ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਹੁਣ ਦਿਨਕਰ ਗੁਪਤਾ ਵਿਰੁੱਧ ਸੁਪਰੀਮ ਕੋਰਟ ਜਾਣਗੇ STF ਦੇ DGP ਮੁਹੰਮਦ ਮੁਸਤਫ਼ਾ?

ਮੁਹੰਮਦ ਮੁਸਤਫ਼ਾ (ਖੱਬੇ) ਅਤੇ ਦਿਨਕਰ ਗੁਪਤਾ

ਹੁਣ ਜਦੋਂ ਅੱਜ ਵੀਰਵਾਰ ਸ਼ਾਮੀਂ 4:00 ਵਜੇ ਸ੍ਰੀ ਦਿਨਕਰ ਗੁਪਤਾ ਪੰਜਾਬ ਦੇ ਨਵੇਂ ਡੀਜੀਪੀ (DGP) ਬਣ ਗਏ ਹਨ; ਅਜਿਹੇ ਵੇਲੇ ਸਭ ਦੇ ਮਨਾਂ ਵਿੱਚ ਇਹੋ ਸੁਆਲ ਪੈਦਾ ਹੋ ਰਿਹਾ ਹੈ ਕਿ ਆਖ਼ਰ ਸਪੈਸ਼ਲ ਟਾਸਕ ਫ਼ੋਰਸ (STF – Special Task Force) ਦੇ DGP ਸ੍ਰੀ ਮੁਹੰਮਦ ਮੁਸਤਫ਼ਾ ਹੁਣ ਕੀ ਕਰਨਗੇ, ਕੀ ਉਹ ਹੁਣ ਸੁਪਰੀਮ ਕੋਰਟ ਜਾਣਗੇ? ਅਜਿਹਾ ਸੁਆਲ ਉੱਠਣਾ ਸੁਭਾਵਕ ਹੀ ਹੈ ਕਿਉਂਕਿ ਯੂਪੀਐੱਸਸੀ (UPSC) ਨੇ ਪਰਸੋਂ ਤਿੰਨ ਨਾਂਅ ਸੁਝਾਏ ਸਨ, ਜਿਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਡੀਜੀਪੀ ਬਣਾਇਆ ਜਾਣਾ ਤੈਅ ਸੀ।

 

 

ਮੰਗਲਵਾਰ ਨੂੰ ਦੋ ਸੂਚੀਆਂ ਜਾਰੀ ਹੋਈਆਂ ਸਨ; ਪਹਿਲੀ ਸੂਚੀ ਵਿੱਚ ਤਾਂ ਸ੍ਰੀ ਮੁਸਤਫ਼ਾ ਦੇ ਨਾਲ ਡੀਜੀਪੀ–ਇੰਟੈਲੀਜੈਂਸ ਦਿਨਕਰ ਗੁਪਤਾ ਤੇ ਸਾਮੰਤ ਗੋਇਲ (ਜੋ ਡੈਪੂਟੇਸ਼ਨ ’ਤੇ ਕੇਂਦਰ ਵਿੱਚ ਹਨ) ਦੇ ਨਾਂਅ ਸਨ ਪਰ ਦੇਰ ਰਾਤੀਂ ਇੱਕ ਨਵੀਂ ਸੂਚੀ ਜਾਰੀ ਹੋਈ ਸੀ, ਜਿਸ ਵਿੱਚ ਸ੍ਰੀ ਦਿਨਕਰ ਗੁਪਤਾ ਦਾ ਨਾਂਅ ਮੌਜੂਦ ਸੀ ਤੇ ਉਨ੍ਹਾਂ ਨਾਲ ਦੋ ਵੱਖਰੇ ਨਾਂਅ ਸੁਝਾਏ ਗਏ ਸਨ। ਉਹ ਨਾਂਅ ਸਨ ਡੀਜੀਪੀ–ਐਡਮਿਨ ਐੱਮਕੇ ਤਿਵਾੜੀ, ਡੀਜੀਪੀ–ਪ੍ਰੋਵਿਜ਼ਨ ਵੀਕੇ ਭਾਵੜਾ।

 

 

ਇਸ ਦੂਜੀ ਸੂਚੀ ’ਤੇ ਬੁੱਧਵਾਰ ਨੂੰ 1985 ਬੈਚ ਦੇ ਪੁਲਿਸ ਅਧਿਕਾਰੀ ਮੁਹੰਮਦ ਮੁਸਤਫ਼ਾ ਹੁਰਾਂ ਨੇ ‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਦੌਰਾਨ ਸਖ਼ਤ ਇਤਰਾਜ਼ ਪ੍ਰਗਟਾਉਂਦਿਆਂ ਆਖਿਆ ਸੀ ਕਿ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਉਨ੍ਹਾਂ ਦਾ ਨਾਂਅ ਜਾਣ–ਬੁੱਝ ਕੇ ਕੱਢਿਆ ਹੈ। ਉਨ੍ਹਾਂ ਕੱਲ੍ਹ ਇਹ ਵੀ ਆਖਿਆ ਸੀ ਕਿ ਉਹ ਇਸ ਵਿਰੁੱਧ ਸੁਪਰੀਮ ਕੋਰਟ (SC – Supreme Court) ਜਾਣਗੇ। ਉਨ੍ਹਾਂ ਨੇ ਤਾਂ ਇੱਥੋਂ ਤੱਕ ਵੀ ਆਖਿਆ ਸੀ ਕਿ ਇਹ ਉਨ੍ਹਾਂ ਖਿ਼ਲਾਫ਼ ਇੱਕ ਸਾਜ਼ਿਸ਼ ਰਚੀ ਗਈ ਹੈ ਤੇ ਉਹ ਕਿਸੇ ਤਰਕਪੂਰਨ ਨਤੀਜੇ ’ਤੇ ਪੁੱਜਣ ਲਈ ਦੇਸ਼ ਦੀ ਸਰਬਉੱਚ ਅਦਾਲਤ ਵਿੱਚ ਜਾਣਗੇ।

 

 

ਸ੍ਰੀ ਮੁਸਤਫ਼ਾ ਨੇ ਇਹ ਵੀ ਆਖਿਆ ਸੀ ਕਿ DGP ਦੀ ਨਿਯੁਕਤੀ ਕਰਨਾ ਸੂਬਾ ਸਰਕਾਰ ਦੇ ਅਧਿਕਾਰ–ਖੇਤਰ ਅਧੀਨ ਆਉਂਦਾ ਹੈ ਤੇ ਇਸ ਵਿੱਚ ਕਿਤੇ ਕੋਈ ਵਿਵਾਦ ਨਹੀਂ ਹੈ। ‘ਪਰ ਮੇਰਾ ਨਾਂਅ ਕਿਸੇ ਖ਼ਾਸ ਸਾਜ਼ਿਸ਼ ਅਧੀਨ ਪੈਨਲ ’ਚੋਂ ਬਾਹਰ ਕੀਤਾ ਗਿਆ ਹੈ। ਮੈਂ ਆਪਣੇ ਸਮੁੱਚੇ ਕਰੀਅਰ ਦੌਰਾਨ ਪੂਰੇ ਸਮਰਪਣ ਦੀ ਭਾਵਨਾ ਤੇ ਈਮਾਨਦਾਰੀ ਨਾਲ ਸੇਵਾ ਨਿਭਾਈ ਹੈ। ਮੇਰਾ ਨਾਂਅ ਇਸ ਪੈਨਲ ਵਿੱਚ ਨਾ ਹੋਣਾ ਮੇਰੇ ਲਈ ਇੱਕ ਬਦਨੁਮਾ ਦਾਗ਼ ਹੈ।’

 

 

ਸ੍ਰੀ ਮੁਹੰਮਦ ਮੁਸਤਫ਼ਾ ਨੇ ਕਿਸੇ ਦਾ ਨਾਂਅ ਤਾਂ ਨਹੀਂ ਲਿਆ ਪਰ ਉਨ੍ਹਾਂ ਇਹ ਜ਼ਰੂਰ ਆਖਿਆ ਕਿ ਉਨ੍ਹਾਂ ਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸੋਮਵਾਰ ਨੂੰ UPSC ਦੀ ਮੀਟਿੰਗ ਵਿੱਚ ਪੰਜਾਬ ਦੇ ਨੁਮਾਇੰਦੇ ਵੀ ਸ਼ਾਮਲ ਹੋਏ ਸਨ ਤੇ ਉਨ੍ਹਾਂ ਵੱਲੋਂ ਵਧ–ਚੜ੍ਹ ਕੇ ਦਿੱਤੇ ਗਏ ਵੇਰਵਿਆਂ ਤੇ ਸੁਝਾਵਾਂ ਕਾਰਨ ਹੀ ਉਨ੍ਹਾਂ ਦਾ ਨਾਂਅ UPSC ਦੀ ਸੂਚੀ ਵਿਚੋਂ ਬਾਹਰ ਕੀਤਾ ਗਿਆ ਹੈ।

 

 

ਉਂਝ ਇਸ ਤੱਥ ਤੋਂ ਸਾਰੇ ਵਾਕਿਫ਼ ਹਨ ਕਿ ਪੰਜਾਬ ਦੀ ਤਰਫ਼ੋਂ ਦਿੱਲੀ ਵਿਖੇ ਹੋਈ ਉਸ ਮੀਟਿੰਗ ਵਿੱਚ ਸੂਬੇ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਤੇ ਉਦੋਂ ਦੇ DGP ਸੁਰੇਸ਼ ਅਰੋੜਾ ਮੌਜੂਦ ਸਨ। ਸ੍ਰੀ ਮੁਸਤਫ਼ਾ ਨੇ ਦੱਸਿਆ ਸੀ ਕਿ – ‘UPSC ਦੀ ਮੀਟਿੰਗ ਵਿੱਚ ਸੂਬੇ ਦੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਮੇਰੇ ਨਾਂਅ ਉੱਤੇ ਸਿਰਫ਼ ਇਸ ਲਈ ਵਿਚਾਰ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਡਾ ਘਰ ਮਾਲੇਰਕੋਟਲਾ ਵਿਖੇ ਉਸ ਵਿਧਾਨ ਸਭਾ ਹਲਕੇ ਤੋਂ ਸਿਰਫ਼ 200 ਮੀਟਰ ਦੀ ਦੂਰੀ ਉੱਤੇ ਸਥਿਤ ਹੈ, ਜਿੱਥੋਂ ਮੇਰੀ ਪਤਨੀ ਵਿਧਾਇਕਾ ਹੈ।’

 

 

ਇੱਥੇ ਵਰਨਣਯੋਗ ਹੈ ਕਿ ਸ੍ਰੀ ਮੁਹੰਮਦ ਮੁਸਤਫ਼ਾ ਦੀ ਪਤਨੀ ਰਜ਼ੀਆ ਸੁਲਤਾਨਾ ਮਾਲੇਰਕੋਟਲਾ ਅਸੈਂਬਲੀ ਹਲਕੇ ਤੋਂ ਕਾਂਗਰਸੀ ਵਿਧਾਇਕਾ ਹਨ ਤੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਕੈਬਿਨੇਟ ਵਿੱਚ ਉੱਚ–ਸਿੱਖਿਆ, ਜਲ–ਸਪਲਾਈ ਤੇ ਸਵੱਛਤਾ ਨਾਲ ਸਬੰਧਤ ਮਾਮਲਿਆਂ ਦੇ ਮੰਤਰੀ ਹਨ।

 

 

ਸ੍ਰੀ ਮੁਸਤਫ਼ਾ ਨੇ ਕਿਹਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਸੂਬਾ ਪੁਲਿਸ ਦਾ ਮੁਖੀ ਬਣਨ ਲਈ ਇੱਕ ਅਧਿਕਾਰੀ ਦੀ ਯੋਗਤਾ ਪਰਖਣ ਲਈ ਤਿੰਨ ਮਾਪਦੰਡ ਹਨ – ਪਹਿਲਾ ਮਾਪਦੰਡ ਹੈ ਸੀਨੀਆਰਤਾ, ਦੂਜਾ ਹੈ ‘ਬਹੁਤ ਵਧੀਆ ਸਰਵਿਸ ਰਿਕਾਰਡ’ ਅਤੇ ਤੀਜਾ ਹੈ ਪੁਲਿਸ ਦੇ ਤਜਰਬੇ ਦੀ ਰੇਂਜ। ਉਨ੍ਹਾਂ ਦਾਅਵਾ ਕੀਤਾ ਸੀ ਕਿ – ‘ਮੈਂ UPSC ਵੱਲੋਂ ਸੁਝਾਏ ਗਏ ਤਿੰਨੇ ਅਧਿਕਾਰੀਆਂ ਤੋਂ ਕਿਤੇ ਉਤਾਂਹ ਹਾਂ।’

 

 

ਸ੍ਰੀ ਮੁਸਤਫ਼ਾ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਉਹ ਸੁਪਰੀਮ ਕੋਰਟ ਸਾਹਵੇਂ ਉਨ੍ਹਾਂ ਸਾਰੇ ਅਧਿਕਾਰੀਆਂ ਬਾਰੇ ਕੁਝ ਅਜਿਹੇ ਹੈਰਾਨ–ਪਰੇਸ਼ਾਨ ਕਰ ਕੇ ਰੱਖ ਦੇਣ ਵਾਲੇ ਇੰਕਸ਼ਾਫ਼ ਕਰਨਗੇ, ਜਿਨ੍ਹਾਂ ਨੂੰ UPSC ਨੇ ਪਹਿਲ ਦਿੱਤੀ ਹੈ ਤੇ ਮੈਨੂੰ ਛੱਡ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮਿਲਣ ਦਾ ਸਮਾਂ ਲਿਆ ਹੈ, ਤਾਂ ਜੋ ਉਨ੍ਹਾਂ ਨੂੰ ਸਾਰੇ ਮਾਮਲੇ ਤੋਂ ਜਾਣੂ ਕਰਵਾਂ ਸਕਾਂ। ਸ੍ਰੀ ਮੁਸਤਫ਼ਾ ਨੇ ਇਹ ਵੀ ਦਾਅਵਾ ਕੀਤਾ ਕਿ UPSC ਨੇ ਤਿੰਨ ਅਧਿਕਾਰੀਆਂ ਦੇ ਨਾਂਅ ਸੁਝਾਉਣ ਲੱਗਿਆਂ ਨਾ ਤਾਂ ਸੀਨੀਆਰਤਾ ਦਾ ਕੋਈ ਖਿ਼ਆਲ ਰੱਖਿਆ ਹੈ ਤੇ ਨਾ ਹੀ ਮੈਰਿਟ ਦਾ।

 

 

ਬੀਤੀ 21 ਜਨਵਰੀ ਨੂੰ ਪੰਜਾਬ ਸਰਕਾਰ ਨੇ UPSC ਦੇ ਅਧਿਕਾਰੀਆਂ ਨੂੰ ਨਵੇਂ DGP ਦੀ ਚੋਣ ਲਈ ਸਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਲੰਮੇਰੀ ਸੂਚੀ ਭੇਜੀ ਸੀ ਤੇ ਇਹ ਸਭ ਸੁਪਰੀਮ ਕੋਰਟ ਵੱਲੋਂ ਤੈਅ ਹਦਾਇਤਾਂ ਮੁਤਾਬਕ ਕੀਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will DGP STF Mohd Mustafa go to SC against Dinker Gupta