ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ ਦੇ ਕਾਲਕਟ ਭਵਨ ਤੋਂ ਚਲੇਗਾ ਕਿਸਾਨ ਵਿਕਾਸ ਚੈਂਬਰ ਦਾ ਕੰਮਕਾਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਸਾਨ ਵਿਕਾਸ ਚੈਂਬਰ ਪੰਜਾਬ (ਕੇ.ਵੀ.ਸੀ.ਪੀ.) ਦੀ ਕਾਰਜਕਾਰੀ ਕਮੇਟੀ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਕਿਸਾਨਾਂ ਦੀ ਭਲਾਈ ਅਤੇ ਖੇਤੀਬਾੜੀ ਦੀ ਆਰਥਿਕ ਤਰੱਕੀ ਨਾਲ ਸਬੰਧਤ ਮੁੱਦਿਆਂ 'ਤੇ ਚੈਂਬਰ ਨੂੰ ਆਪਣਾ ਦਫ਼ਤਰ ਮੋਹਾਲੀ ਵਿੱਚ ਕਾਲਕਟ ਭਵਨ ਤੋਂ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ, ਮੰਤਰੀ ਮੰਡਲ ਵੱਲੋਂ ਦਸੰਬਰ, 2019 ਨੂੰ ਇਹ ਇਮਾਰਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੂੰ ਸੌਂਪਣ ਦਾ ਫੈਸਲਾ ਲਿਆ ਗਿਆ ਸੀ ਪਰ ਇਸ ਦੇ ਬਾਵਜੂਦ ਮੁੱਖ ਮੰਤਰੀ ਨੇ ਅੱਜ ਇਹ ਪ੍ਰਵਾਨਗੀ ਦੇ ਦਿੱਤੀ।

 

ਕੇ.ਵੀ.ਸੀ.ਪੀ. ਦੇ ਕਾਰਜਕਾਰੀ ਮੈਂਬਰਾਂ ਨਾਲ ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਵੱਲੋਂ ਖੇਤੀ ਵਿਭਿੰਨਤਾ ਵਿੱਚ ਖੋਜ ਤੇ ਵਿਕਾਸ, ਸਵੈ-ਨਿਰਭਰ ਮੰਡੀਕਰਨ ਸਹਾਇਤਾ ਵਿਧੀ, ਮੌਸਮ ਬਦਲਾਅ ਤੇ ਵਾਤਾਵਰਣ ਪ੍ਰਦੂਸ਼ਣ ਵਰਗੀਆਂ ਗਤੀਵਿਧੀਆਂ ਸਮੇਤ ਭਵਿੱਖ ਵਿੱਚ ਇਸ ਦਾ ਦਾਇਰਾ ਵਧਾਉਣ ਲਈ ਢੁਕਵੀਂ ਦਫ਼ਤਰੀ ਜਗ੍ਹਾ ਮੁਹੱਈਆ ਕਰਵਾਈ ਜਾਵੇਗੀ।

 

ਮੁੱਖ ਮੰਤਰੀ ਨੇ ਵਧੀਕ ਮੁੱਖ ਸਕੱਤਰ (ਵਿਕਾਸ) ਨੂੰ ਚੈਂਬਰ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਨ ਦੇ ਹੁਕਮ ਦਿੱਤੇ ਤਾਂ ਕਿ ਉਨ੍ਹਾਂ ਦੇ ਕੰਮਕਾਜ ਦੇ ਦਾਇਰੇ ਦੇ ਮੱਦੇਨਜ਼ਰ ਵਾਧੂ ਜਗ੍ਹਾ ਦੀ ਲੋੜ ਦਾ ਪਤਾ ਲਾਇਆ ਜਾ ਸਕੇ।

 

ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਬੁਨਿਆਦੀ ਢਾਂਚੇ ਦੀ ਸਾਂਭ-ਸੰਭਾਲ, ਬਿਜਲੀ/ਪਾਣੀ ਦੇ ਖਰਚੇ ਅਤੇ ਸੁਰੱਖਿਆ ਦਾ ਸਮੁੱਚਾ ਖਰਚਾ ਸੂਬਾ ਸਰਕਾਰ ਵੱਲੋਂ ਸਹਿਣ ਕੀਤਾ ਜਾਵੇਗਾ। ਉਨ੍ਹਾਂ ਨੇ ਵਧੀਕ ਮੁੱਖ ਸਕੱਤਰ ਨੂੰ ਚੈਂਬਰ ਦੇ ਰੋਜ਼ਮੱਰਾ ਦੇ ਕੰਮਕਾਜ ਦੇ ਨਾਲ-ਨਾਲ ਮਾਹਿਰਾਂ ਅਤੇ ਖੋਜਕਾਰਾਂ ਨਾਲ ਵਿਚਾਰ-ਵਟਾਂਦਰੇ ਲਈ ਗਰਾਂਟ-ਇਨ-ਏਡ ਮੁਹੱਈਆ ਕਰਵਾਉਣ ਵਾਸਤੇ ਬਜਟ ਵਿੱਚ ਉਪਬੰਧ ਕਰਨ ਲਈ ਆਖਿਆ ਜਿਸ ਨਾਲ ਮੁਲਾਂਕਣ ਅਧਿਐਨ ਕੀਤੇ ਜਾਣ ਤੋਂ ਇਲਾਵਾ ਸੂਬੇ ਵਿੱਚ ਖੇਤੀ ਅਰਥਚਾਰੇ ਨੂੰ ਮਜ਼ਬੂਤ ਕਰਨ ਅਤੇ ਕਿਸਾਨਾਂ ਦਾ ਜੀਵਨ ਪੱਧਰ ਸੁਧਾਰਨ ਨਾਲ ਸਬੰਧਤ ਸੈਮੀਨਾਰ/ਕਾਨਫਰੰਸਾਂ ਕੀਤੀਆਂ ਜਾ ਸਕਣ।

 

ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨੀ ਨਾਲ ਜੁੜੇ ਅਹਿਮ ਮਸਲਿਆਂ ਨੂੰ ਉਠਾਉਣ ਅਤੇ ਖੇਤੀਬਾੜੀ ਤੇ ਪਸ਼ੂ ਧਨ ਸੈਕਟਰ ਨੂੰ ਜੀ.ਐਸ.ਟੀ. ਦੇ ਘੇਰੇ ਤੋਂ ਬਾਹਰ ਰੱਖਣ ਸਮੇਤ ਸਬੰਧਤ ਖੇਤਰਾਂ ਦੀ ਜ਼ੋਰਦਾਰ ਢੰਗ ਨਾਲ ਪੈਰਵੀ ਕਰਨ ਵਿੱਚ ਕੇ.ਵੀ.ਸੀ.ਪੀ. ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ।

 

ਮੁੱਖ ਮੰਤਰੀ ਨੇ ਚੈਂਬਰ ਦੀ ਕਾਰਜਕਾਰੀ ਕਮੇਟੀ ਦੀ ਵਿਸ਼ੇਸ਼ ਮੀਟਿੰਗ ਛੇਤੀ ਹੀ ਸੱਦਣ ਦਾ ਵਾਅਦਾ ਕੀਤਾ ਜਿਸ ਵਿੱਚ ਸੂਬੇ ਵਿੱਚ ਖੇਤੀਬਾੜੀ ਦੇ ਵਿਕਾਸ ਲਈ ਉੱਭਰਦੇ ਮੌਕਿਆਂ ਅਤੇ ਤਾਜ਼ਾ ਤਕਨੀਕਾਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

 

ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਖੇਤੀਬਾੜੀ ਕਮਿਸ਼ਨਰ ਡਾ. ਬੀ.ਐਸ. ਸਿੱਧੂ ਤੋਂ ਇਲਾਵਾ ਕਿਸਾਨ ਵਿਕਾਸ ਚੈਂਬਰ ਦੀ ਨੁਮਾਇੰਦਗੀ ਇਸ ਦੇ ਪ੍ਰਧਾਨ ਕਰਮਵੀਰ ਸਿੰਘ ਸਿੱਧੂ, ਪਿਛਲੇ ਪ੍ਰਧਾਨ ਕੁਲਵੰਤ ਸਿੰਘ ਆਹਲੂਵਾਲੀਆ, ਫੁੱਲਾਂ ਦੀ ਕਾਸ਼ਤ ਵਿੱਚ ਅਗਾਂਹਵਧੂ ਕਿਸਾਨ ਅਵਤਾਰ ਸਿੰਘ ਢੀਂਡਸਾ ਅਤੇ ਪ੍ਰਗਤੀਸ਼ੀਲ ਮੱਛੀ ਪਾਲਕ ਗੁਰਜਤਿੰਦਰ ਸਿੰਘ ਵਿਰਕ (ਸਾਰੇ ਕਾਰਜਕਾਰੀ ਮੈਂਬਰ) ਨੇ ਕੀਤੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Works of Farmer Development Chamber will operate from Kalkat Bhawan in Mohali