ਮੋਹਾਲੀ ਦੀਆਂ ਸੜਕਾਂ ’ਤੇ ਅਵਾਰਾ ਘੁੰਮਣ ਵਾਲੇ ਜਾਨਵਰਾਂ ਦੀ ਸਮੱਸਿਆ ਹਾਲੇ ਖ਼ਤਮ ਨਹੀਂ ਹੋਈ ਪਰ ਹੁਣ ਇਸ ਸਮੱਸਿਆ ਦੇ ਹੱਲ ਲਈ ਬੇਰੁਜ਼ਗਾਰ ਨੌਜਵਾਨਾਂ ਨੂੰ ਮੋਹਾਲੀ ਦੇ ਲਾਗਲੇ ਪਿੰਡਾਂ ਵਿੱਚ ਡੇਅਰੀ ਫ਼ਾਰਮ ਖੋਲ੍ਹ ਕੇ ਦੇਣ ਦੀ ਇੱਕ ਯੋਜਨਾ ’ਤੇ ਵਿਚਾਰ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਇੱਕ ਪ੍ਰਸਤਾਵ ਨਗਰ ਨਿਗਮ ਦੀ ਅਗਲੀ ਮੀਟਿੰਗ ਦੌਰਾਨ ਰੱਖਿਆ ਜਾਵੇਗਾ। ਇਸ ਪ੍ਰਸਤਾਵ ਮੁਤਾਬਕ ਬੇਰੁਜ਼ਗਾਰ ਨੌਜਵਾਨਾਂ ਨੂੰ ਡੇਅਰੀ ਫ਼ਾਰਮ ਲਈ ਪਸ਼ੂ ਵੀ ਨਗਰ ਨਿਗਮ ਮੁਹੱਈਆ ਕਰਵਾਏਗਾ। ਮੇਅਰ ਕੁਲਵੰਤ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੱਤੀ।
ਪਿਛਲੇ ਸਾਲ ਨਗਰ ਨਿਗਮ ਨੇ ਮੋਹਾਲੀ ਦੀਆਂ ਸੜਕਾਂ ’ਤੇ ਜਾਨਵਰ ਖੁੱਲ੍ਹੇ ਤੇ ਅਵਾਰਾ ਛੱਡਣ ਵਾਲੇ ਮਾਲਕਾਂ ਉੱਤੇ 5,000 ਰੁਪਏ ਤੋਂ ਲੈ ਕੇ 20,000 ਰੁਪਏ ਜੁਰਮਾਨਾ ਲਾਉਣ ਦਾ ਕਾਨੂੰਨ ਵੀ ਲਾਗੂ ਕੀਤਾ ਗਿਆ ਸੀ ਪਰ ਉਸ ਦਾ ਕੋਈ ਫ਼ਾਇਦਾ ਨਹੀਂ ਹੋਇਆ।
ਇਸ ਤੋਂ ਇਲਾਵਾ ਮਾਲਕਾਂ ’ਤੇ ਚਾਰੇ ਲਈ 500 ਰੁਪਏ ਰੋਜ਼ਾਨਾ ਦੇ ਹਿਸਾਬ ਨਾਲ ਜੁਰਮਾਨਾ ਵੱਖਰਾ ਲਾਉਣ ਦਾ ਕਾਨੂੰਨ ਵੀ ਸੀ। ਪਰ ਹਾਲੇ ਤੱਕ ਕਿਸੇ ਵੀ ਵਿਅਕਤੀ ਉੱਤੇ ਅਜਿਹਾ ਕੋਈ ਜੁਰਮਾਨਾ ਕਦੇ ਲਾਇਆ ਨਹੀਂ ਗਿਆ।
ਹੁਣ ਵੇਖਣਾ ਇਹ ਹੋਵੇਗਾ ਕਿ ਕੀ ਅਵਾਰਾ ਪਸ਼ੂਆਂ ਦੀ ਸਮੱਸਿਆ ਮੋਹਾਲੀ ਨਗਰ ਨਿਗਮ ਦੇ ਨਵੇਂ ਪ੍ਰਸਤਾਵ ਨਾਲ ਹੱਲ ਹੋਵੇਗੀ ਜਾਂ ਨਹੀਂ?