ਅਗਲੀ ਕਹਾਣੀ

ਕੀ ਕੈਪਟਨ ਅਮਰਿੰਦਰ ਸਿੰਘ ਪ੍ਰਵਾਨ ਕਰਨਗੇ ਨਵਜੋਤ ਸਿੱਧੂ ਦਾ ਅਸਤੀਫ਼ਾ?

ਕੀ ਕੈਪਟਨ ਅਮਰਿੰਦਰ ਸਿੰਘ ਪ੍ਰਵਾਨ ਕਰਨਗੇ ਨਵਜੋਤ ਸਿੱਧੂ ਦਾ ਅਸਤੀਫ਼ਾ?

ਕ੍ਰਿਕੇਟਰ ਤੋਂ ਸਿਆਸੀ ਆਗੂ ਬਣੇ ਨਵਜੋਤ ਸਿੰਘ ਸਿੱਧੂ ਨੇ ਕੱਲ੍ਹ ਐਤਵਾਰ ਦੇਰ ਰਾਤੀਂ ਆਪਣਾ ਅਸਤੀਫ਼ਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਭੇਜ ਦਿੱਤਾ ਹੈ। ਹੁਣ ਸ੍ਰੀ ਸਿੱਧੂ ਨੇ ਆਪਣੀ ਗੇਂਦ ਕੈਪਟਨ ਵਾਲੇ ਪਾਸੇ ਵੀ ਸੁੱਟ ਦਿੱਤੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਕੈਪਟਨ ਇਸ ਮਾਮਲੇ ਵਿੱਚ ਕੀ ਫ਼ੈਸਲਾ ਲੈਣਗੇ।

 

 

ਜੇ ਕੈਪਟਨ ਅਮਰਿੰਦਰ ਸਿੰਘ ਇਹ ਅਸਤੀਫ਼ਾ ਮਨਜ਼ੂਰ ਕਰਨਗੇ, ਤਾਂ ਫਿਰ ਸਭ ਦੇ ਮਨ ਵਿੱਚ ਇਹ ਸੁਆਲ ਉਠਾਉਣਾ ਸੁਭਾਵਕ ਹੈ ਕਿ ਹੁਣ ਪੰਜਾਬ ਦਾ ਬਿਜਲੀ ਮੰਤਰੀ ਕੌਣ ਬਣੇਗਾ?

 

 

ਸ੍ਰੀ ਸਿੱਧੂ ਨੇ ਡੇਢ ਮਹੀਨਾ ਪਹਿਲਾਂ ਹੀ ਆਪਣਾ ਅਸਤੀਫ਼ਾ ਪੰਜਾਬ ਕੈਬਿਨੇਟ ’ਚੋਂ ਦੇ ਦਿੱਤਾ ਸੀ ਪਰ ਕੱਲ੍ਹ ਜਦੋਂ ਉਨ੍ਹਾਂ ਨੇ ਉਸ ਅਸਤੀਫ਼ੇ ਦੀ ਕਾਪੀ ਆਪਣੇ ਟਵਿਟਰ ਹੈਂਡਲ ਉੱਤੇ ਜਾਰੀ ਕੀਤੀ, ਤਦ ਸਭ ਨੂੰ ਇਸ ਬਾਰੇ ਪਤਾ ਲੱਗਾ। ਤਦ ਸਭ ਦੇ ਮਨ ਵਿੱਚ ਇਹੋ ਸੁਆਲ ਉੱਠਣ ਲੱਗ ਪਿਆ ਸੀ ਕਿ ਆਖ਼ਰ ਹੁਣ ਸ੍ਰੀ ਸਿੱਧੂ ਦਾ ਕੀ ਬਣੇਗਾ?

 

 

ਇੱਕ ਗੱਲ ਤਾਂ ਪੱਕੀ ਹੈ ਕਿ ਜੇ ਸ੍ਰੀ ਸਿੱਧੂ ਨੇ ਆਪਣਾ ਅਸਤੀਫ਼ਾ ਸੱਚਮੁਚ ਦੇਣਾ ਹੁੰਦਾ, ਤਾਂ ਉਹ ਪੰਜਾਬ ਦੇ ਰਾਜਪਾਲ ਜਾਂ ਮੁੱਖ ਮੰਤਰੀ ਨੂੰ ਇਹ ਅਸਤੀਫ਼ਾ ਭੇਜਦੇ। ਉਨ੍ਹਾਂ ਆਪਣਾ ਅਸਤੀਫ਼ਾ ਸਿਰਫ਼ ਇਸ ਲਈ ਸ੍ਰੀ ਰਾਹੁਲ ਗਾਂਧੀ ਨੂੰ ਭੇਜਿਆ ਕਿ ਕਾਂਗਰਸ ਹਾਈ–ਕਮਾਂਡ ਉਨ੍ਹਾਂ ਦੇ ਹੱਕ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੁਝ ਆਖੇ।

 

 

ਪਰ ਸ੍ਰੀ ਸਿੱਧੂ ਦੇ ਹੱਕ ਵਿੱਚ ਅਜਿਹਾ ਕੁਝ ਨਹੀਂ ਹੋਇਆ ਕਿਉਂਕਿ ਇੱਕ ਤਾਂ 10 ਜੂਨ ਨੂੰ ਸ੍ਰੀ ਰਾਹੁਲ ਗਾਂਧੀ ਤੇ ਪਾਰਟੀ ਦੇ ਹੋਰ ਪ੍ਰਮੁੱਖ ਆਗੂ ਆਮ ਚੋਣਾਂ ਵਿੱਚ ਰੁੱਝੇ ਹੋਏ ਸਨ। ਫਿਰ ਦੂਜੇ, ਚੋਣਾਂ ਵਿੱਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਸ੍ਰੀ ਰਾਹੁਲ ਗਾਂਧੀ ਨੇ ਖ਼ੁਦ ਹੀ ਅਸਤੀਫ਼ਾ ਦੇ ਦਿੱਤਾ।

 

 

ਸ੍ਰੀ ਸਿੱਧੂ ਤਾਂ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਆਪਣਾ ਕੈਪਟਨ ਮੰਨਦੇ ਹੀ ਨਹੀਂ। ਉਹ ਤਾਂ ਪਹਿਲਾਂ ਹੀ ਆਖ ਚੁੱਕੇ ਹਨ ਕਿ ਰਾਹੁਲ ਗਾਂਧੀ ਉਨ੍ਹਾਂ ਦੇ ਕੈਪਟਨ ਹਨ। ਹੁਣ ਜਦੋਂ ਸ੍ਰੀ ਰਾਹੁਲ ਖ਼ੁਦ ਹੀ ਕੈਪਟਨ ਨਹੀਂ ਰਹੇ, ਤਦ ਸ੍ਰੀ ਸਿੱਧੂ ਦਾ ਕੀ ਬਣੇਗਾ?

 

 

ਉੱਧਰ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਤੋਂ ਸਪੱਸ਼ਟ ਝਲਕਦਾ ਹੈ ਕਿ ਉਹ ਸਾਰੇ ਚਾਹੁੰਦੇ ਹਨ ਕਿ ਸ੍ਰੀ ਨਵਜੋਤ ਸਿੰਘ ਸਿੱਧੂ ਤੁਰੰਤ ਕਾਂਗਰਸ ਪਾਰਟੀ ਛੱਡ ਕੇ ਉਨ੍ਹਾਂ ਨਾਲ ਆ ਰਲਣ।

 

 

ਪਰ ਸ੍ਰੀ ਸਿੱਧੂ ਲਈ ਇੰਝ ਕਰਨਾ ਇੰਨਾ ਸੌਖਾ ਤੇ ਸੁਵੱਲਾ ਨਹੀਂ ਹੈ। ਇਸ ਅਸਤੀਫ਼ੇ ਤੋਂ ਬਾਅਦ ਇੱਕ ਗੱਲ ਜ਼ਰੂਰ ਉੱਘੜ ਕੇ ਸਾਹਮਣੇ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਹੁਰਾਂ ਦੀ ਈਮਾਨਦਾਰੀ, ਦਿਆਨਤਦਾਰੀ ਤੇ ਨੇਕ–ਨੀਅਤੀ ਉੱਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ।

 

 

ਇਸ ਦੌਰਾਨ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਇਹ ਕਾਂਗਰਸ ਪਾਰਟੀ ਦਾ ਨਾਟਕ ਹੈ ਤੇ ਆਮ ਜਨਤਾ ਦੇ ਧਨ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।

 

 

ਭਾਜਪਾ ਆਗੂ ਸ੍ਰੀ ਤਰੁਣ ਚੁੱਘ ਪਹਿਲਾਂ ਆਖ ਚੁੱਕੇ ਹਨ ਤੇ ਅੱਜ ਵੀ ਇਹੋ ਆਖ ਰਹੇ ਹਨ ਕਿ ਸ੍ਰੀ ਸਿੱਧੂ ਤਾਂ ਪਿਛਲੇ ਡੇਢ ਮਹੀਨੇ ਤੋਂ ਕੈਬਿਨੇਟ ਮੰਤਰੀ ਵਜੋਂ ਤਨਖ਼ਾਹ ਲਗਾਤਾਰ ਲੈ ਰਹੇ ਹਨ ਪਰ ਅਹੁਦਾ ਸੰਭਾਲ ਨਹੀਂ ਰਹੇ। ਇਹ ਆਮ ਜਨਤਾ ਦੇ ਧਨ ਦੀ ਦੁਰਵਰਤੋਂ ਹੈ।

 

 

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਬਿਲਕੁਲ ਇਹੋ ਜਿਹੇ ਬਿਆਨ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਸਿੱਧੂ ਨੂੰ ਆਪਣਾ ਅਸਤੀਫ਼ਾ ਮੁੱਖ ਮੰਤਰੀ ਨੂੰ ਹੀ ਭੇਜਣਾ ਚਾਹੀਦਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will Captain Amrinder Singh accept resignation of Navjot Sidhu