ਜਲੰਧਰ ਜ਼ਿਲ੍ਹੇ ਦੇ ਲੋਹੀਆਂ ਖ਼ਾਸ ਲਾਗਲੇ 18 ਪਿੰਡਾਂ ਦੇ ਵਾਸੀ ਪਾਣੀ ’ਚ ਘਿਰੇ ਹੋਏ ਹਨ। ਹਜ਼ਾਰਾਂ ਮਰਦ ਤੇ ਔਰਤਾਂ (ਅਮੀਰ ਤੇ ਗ਼ਰੀਬ ਦੋਵੇਂ) ਉੱਥੇ ਫਸੇ ਹੋਏ ਹਨ। ਸੈਂਕੜੇ ਏਕੜ ਜ਼ਮੀਨਾਂ ਦੇ ਮਾਲਕ ਜ਼ਿਮੀਂਦਾਰਾਂ ਦੇ ਪਰਿਵਾਰ ਵੀ ਇੰਝ ਹੀ ਫਸੇ ਹੋਏ ਹਨ। ਆਮ ਔਰਤਾਂ ਨੂੰ ਰਾਤ ਹੋਣ ਤੱਕ ਦੀ ਉਡੀਕ ਕਰਨੀ ਪੈਂਦੀ ਹੈ। ਉਨ੍ਹਾਂ ਨੂੰ ਜੰਗਲ਼–ਪਾਣੀ (ਮਲ–ਮੂਤਰ ਖ਼ਾਰਜ ਕਰਨ) ਲਈ ਬਹੁਤ ਔਖਾ ਹੋ ਰਿਹਾ ਹੈ।
ਜਦੋਂ ਰਾਤ ਨੂੰ ਸਾਰੇ ਸੌਂ ਜਾਂਦੇ ਹਨ, ਉਹ ਔਰਤਾਂ ਤਦ ਕੁਦਰਤ ਦੀ ਇਸ ਪ੍ਰਕਿਰਿਆ ਤੋਂ ਫ਼ਾਰਗ ਹੁੰਦੀਆਂ ਹਨ ਤੇ ਜਾਂ ਫਿਰ ਉਨ੍ਹਾਂ ਨੂੰ ਵੱਡੇ ਤੜਕੇ ਭਾਵ ਸਵੇਰ ਦੇ ਚਾਰ–ਪੰਜ ਵਜੇ ਤੱਕ ਦੀ ਉਡੀਕ ਕਰਨੀ ਪੈਂਦੀ ਹੈ।
ਜਿਹੜੀਆਂ ਔਰਤਾਂ ਨੂੰ ਸ਼ੁੱਕਰਵਾਰ ਵਾਲੇ ਦਿਨ ਲੋਹੀਆਂ ਖ਼ਾਸ ਦੇ ਇਨ੍ਹਾਂ ਇਲਾਕਿਆਂ ਵਿੱਚੋਂ ਕੱਢਿਆ ਗਿਆ ਸੀ, ਉਨ੍ਹਾਂ ਨੇ ਆਪਣੇ ਦੁਖੜੇ ਹੁਣ ਮੀਡੀਆ ਸਾਹਵੇਂ ਬਿਆਨ ਕੀਤੇ ਹਨ।
ਉਨ੍ਹਾਂ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਨਹਾਉਣ–ਧੋਣ ਲਈ ਨਾ ਕੋਈ ਸਾਬਣ ਹੁੰਦਾ ਸੀ ਤੇ ਨਾ ਹੀ ਸਾਫ਼ ਪਾਣੀ। ਉਨ੍ਹਾਂ ਨੂੰ ਹੜ੍ਹ ਦੇ ਪਾਣੀ ਨਾਲ ਹੀ ਖ਼ੁਦ ਨੂੰ ਧੋਣਾ ਪੈਂਦਾ ਸੀ। ਇਸੇ ਲਈ ਉਨ੍ਹਾਂ ਚਾਰ ਦਿਨ ਨਾ ਤਾਂ ਦੰਦਾਂ ’ਤੇ ਕਦੇ ਬਰੱਸ਼ ਕੀਤਾ ਤੇ ਨਾ ਹੀ ਉਹ ਕਦੇ ਨਹਾਈਆਂ।
ਗੱਟਾ ਮੰਡੀ ਪਿੰਡ ਦੀ ਬੀਬਾ ਮਨਪ੍ਰੀਤ ਕੌਰ ਨੇ ਦੱਸਿਆ ਕਿ ਪਿੰਡ ਵਿੱਚ ਸਿਰਫ਼ ਇੱਕੋ–ਇੱਕ ਖ਼ੁਸ਼ਕ ਥਾਂ ਸੀ; ਜਿੱਥੇ ਉਨ੍ਹਾਂ ਨੂੰ ਮਲ–ਮੂਤਰ ਲਈ ਰਾਤ ਸਮੇਂ ਜਾਣਾ ਪੈਂਦਾ ਸੀ। ਰਾਤ ਨੂੰ ਉੱਥੇ ਬਿੱਛੂਆਂ, ਸੱਪਾਂ, ਕੰਨਖਜੂਰਿਆਂ ਤੇ ਹੋਰ ਅਜਿਹੇ ਰੀਂਗਣ ਵਾਲੇ ਜਾਨਵਰਾਂ ਦਾ ਵੱਡਾ ਖ਼ਤਰਾ ਵੀ ਬਣਿਆ ਰਹਿੰਦਾ ਸੀ।
ਅਜਿਹੇ ਹਾਲਾਤ ਵਿੱਚ ਬੱਚਿਆਂ ਦਾ ਵੀ ਬਹੁਤ ਮਾੜਾ ਹਾਲ ਸੀ।
ਇਨ੍ਹਾਂ ਇਲਾਕਿਆਂ ’ਚ ਲੋਕਾਂ ਨੂੰ ਆਪਣੇ ਘਰ ਖ਼ਾਲੀ ਕਰ ਕੇ ਸੁਰੱਖਿਅਤ ਟਿਕਾਣਿਆਂ ’ਤੇ ਜਾਣਾ ਪੈ ਰਿਹਾ ਹੈ ਕਿਉਂਕਿ ਹੜ੍ਹ ਦੇ ਪਾਣੀ ਵਿੱਚੋਂ ਬਹੁਤ ਤਿੱਖੀ ਤੇ ਭੈੜੀ ਬੋਅ ਮਾਰ ਰਹੀ ਹੈ।