਹੁਰਾਂ ਨੂੰ ਵੀ ਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਮਾਰੋਹਾਂ `ਚ ਨਹੀਂ ਵੇਖਿਆ ਗਿਆ। ਜਦੋਂ ਇਸ ਮਾਮਲੇ `ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਤੋਂ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ,‘ਗਿਆਨੀ ਮਲਕੀਤ ਸਿੰਘ ਮਰਿਆਦਾ ਅਨੁਸਾਰ ਮੁੱਖ ਗ੍ਰੰਥੀ ਦੀ ਸੇਵਾ ਨਿਭਾ ਰਹੇ ਹਨ। ਨਿਸਮਾਂ ਅਨੁਸਾਰ ਇੱਕ ਵਾਰੀ `ਚ ਦੋ ਮੁੱਖ ਗ੍ਰੰਥੀ ਨਹੀਂ ਹੋ ਸਕਦੇ। ਮੈਨੁੰ ਨਹੀਂ ਪਤਾ ਕਿ ਕੀ ਹੋ ਰਿਹਾ ਹੈ।`


ਗਿਆਨੀ ਗੁਰਮੁਖ ਸਿੰਘ ਨੂੰ ਇਸੇ ਵਰ੍ਹੇ 3 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ (ਮੁੱਖ) ਗ੍ਰੰਥੀ ਵਜੋਂ ਬਹਾਲ ਕਰ ਦਿੱਤਾ ਗਿਆ ਸੀ। ਉਸ ਤੋਂ ਦੋ ਕੁ ਦਿਨ ਪਹਿਲਾਂ ਉਨ੍ਹਾਂ ਦੇ ਛੋਟੇ ਭਰਾ ਹਿੰਮਤ ਸਿੰਘ ਬਾਦਲਾਂ ਖਿ਼ਲਾਫ਼ ਪਹਿਲਾਂ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਸਾਹਵੇਂ ਦਿੱਤੇ ਆਪਣੇ ਬਿਆਨ ਤੋਂ ਮੁੱਕਰ ਗਏ ਸਨ। ਪੰਜਾਬ `ਚ ਬੇਅਦਬੀ ਦੀਆਂ ਘਟਨਾਵਾਂ ਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੇ ਇਸ ਕਮਿਸ਼ਨ ਨੂੰ ਸ੍ਰੀ ਹਿੰਮਤ ਸਿੰਘ ਨੇ ਆਪਣਾ ਬਿਆਨ ਦਸੰਬਰ 2017 `ਚ ਦਿੱਤਾ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why SGPC not giving full charge to Giani Gurmukh Singh