ਕੋਰੋਨਾ ਵਾਇਰਸ ਲੌਕਡਾਊਨ ਕਾਰਨ ਆਮ ਜਨਤਾ ਡਾਢੀ ਪਰੇਸ਼ਾਨ ਹੈ। ਆਮ ਲੋਕਾਂ ਨੂੰ ਇਸ ਘਾਤਕ ਵਾਇਰਸ ਦੀ ਮਾਰ ਤੋਂ ਬਚਾਉਣ ਲਈ ਘਰਾਂ ’ਚੋਂ ਬਾਹਰ ਨਹੀਂ ਨਿੱਕਲਣ ਦਿੱਤਾ ਜਾ ਰਿਹਾ। ਅਜਿਹੀ ਸੰਕਟ ਦੀ ਘੜੀ ’ਚ ਕੁਝ ਜ਼ਖੀਰੇਬਾਜ਼ ਤੇ ਮੁਨਾਫ਼ਾਖੋਰ ਕਾਰੋਬਾਰੀ ਜ਼ਰੂਰੀ ਵਸਤਾਂ ਮਹਿੰਗੇ ਭਾਅ ਵੇਚ ਕੇ ਮੋਟੀਆਂ ਕਮਾਈਆਂ ਕਰਨ ’ਚ ਲੱਗੇ ਹੋਏ ਹਨ। ਬੀਤੇ ਕੁਝ ਦਿਨਾਂ ਤੋਂ ਮੋਹਾਲੀ ਦੇ ਸੈਕਟਰ–70 ਸਥਿਤ ਵਾਰਡ ਨੰਬਰ 47 ਤੋਂ ਨਗਰ ਕੌਂਸਲਰ (MC) ਸ੍ਰੀ ਸੁਖਦੇਵ ਸਿੰਘ ਪਟਵਾਰੀ ਨੇ ਸਬਜ਼ੀ–ਵਿਕਰੇਤਾਵਾਂ ਦੀ ‘ਲੁੱਟ’ ਵਿਰੁੱਧ ਆਵਾਜ਼ ਬੁਲੰਦ ਕੀਤੀ ਹੋਈ ਹੈ ਪਰ ਹਾਲੇ ਤੱਕ ਇਸ ਦਿਸ਼ਾ ਵਿੱਚ ਕੋਈ ਸਾਰਥਕ ਕਦਮ ਨਹੀਂ ਚੁੱਕਿਆ ਗਿਆ।
ਉਂਝ ਪ੍ਰਸ਼ਾਸਨ ਨੇ ਅਜਿਹਾ ਦਾਅਵਾ ਤਾਂ ਕੀਤਾ ਹੈ ਕਿ ਉਸ ਨੇ ਆਮ ਜਨਤਾ ਨੂੰ ਸਬਜ਼ੀ–ਵਿਕਰੇਤਾਵਾਂ ਦੀ ਕਥਿਤ ਲੁੱਟ ਤੋਂ ਬਚਾਉਣ ਲਈ 10 ਮੰਡੀ–ਸੁਪਰਵਾਈਜ਼ਰ ਨਿਯੁਕਤ ਕੀਤੇ ਗਏ ਹਨ। ਪਰ ਅਸਲ ਤਸਵੀਰ ਸ੍ਰੀ ਸੁਖਦੇਵ ਸਿੰਘ ਪਟਵਾਰੀ ਨੇ ‘ਹਿੰਦੁਸਤਾਨ ਟਾਈਮਜ਼ ਪੰਜਾਬੀ’ ਨਾਲ ਗੱਲਬਾਤ ਦੌਰਾਨ ਸਪੱਸ਼ਟ ਕੀਤੀ।
ਸ੍ਰੀ ਪਟਵਾਰੀ ਨੇ ਦੱਸਿਆ ਕਿ ਸੁਪਰਵਾਈਜ਼ਰ ਤਾਂ ਰੋਜ਼ ਹੀ ਮੰਡੀਆਂ ’ਚ ਨਿਯੁਕਤ ਹੁੰਦੇ ਹਨ। ਇਹ ਉਨ੍ਹਾਂ ਦੀ ਰੂਟੀਨ ਡਿਊਟੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਹੁਣ ਮੋਹਾਲੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ (DC) ਨੂੰ ਇੱਕ ਹੋਰ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਸਬਜ਼ੀਆਂ ਦੇ ਨਿਰਧਾਰਤ ਕੀਤੇ ਗਏ ਰੇਟ ਬਹੁਤ ਜ਼ਿਆਦਾ ਹਨ।
ਮੋਹਾਲੀ ਦੀ ਜਨਤਾ ਨਾਲ ਹੋ ਰਹੀ ਲੁੱਟ ਵਿਰੁੱਧ MC ਪਟਵਾਰੀ ਨੇ ਖੋਲ੍ਹਿਆ ਮੋਰਚਾ
ਸ੍ਰੀ ਪਟਵਾਰੀ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਸਬਜ਼ੀਆਂ ਦੇ ਰੇਟ ਇੰਨੇ ਜ਼ਿਆਦਾ ਕਿਵੇਂ ਤੇ ਕਿਉਂ ਤੈਅ ਕੀਤੇ ਗਏ?
ਸ੍ਰੀ ਪਟਵਾਰੀ ਨੇ ਦੱਸਿਆ ਕਿ ਇਹ ਨਿਰਧਾਰਤ ਰੇਟ ਲੁੱਟ ਮਾਰ ਕਰ ਰਹੇ ਸ਼ਬਜੀ ਵਿਕਰੇਤਾਵਾਂ ਦੇ ਨੇੜੇ ਤੇੜੇ ਹੀ ਹਨ।
DC ਨੂੰ ਭੇਜੀ ਚਿੱਠੀ ਵਿੱਚ ਸ੍ਰੀ ਸੁਖਦੇਵ ਸਿੰਘ ਪਟਵਾਰੀ ਨੇ ਦੱਸਿਆ ਕਿ ‘ਮੇਰੇ ਵੱਲੋਂ ਸ਼ਬਜੀਆਂ ਦੇ ਰੇਟ ਨਿਰਧਾਰਿਤ ਕਰਨ ਲਈ ਕਹਿਣ ਪਿੱਛੇ ਤਰਕ ਇਹ ਸੀ ਕਿ ਉਹ ਮਨਮਰਜ਼ੀ ਨਾਲ ਜਿਵੇਂ ਉਨ੍ਹਾਂ ਨੂੰ ਸੂਤ ਲਗਦਾ ਸੀ ਉਵੇੰ ਰੇਟ ਲਾਉਂਦੇ ਸਨ। ਉਦਾਹਰਣ ਲਈ 30 ਰੁਪਏ ਵਾਲੀ ਚੀਜ਼ ਦਾ ਰੇਟ 100-80 ਆਦਿ ਲਾਉਣਾ। ਤੁਹਾਡੇ ਰੇਟ ਨਿਰਧਾਰਿਤ ਕਰਨ ਨਾਲ ਵੀ ਲੋਕਾਂ ਨੂੰ ਮਾੜਾ ਮੋਟਾ ਫ਼ਾਇਦਾ ਹੋਵੇਗਾ ਪਰ ਕੁੱਲ ਮਿਲਾ ਕੇ ਲੋਕਾਂ ਨੂੰ ਪੱਕਾ ਨੁਕਸਾਨ ਹੀ ਹੋਵੇਗਾ।ਸਾਡੇ ਵੱਲੋਂ ਲਿਆਂਦੇ ਵੈਂਡਰਾਂ ਦਾ ਰੇਟ ਤੁਹਾਡੇ ਨਿਰਧਾਰਿਤ ਕੀਤੇ ਰੇਟਾਂ ਨਾਲ਼ੋਂ ਕਿਤੇ ਘੱਟ ਸਨ ਪਰ ਹੁਣ ਕੱਲ ਨੂੰਤੁਹਾਡੇ ਵੱਲੋਂ ਨਿਰਧਾਰਿਤ ਕੀਤੇ ਰੇਟਾਂ ਨਾਲ ਇਹ ਲੁੱਟ ਪੱਕੀ ਹੋ ਗਈ ਹੈ।’’
ਸ੍ਰੀ ਪਟਵਾਰੀ ਨੇ ਦੱਸਿਆ ਕਿ – ‘ਕੁੱਝ ਸਬਜ਼ੀ–ਵਿਕਰੇਤਾਵਾਂ ਨਾਲ ਗੱਲ ਕਰਨ ਤੇ ਉਹਨਾਂ ਦੱਸਿਆ ਕਿ ਪੁਲਿਸ ਵਾਲੇ, ਮੰਡੀ ਬੋਰਡ ਵਾਲੇ ਤੇ ਐਮ ਸੀ ਵਾਲੇ ਸਾਥੋਂ ਮੁਫ਼ਤ ਸ਼ਬਜੀ ਲੈ ਜਾਂਦੇ ਹਨ ਜਿਸ ਦਾ ਸਾਨੂੰ ਘਾਟਾ ਪੂਰਾ ਕਰਨ ਲਈ ਰੇਟ ਵਧਾਉਣੇ ਪੈੰਦੇ ਹਨ। ਪੰਜਾਬ ਮੰਡੀ ਬੋਰਡ ਦੇ ਮੁਲਾਜ਼ਮਾਂ ਵੱਲੋਂ ਵੈਂਡਰਾਂ ਦੇ ਰੇਟਾਂ ‘ਚ ਇਹ ਵਾਧੂ ਬੋਝ ਸ਼ਾਮਲ ਕਰਕੇ ਉਹਨਾਂ ਨੂੰ ਖੁਲੇ ਗੱਫੇ ਵਾਲੇ ਰੇਟ ਦਵਾਏ ਗਏ ਹਨ ਜੋ ਲੋਕਾਂ ਨਾਲ ਸਰਾਸਰ ਧੱਕਾ ਹੈ। ਕਿਰਪਾ ਕਰਕੇ ਰੇਟਾਂ ਦੀ ਜਾਂਚ ਕਰਕੇ ਦੁਬਾਰਾ ਰੇਟ ਨਿਸਚਿਤ ਕੀਤੇ ਜਾਣ।’
ਚੇਤੇ ਰਹੇ ਕਿ ਸ੍ਰੀ ਪਟਵਾਰੀ ਨੇ ਪਿਛਲੇ ਦਿਨਾਂ ਤੋਂ ਸਬਜ਼ੀ–ਵਿਕਰੇਤਾਵਾਂ ਵੱਲੋਂ ਕੀਤੀ ਜਾ ਰਹੀ ਆਮ ਜਨਤਾ ਦੀ ਲੁੱਟ ਵਿਰੁੱਧ ਮੋਰਚਾ ਖੋਲ੍ਹਿਆ ਹੋਇਆ ਹੈ। ਕਾਸ਼ ਸ਼ਹਿਰ ਦੇ ਸਾਰੇ 50 ਕੌਂਸਲਰ ਆਮ ਜਨਤਾ ਦੀਆਂ ਵੱਖੋ–ਵੱਖਰੀਆਂ ਸਮੱਸਿਆਵਾਂ ਦਾ ਕੋਈ ਇੱਕਜੁਟ ਹੱਲ ਇੰਨੀ ਹੀ ਸ਼ਿੱਦਤ ਨਾਲ ਲੱਭਣ।