ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਦੇਸ਼ ਕਦੇ ਸ਼ਹੀਦ ਫ਼ੌਜੀ ਮੇਜਰ ਦਾ ਕਰੇਗਾ ਸਨਮਾਨ? ਪਿਤਾ ਨੂੰ ਉਡੀਕ

ਸ਼ਹੀਦ ਮੇਜਰ ਯੋਗੇਸ਼ ਗੁਪਤਾ ਦੀ ਤਸਵੀਰ ਨਾਲ ਪਿਤਾ ਵੇਦ ਪ੍ਰਕਾਸ਼ ਗੁਪਤਾ ਤੇ ਉਨ੍ਹਾਂ ਦੀ ਮਰਹੂਮ ਪਤਨੀ ਲਲਿਤ ਮੋਹਿਨੀ ਦੀ ਇ

ਆਪਣੀ ਉਮਰ ਦੇ 70ਵਿਆਂ ਵਿੱਚੋਂ ਲੰਘ ਰਹੇ ਵੇਦ ਪ੍ਰਕਾਸ਼ ਗੁਪਤਾ ਨੂੰ ਚਿੰਤਾ-ਭਰੀ ਉਡੀਕ ਹੈ ਕਿ ਸ਼ਾਇਦ ਭਾਰਤ ਸਰਕਾਰ ਕਦੇ ਉਨ੍ਹਾਂ ਦੇ ਬਹਾਦਰ ਪੁੱਤਰ ਮੇਜਰ ਯੋਗੇਸ਼ ਗੁਪਤਾ ਨੂੰ ਹੁਣ ਵੀ ਕਦੇ ਸਨਮਾਨਿਤ ਕਰ ਦੇਵੇ ਤੇ ਉਨ੍ਹਾਂ ਦੇ ਪੁੱਤਰ ਨੂੰ ਦੇਸ਼ ਯਾਦ ਕਰ ਸਕੇ। ਲਗਭਗ 17 ਵਰ੍ਹੇ ਪਹਿਲਾਂ ਜੰਮੂ-ਕਸ਼ਮੀਰ `ਚ ‘ਆਪਰੇਸ਼ਨ ਪਰਾਕ੍ਰਮ` ਦੌਰਾਨ ਮੇਜਰ ਯੋਗੇਸ਼ ਗੁਪਤਾ ਨੇ ਚਾਰ ਦਹਿਸ਼ਤਗਰਦਾਂ ਦਾ ਖ਼ਾਤਮਾ ਕਰਦੇ ਸਮੇਂ ਸ਼ਹਾਦਤ ਦਾ ਜਾਮ ਪੀਤਾ ਸੀ।


ਬਹੁਤ ਦੁੱਖ ਦੀ ਗੱਲ ਹੈ ਕਿ ਉਸ ਨਾਇਕ ਨੂੰ ਹੁਣ ਭੁਲਾ ਦਿੱਤਾ ਗਿਆ ਹੈ।


‘ਆਪਰੇਸ਼ਨ ਪਰਾਕ੍ਰਮ` ਦੌਰਾਨ 12 ਜੁਲਾਈ, 2002 ਨੂੰ ‘ਆਪਰੇਸ਼ਨ ਪ੍ਰਚੰਡ ਪ੍ਰਹਾਰ` ਦੇ ਹਿੱਸੇ ਵਜੋਂ ਜੰਮੂ-ਕਸ਼ਮੀਰ ਦੇ ਪੁੰਛ ਜਿ਼ਲ੍ਹੇ `ਚ ਸੁਰਨਕੋਟ ਸਥਿਤ ਇੱਕ ਫ਼ੌਜੀ ਚੌਕੀ ਤੋਂ ਮੇਜਰ ਗੁਪਤਾ ਨੂੰ ਭਾਲ਼ ਕਰ ਕੇ ਕਬਜ਼ਾ ਕਰਨ ਦੀ ਜਿ਼ੰਮੇਵਾਰੀ ਲਾਈ ਗਈ ਸੀ। ਉਸ ਵੇਲੇ ਗਹਿਗੱਚ ਮੁਕਾਬਲੇ ਦੌਰਾਨ ਉਨ੍ਹਾਂ ਦੇ ਢਿੱਡ ਵਿੱਚ ਕਈ ਗੋਲ਼ੀਆਂ ਲੱਗ ਗਈਆਂ ਸਨ ਪਰ ਉਸੇ ਹਾਲਤ `ਚ ਉਨ੍ਹਾਂ ਨੇ ਦਹਿਸ਼ਤਗਰਦਾਂ ਨਾਲ ਮੁਕਾਬਲਾ ਲਗਭਗ ਛੇ ਘੰਟੇ ਜਾਰੀ ਰੱਖਿਆ ਸੀ ਤੇ ਜ਼ਖ਼ਮੀ ਹਾਲਤ `ਚ ਹੀ ਉਨ੍ਹਾਂ ਚਾਰ ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ। ਇਹ ਤੱਥ ਮਦਰਾਸ ਰੈਜਿਮੈਂਟ ਦੀ 25ਵੀਂ ਬਟਾਲੀਅਨ ਦੀ ਰਿਪੋਰਟ `ਚ ਦਰਜ ਹਨ।


ਤਦ ਉਸ ਮੁਕਾਬਲੇ `ਚ ਪੰਜ ਕੱਟੜ ਦਹਿਸ਼ਤਗਰਦ ਮਾਰੇ ਗਏ ਸਨ।


ਬਜ਼ੁਰਗ ਪਿਤਾ ਸ੍ਰੀ ਵੇਦ ਨੇ ਆਪਣੇ ਸ਼ਹੀਦ ਬਹਾਦਰ ਪੁੱਤਰ ਨੂੰ ਚੇਤੇ ਕਰਦਿਆਂ ਦਰਦ-ਭਰੀ ਆਵਾਜ਼ ਵਿੱਚ ਦੱਸਿਆ,‘ਮੇਰੀ ਪਤਨੀ (ਲਲਿਤ ਮੋਹਿਨੀ) ਇਸੇ ਉਡੀਕ `ਚ ਚੱਲ ਵਸੀ ਕਿ ਸ਼ਾਇਦ ਹੁਣ ਵੀ ਉਸ ਦੇ ਪੁੱਤਰ ਦੀ ਕੁਰਬਾਨੀ ਨੂੰ ਦੇਸ਼ ਦੀ ਸਰਕਾਰ ਕਦੇ ਯਾਦ ਰੱਖੇਗੀ। ਮੇਰੇ ਪੁੱਤਰ ਦੀ ਯੂਨਿਟ ਦੇ ਜਿਹੜੇ ਅਧਿਕਾਰੀ ਉਸ ਦੇ ਅੰਤਿਮ ਸਸਕਾਰ ਸਮੇਂ ਆਏ ਸਨ, ਉਨ੍ਹਾਂ ਦੱਸਿਆ ਸੀ ਕਿ ਯੋਗੇਸ਼ ਨੂੰ ਅਸ਼ੋਕ ਚੱਕਰ ਜ਼ਰੂਰ ਮਿਲੇਗਾ ਪਰ ਅਜਿਹਾ ਕੁਝ ਕਦੇ ਨਹੀਂ ਵਾਪਰ ਸਕਿਆ।`


ਬੈਂਕ ਮੈਨੇਜਰ ਵਜੋਂ ਸੇਵਾ-ਮੁਕਤ ਹੋਏ ਸ੍ਰੀ ਵੇਦ ਪ੍ਰਕਾਸ਼ ਨੇ ਦੱਸਿਆ ਕਿ ਜੰਗੀ-ਨਾਇਕਾਂ ਨੂੰ ਵੀਰਤਾ ਪੁਰਸਕਾਰ ਤਦ ਦਿੱਤੇ ਜਾਂਦੇ ਹਨ, ਜਦੋਂ ਸਬੰਧਤ ਜਵਾਨ ਦੀ ਯੂਨਿਟ ਅਜਿਹੀ ਕੋਈ ਵਾਜਬ ਸਿਫ਼ਾਰਸ਼ ਕਰੇ। ਇਸ ਮਾਮਲੇ `ਚ ਮਦਰਾਸ ਰੈਜਿਮੈਂਟ ਦੀ 25ਵੀਂ ਬਟਾਲੀਅਨ ਨੇ ਬਾਕਾਇਦਾ ਸਿਫ਼ਾਰਸ਼ ਵੀ ਕੀਤੀ ਸੀ।


ਇਹ ਸਿਫ਼ਾਰਸ਼ ਬਾਕਾਇਦਾ ਯੋਗ ਪ੍ਰਣਾਲੀ ਰਾਹੀਂ ਭੇਜੀ ਗਈ ਸੀ ਪਰ ਉਹ ਆਪਣੇ ਟਿਕਾਣੇ `ਤੇ ਕਦੇ ਪੁੱਜੀ ਹੀ ਨਹੀਂ, ਪਤਾ ਨਹੀਂ ਕਿੱਥੇ ਗੁਆਚ ਗਈ।


ਸ੍ਰੀ ਵੇਦ ਪ੍ਰਕਾਸ਼ ਨੇ ਦੱਸਿਆ,‘ਮੈਂ ਬਹੁਤ ਥਾਵਾਂ ਤੋਂ ਪਤਾ ਕੀਤਾ ਕਿ ਯੋਗੇਸ਼ ਦੀ ਯੂਨਿਟ ਨੇ ਅਸ਼ੋਕ ਚੱਕਰ ਲਈ ਬਾਕਾਇਦਾ ਸਿਫ਼ਾਰਸ਼ ਕੀਤੀ ਸੀ ਪਰ ਉਹ ਫ਼ੌਜੀ ਹੈੱਡਕੁਆਰਟਰਜ਼ ਕਦੇ ਪੁੱਜੀ ਹੀ ਨਹੀਂ ਕਿਉਂਕਿ ਉਹ ਦਸਤਾਵੇਜ਼ ਕਿਤੇ ਰਾਹ `ਚ ਹੀ ਗੁਆਚ ਗਏ। ਮੈਂ ਜਿੰਨੀ ਵਾਰ ਵੀ ਪੁੱਛਿਆ, ਅੱਗਿਓਂ ਇਹੋ ਜਵਾਬ ਮਿਲਿਆ ਕਿ ਜਦੋਂ ਤੱਕ ਯੂਨਿਟ ਅਜਿਹੀ ਕੋਈ ਸਿਫ਼ਾਰਸ਼ ਨਾ ਕਰੇ, ਤਦ ਤੱਕ ਕੋਈ ਵੀਰਤਾ ਪੁਰਸਕਾਰ ਦਿੱਤਾ ਹੀ ਨਹੀਂ ਜਾ ਸਕਦਾ।`


ਸ੍ਰੀ ਵੇਦ ਪ੍ਰਕਾਸ਼ ਨੇ ਦੱਸਿਆ ਕਿ - ‘ਮੇਰੇ ਪੁੱਤਰ ਦੀ ਯੂਨਿਟ ਦੇ ਅਧਿਕਾਰੀ ਤਾਂ ਹੁਣ ਵੀ ਇਹੋ ਆਖਦੇ ਹਨ ਕਿ ਉਹ ਰਾਸ਼ਟਰ ਲਈ ਮੇਜਰ ਯੋਗੇਸ਼ ਗੁਪਤਾ ਦੀ ਮਹਾਨ ਕੁਰਬਾਨੀ ਨੂੰ ਸਦਾ ਸਲਾਮ ਕਰਦੇ ਹਨ ਤੇ ਅਜਿਹੇ ਬਹਾਦਰ ਅਧਿਕਾਰੀ `ਤੇ ਉਨ੍ਹਾਂ ਨੂੰ ਬਹੁਤ ਜਿ਼ਆਦਾ ਮਾਣ ਹੈ। ਇਸ ਵੇਲੇ ਯੁਨਿਟ ਕੋਲ ਕੋਈ ਰਿਕਾਰਡ ਹੀ ਮੌਜੂਦ ਨਹੀਂ ਹੈ, ਜਿਸ ਰਾਹੀਂ ਯੋਗੇਸ਼ ਨੂੰ ਵੀਰਤਾ ਪੁਰਸਕਾਰ ਦੀ ਸਿਫ਼ਾਰਸ਼ ਕੀਤੀ ਗਈ ਸੀ।`


ਸ੍ਰੀ ਵੇਦ ਪ੍ਰਕਾਸ਼ ਨੇ ਦੱਸਿਆ ਕਿ ਵੀਰਤਾ ਦੀਆਂ ਮਿਸਾਲਾਂ ਬਹੁਤ ਘੱਟ ਮਿਲਦੀਆਂ ਹਨ ਤੇ ਜਿ਼ਆਦਾਤਰ ਮਾਮਲਿਆਂ `ਚ ਅਜਿਹੇ ਜਵਾਨਾਂ ਨੂੰ ਮਰਨ-ਉਪਰੰਤ ਹੀ ਵੀਰਤਾ ਪੁਰਸਕਾਰ ਦਿੱਤਾ ਜਾਂਦਾ ਰਿਹਾ ਹੈ। ਉਨ੍ਹਾਂ ਸੁਆਲ ਕੀਤਾ ਕਿ ਰਾਸ਼ਟਰ ਲਈ ਇੱਕ ਵਿਅਕਤੀ ਦੀ ਕੁਰਬਾਨੀ ਨੂੰ ਸਿਰਫ਼ ਇਸ ਲਈ ਮਾਨਤਾ ਨਹੀਂ ਮਿਲ ਸਕ ਰਹੀ ਕਿਉਂਕਿ ਸਬੰਧਤ ਦਸਤਾਵੇਜ਼ ਕਿਤੇ ਗੁਆਚ ਗਏ ਸਨ। ‘ਕਿਸੇ ਜੰਗ ਵਿੱਚ ਹੋਣ ਵਾਲੀਆਂ ਸ਼ਹਾਦਤਾਂ ਨਾਲ ਸਬੰਧਤ ਰਿਪੋਰਟ ਨੂੰ ਕਿਵੇਂ ਅੱਖੋਂ ਪ੍ਰੋਖੇ ਕੀਤਾ ਜਾ ਸਕਦਾ ਹੈ?`


ਇਸ ਦੌਰਾਨ ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਅਮਨ ਆਨੰਦ ਨੇ ਸੰਪਰਕ ਕਰਨ `ਤੇ ਦੱਸਿਆ,‘ਵੀਰਤਾ ਪੁਰਸਕਾਰਾਂ ਦੀ ਇੱਛਾ ਨਹੀਂ, ਸਗੋਂ ਔਖੇ ਸਮੇਂ ਵੀ ਰਾਸ਼ਟਰੀ ਮਾਣ ਬਰਕਰਾਰ ਰੱਖਣ ਤੋਂ ਅਸੀਂ ਸਾਰੇ ਪ੍ਰਭਾਵਿਤ ਹੁੰਦੇ ਹਾਂ। ਵੀਰਤਾ ਪੁਰਸਕਾਰਾਂ ਲਈ ਚੋਣ ਦੀ ਕਾਰਜ-ਵਿਧੀ ਬਹੁਤ ਲੰਮੇਰੀ ਹੈ।`


ਸ੍ਰੀ ਵੇਦ ਪ੍ਰਕਾਸ਼ ਨੇ ਆਖਿਆ,‘ਇੱਕ ਨੌਜਵਾਨ ਪੁੱਤਰ ਦੀ ਮੌਤ ਨਾਲ ਪੈਦਾ ਹੋਇਆ ਘਾਟਾ ਕਦੇ ਕਿਸੇ ਵੀ ਮੁਆਵਜ਼ੇ ਨਾਲ ਪੂਰਿਆ ਨਹੀਂ ਜਾ ਸਕਦਾ। ਇਸ ਮਾਮਲੇ `ਚ ਸਬੰਧਤ ਯੂਨਿਟ ਤੇ ਗਠਨਾਂ ਦੀ ਲਾਪਰਵਾਹੀ ਸਾਫ਼ ਝਲਕਦੀ ਹੈ। ਇੱਕ ਮਰਹੁਮ ਅਧਿਕਾਰੀ ਦੀ ਕੁਰਬਾਨੀ ਨੂੰ ਕਦੇ ਵੀ ਘਟਾ ਕੇ ਨਹੀਂ ਵੇਖਿਆ ਜਾਣਾ ਚਾਹੀਦਾ। ਬਹੁਤੇ ਦੇਸ਼ਾਂ ਦੀਆਂ ਸਰਕਾਰਾਂ ਕਈ ਵਾਰ ਯੋਗ ਮਾਮਲੇ `ਚ ਸਦੀਆਂ ਬਾਅਦ ਵੀ ਵੀਰਤਾ ਨੂੰ ਮਾਨਤਾ ਦਿੰਦੀਆਂ ਰਹੀਆਂ ਹਨ। ਅਜਿਹੇ ਕਿਸੇ ਵੀ ਦਾਅਵੇ ਨੂੰ ਸਮੇਂ ਨਾਲ ਬੱਝ ਕੇ ਨਹੀਂ ਵੇਖਿਆ ਜਾਣਾ ਚਾਹੀਦਾ। ਜੇ ਉਦੋਂ ਵੀਰਤਾ ਪੁਰਸਕਾਰ ਦੀ ਸਿਫ਼ਾਰਸ਼ ਆਪਣੇ ਟਿਕਾਣੇ `ਤੇ ਨਹੀਂ ਪੁੱਜ ਸਕੀ ਸੀ, ਤਦ ਹੁਣ ਉਸ ਨੂੰ ਕਿਉਂ ਠੀਕ ਨਹੀਂ ਕੀਤਾ ਜਾ ਸਕਦਾ?`


ਮਰਹੂਮ ਯੋਗੇਸ਼ ਗੁਪਤਾ ਦਾ ਪਰਿਵਾਰ ਮੂਲ ਰੂਪ ਵਿੱਚ ਪਟਿਆਲਾ ਦਾ ਹੈ।

ਸ਼ਹੀਦ ਮੇਜਰ ਯੋਗੇਸ਼ ਗੁਪਤਾ।  ਤਸਵੀਰ: ਆਨਰ-ਪੁਆਇੰਟ

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਪੇਜ ਨੂੰ ਹੁਣੇ ਹੀ Like (ਲਾਈਕ) ਕਰੋ

https://www.facebook.com/hindustantimespunjabi/

 

ਅਤੇ

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ

https://twitter.com/PunjabiHT ਟਵਿਟਰ ਪੇਜ ਨੂੰ ਹੁਣੇ ਹੀ Follow (ਫ਼ਾਲੋ) ਕਰੋ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will country ever honour martyr Army Major father awaits