ਜਿ਼ਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਹਰਵਿੰਦਰ ਸਿੰਘ ਉਰਫ਼ ਹਿੰਦਾ (42) ਦਾ ਕਤਲ ਹੋਣ ਦੇ ਦੋ ਦਿਨਾਂ ਦੇ ਅੰਦਰ ਹੀ ਪੁਲਿਸ ਨੇ ਕਾਰਵਾਈ ਪਾਉਂਦਿਆਂ ਉਨ੍ਹਾਂ ਦੀ ਪਤਨੀ ਕਿਰਨਪਾਲ ਕੌਰ ਤੇ ਤਿੰਨ ਹੋਰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਿੰਦਾ ਦਾ ਕਤਲ ਬਠਿੰਡਾ ਤੋਂ 40 ਕਿਲੋਮੀਟਰ ਦੂਰ ਉਨ੍ਹਾਂ ਦੇ ਜੱਦੀ ਪਿੰਡ ਜੇਠੂਕੇ `ਚ ਹੋਇਆ ਸੀ।
ਬਠਿੰਡਾ ਜ਼ੋਨ ਦੇ ਆਈਜੀ ਪੁਲਿਸ ਐੱਮਐੱਫ਼ ਫ਼ਾਰੁਕੀ ਨੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ‘ਪਤਨੀ ਕਿਰਨਪਾਲ ਕੌਰ ਤੇ ਉਸ ਦਾ ਪ੍ਰੇਮੀ ਸੰਦੀਪ ਕੁਮਾਰ ਨੇ ਹੀ ਹਰਵਿੰਦਰ ਸਿੰਘ ਉਰਫ਼ ਹਿੰਦਾ ਦਾ ਕਤਲ ਕੀਤਾ ਸੀ। ਸੰਦੀਪ ਕੁਮਾਰ ਮਾਨਸਾ ਦਾ ਰਹਿਣ ਵਾਲਾ ਹੈ। ਕਤਲ ਕਰ ਵਿੱਚ ਉਨ੍ਹਾਂ ਦਾ ਸਾਥ ਦੇਣ ਵਾਲੇ ਤਿੰਨ ਹੋਰ ਵਿਅਕਤੀਆਂ - ਮੱਖਣ ਰਾਮ, ਚਮਕੌਰ ਸਿੰਘ ਵਾਸੀ ਪਿੰਡ ਮਾੜੀ ਅਤੇ ਪਿੰਡ ਭੈਣੀ ਦੇ ਜੈਮਲ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।`
ਹਰਵਿੰਦਰ ਸਿੰਘ ਹਿੰਦਾ ਦੇ ਕਤਲ ਨੇ ਪੰਜਾਬ ਦੀ ਸਿਆਸਤ ਕੁਝ ਭਖਾ ਦਿੱਤੀ ਸੀ ਕਿਉਂਕਿ ਪੰਜਾਬ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਇਸ ਨੂੰ ‘ਸਿਆਸੀ ਕਤਲ` ਕਰਾਰ ਦਿੱਤਾ ਸੀ। ਆਮ ਆਦਮੀ ਪਾਰਟੀ ਦੀ ਸਥਾਨਕ ਇਕਾਈ ਨੇ ਵੀ ਰੋਸ ਮੁਜ਼ਾਹਰਾ ਕਰਦੇ ਸਮੇਂ ਦੋਸ਼ ਲਾਇਆ ਸੀ ਕਿ ਪੁਲਿਸ ਇਸ ਕਤਲ ਕੇਸ ਵਿੱਚ ਵਾਜਬ ਢੰਗ ਨਾਲ ਕੋਈ ਕਾਰਵਾਈ ਨਹੀਂ ਕਰ ਰਹੀ ਅਤੇ ਕਾਤਲਾਂ ਪ੍ਰਤੀ ਨਰਮ ਰਵੱਈਆ ਅਖ਼ਤਿਆਰ ਕੀਤਾ ਜਾ ਰਿਹਾ ਹੈ।
ਸ੍ਰੀ ਚੀਮਾ ਨੇ ਤਾਂ ਚੋਣਾਂ ਰੱਦ ਕਰਨ ਤੱਕ ਦੀ ਸਲਾਹ ਦੇ ਦਿੱਤੀ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਸੂਬੇ ਵਿੱਚ ਕਾਨੂੰਨ ਤੇ ਵਿਵਸਥਾ ਦੀ ਹਾਲਤ ਇਸ ਵੇਲੇ ਠੀਕ ਨਹੀਂ ਹੈ। ਪਾਰਟੀ ਦਾ ਇੱਕ ਵਫ਼ਦ ਸੂਬਾ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੂੰ ਵੀ ਜਾ ਕੇ ਮਿਲਿਆ ਸੀ ਤੇ ਇਹ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਦੀ ਪਾਰਟੀ ਦੇ ਵਲੰਟੀਅਰਾਂ, ਕਾਰਕੁੰਨਾਂ, ਉਮੀਦਵਾਰਾਂ ਤੇ ਅਹੁਦੇਦਾਰਾਂ ਨੂੰ ਬਿਨਾ ਮਤਲਬ ਡਰਾਇਆ-ਧਮਕਾਇਆ ਅਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਮੋਬਾਇਲ ਫ਼ੋਨ ਨੇ ਕਰਵਾਇਆ ਕਤਲ ਕੇਸ ਹੱਲ
ਪੁਲਿਸ ਨੇ ਜਦੋਂ ਕਿਰਨਪਾਲ ਕੌਰ ਦੇ ਫ਼ੋਨ-ਕਾਲ ਵੇਰਵੇ ਖੰਗਾਲ਼ੇ, ਤਦ ਹੀ ਸਾਰੀ ਕਹਾਣੀ ਸਾਹਮਣੇ ਆਉਣ ਲੱਗ ਪਈ ਸੀ। ਇਸ ਮਾਮਲੇ ਦਾ ਦੁਖਾਂਤਕ ਪੱਖ ਇਹ ਵੀ ਹੈ ਕਿ ਆਪਣੇ ਪਤੀ ਦੇ ਕਤਲ ਦੀ ਰਿਪੋਰਟ ਖ਼ੁਦ ਕਿਰਨਪਾਲ ਕੌਰ ਨੇ ਹੀ ਲਿਖਵਾਈ ਸੀ। ਕਿਰਨਪਾਲ ਕੌਰ ਨੇ ਪੁਲਿਸ ਨੂੰ ਦੱਸਿਆ ਸੀ ਕਿ ਕਤਲ ਦੀ ਰਾਤ ਭਾਵ ਐਤਵਾਰ ਨੂੰ ਤਿੰਨ ਜਣੇ ਹਰਵਿੰਦਰ ਸਿੰਘ ਨੂੰ ਮਿਲਣ ਲਈ ਆਏ ਸਨ ਪਰ ਪਿੰਡ ਵਾਸੀਆਂ ਮੁਤਾਬਕ ਕੋਈ ਵੀ ਨਹੀਂ ਆਇਆ ਸੀ। ਜਾਂਚ ਦੌਰਾਨ ਪੁਲਿਸ ਨੂੰ ਇਹ ਵੀ ਪਤਾ ਲੱਗਾ ਕਿ ਕਿਰਨਪਾਲ ਕੌਰ ਤੇ ਸੰਦੀਪ ਕੁਮਾਰ ਨੇ ਛੇ ਮਹੀਨੇ ਪਹਿਲਾਂ ਕਾਤਲਾਂ ਨੂੰ ਇਸ ਕਤਲ ਦੀ ਲਈ ਇੱਕ ਲੱਖ ਰੁਪਏ ਦੀ ਸੁਪਾਰੀ ਦੇ ਦਿੱਤੀ ਸੀ ਪਰ ਬਾਅਦ `ਚ ਉਨ੍ਹਾਂ ਕਿਸੇ ਗੱਲੋਂ ਡਰ ਕੇ ਉਹ ਰਕਮ ਮੋੜ ਦਿੱਤੀ ਸੀ।
ਪੁਲਿਸ ਨੇ ਰਾਮਪੁਰਾ ਫੂਲ ਸਦਰ ਪੁਲਿਸ ਥਾਣੇ `ਚ ਚਾਰੇ ਦੋਸ਼ੀਆਂ ਖਿ਼ਲਾਫ਼ ਧਾਰਾ 302 ਅਧੀਨ ਕਤਲ ਦਾ ਕੇਸ ਦਰਜ ਕਰ ਲਿਆ ਹੈ।