ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਕਾਂਗਰਸ ਨਾਗਰਿਕਤਾ ਸੋਧ ਕਾਨੂੰਨ (CAA) ਅਤੇ ਰਾਸ਼ਟਰੀ ਨਾਗਰਿਕ ਰਜਿਸਟਰ (NRC) ਵਿਰੁੱਧ ਆਪਣਾ ਸੰਘਰਸ਼ ਜਾਰੀ ਰੱਖੇਗੀ; ਤਾਂ ਜੋ ਇਨ੍ਹਾਂ ਨੂੰ ਕਿਸੇ ਤਰਕਪੂਰਨ ਤਣ–ਪੱਤਣ ਲਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਨੌਜਵਾਨ ਇਨ੍ਹਾਂ ਕਾਨੂੰਨਾਂ ਦਾ ਜ਼ੋਰਦਾਰ ਵਿਰੋਧ ਕਰ ਰਹੇ ਹਨ ਤੇ ਕਾਂਗਰਸ ਉਨ੍ਹਾਂ ਨੂੰ ਆਪਣੀ ਹਮਾਇਤ ਦਿੰਦੀ ਰਹੇਗੀ ਤੇ ਕੁਰਬਾਨੀਆਂ ਦੇਣ ਦਾ ਆਪਣਾ ਇਤਿਹਾਸ ਵੀ ਜਾਰੀ ਰੱਖੇਗੀ।
ਸ੍ਰੀ ਜਾਖੜ ਕਾਂਗਰਸ ਪਾਰਟੀ ਦੇ 135ਵੇਂ ਸਥਾਪਨਾ ਦਿਵਸ ਮੌਕੇ ਸੂਬਾ ਪੱਧਰੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਆਮ ਜਨਤਾ ਹੁਣ ਵਿਵਾਦਗ੍ਰਸਤ ਕਾਨੂੰਨਾਂ ਕਰਕੇ ਕੇਂਦਰ ਦਾ ਜ਼ੋਰਦਾਰ ਵਿਰੋਧ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਾਨੂੰਨ ਸੰਵਿਧਾਨ ਉੱਤੇ ਹਮਲਾ ਹਨ। ਉਨ੍ਹਾਂ ਪਾਰਟੀ ਕਾਰਕੁੰਨਾਂ ਨੂੰ ਅਜਿਹੀਆਂ ਸਰਕਾਰੀ ਨੀਤੀਆਂ ਵਿਰੁੱਧ ਹੋਰ ਜ਼ੋਰਦਾਰ ਹਮਲਾ ਕਰਨ ਦਾ ਸੱਦਾ ਦਿੱਤਾ।
ਬਾਅਦ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਜਾਖੜ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਦੌਰਾਨ ਪੰਜਾਬ ’ਚ CAA ਅਤੇ NRC ਵਿਰੁੱਧ ਰੈਲੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ – ‘ਅਸੀਂ ਸੰਵਿਧਾਨ ਤੇ ਦੇਸ਼ ਦੀ ਰਾਖੀ ਲਈ ਸੰਘਰਸ਼ ਕਰਾਂਗੇ ਤੇ ਦੇਸ਼ ਨੂੰ ਭਾਰਤੀ ਜਨਤਾ ਪਾਰਟੀ ਦੀ ਫੁੱਟ–ਪਾਊ ਨੀਤੀਆਂ ਤੋਂ ਬਚਾਵਾਂਗੇ।’
ਸ੍ਰੀ ਜਾਖੜ ਨੇ ਕਿਹਾ ਕਿ ਕਾਂਗਰਸ ਨੇ ਦੇਸ਼ ਦੀ ਆਜ਼ਾਦੀ ਅਤੇ ਇਸ ਦੇ ਪੁਨਰਗਠਨ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਅਸੀਂ ਕਿਸੇ ਨੂੰ ਵੀ ਦੇਸ਼ ਦੀ ਵਿਰਾਸਤ ਤਬਾਹ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। ‘ਮੈਂ ਉਨ੍ਹਾਂ ਨੌਜਵਾਨਾਂ ਨੂੰ ਸਲਾਮ ਕਰਦਾ ਹਾਂ, ਜਿਨ੍ਹਾਂ ਨੇ ਸਰਕਾਰ ਨੂੰ ਗ਼ੈਰ–ਸੰਵਿਧਾਨਕ ਫ਼ੈਸਲੇ ਲੈਣ ਤੋਂ ਰੋਕਣ ਦਾ ਜਤਨ ਕੀਤਾ ਹੈ।’
ਸ੍ਰੀ ਜਾਖੜ ਨੇ ਕਿਹਾ ਕਿ ਭਾਜਪਾ ਦਾ ਦੇਸ਼ ਦੇ ਆਜ਼ਾਦੀ ਸੰਘਰਸ਼ ਵਿੱਚ ਉੱਕਾ ਯੋਗਦਾਨ ਨਹੀਂ ਹੈ। ਇਹ ਤਾਂ ਆਮ ਲੋਕਾਂ ਨੂੰ ਲੁੱਟਣ ਵਾਲੇ ਵਪਾਰੀਆਂ ਦੀ ਪਾਰਟੀ ਹੈ।