ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਯੋਗੀ ਆਦਿੱਤਿਆਨਾਥ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ 55 ਸਿੱਖ ਸ਼ਰਧਾਲੂਆਂ ਵਿਰੁੱਧ ਦਾਇਰ ਕੀਤਾ ਗਿਆ ਪੁਲਿਸ ਕੇਸ ਤੁਰੰਤ ਰੱਦ ਕਰਵਾਇਆ ਜਾਵੇ। ਉਨ੍ਹਾਂ ਕਿਹਾ ਹੈ ਕਿ ਉਹ ਸਿਰਫ਼ ਆਮ ਸਿੱਖ ਸ਼ਰਧਾਲੂ ਸਨ ਤੇ ਉਹ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਮੌਕੇ ਰਵਾਇਤੀ ਨਗਰ ਕੀਰਤਨ ਕੱਢ ਰਹੇ ਸਨ।
ਕੱਲ੍ਹ ਦੇਰ ਰਾਤੀਂ ਪੀਲੀਭੀਤ ਦੇ ਐੱਸਪੀ ਅਸ਼ੋਕ ਦੀਕਸ਼ਿਤ ਨੇ ਕਿਹਾ ਸੀ ਕਿ ਉਨ੍ਹਾਂ 55 ਸਿੱਖ ਸ਼ਰਧਾਲੂਆਂ ਵਿਰੁੱਧ ਐੱਫ਼ਆਈਆਰ ਰੱਦ ਨਹੀਂ ਕੀਤੀ ਜਾਵੇਗੀ, ਜਿਨ੍ਹਾਂ ਨੇ ਧਾਰਾ–144 ਦੀ ਉਲੰਘਣਾ ਕਰ ਕੇ ਨਗਰ ਕੀਰਤਨ ਕੱਢਿਆ ਸੀ। ਉਨ੍ਹਾਂ ਸਾਰੇ ਸਿੱਖ ਸ਼ਰਧਾਲੂਆਂ ਨੂੰ ਕਾਨੂੰਨੀ ਪ੍ਰਕਿਰਿਆ ਵਿੱਚੋਂ ਲੰਘਣਾ ਹੀ ਪਵੇਗਾ।
ਚੇਤੇ ਰਹੇ ਕਿ ਪੁਲਿਸ ਨੇ ਮੁੱਖ ਤੌਰ ਉੱਤੇ 5 ਸਿੱਖ ਸ਼ਰਧਾਲੂਆਂ ਦੇ ਨਾਂਅ ਨਾਲ ਤੇ 50 ਅਣਪਛਾਤੇ ਸਿੱਖਾਂ ਵਿਰੁੱਧ ਕੇਸ ਦਰਜ ਕੀਤਾ ਹੋਇਆ ਹੈ।
ਇਸ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧੱਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਹਰਪ੍ਰੀਤ ਸਿੰਘ ਪੀਲੀਭੀਤ ਪੁਲਿਸ ਦੀ ਇਸ ਕਾਰਵਾਈ ਤੋਂ ਡਾਢੇ ਨਿਰਾਸ਼ ਹੋਏ ਹਨ। ਉਨ੍ਹਾਂ ਪੁਲਿਸ ਨੂੰ ਇਹ ਕੇਸ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ ਹੈ।
ਸ੍ਰੀ ਸਿਰਸਾ ਨੇ ਕਿਹਾ ਕਿ ਦਿੱਲੀ ਵਿੱਚ ਵੀ ਧਾਰਾ 144 ਲੱਗੀ ਹੋਈ ਸੀ ਤੇ ਸਿੱਖਾਂ ਨੇ ਉੱਥੇ ਵੀ ਨਗਰ ਕੀਰਤਨ ਕੱਢਿਆ ਸੀ ਪਰ ਉੱਥੇ ਕਿਸੇ ਸਿੱਖ ਵਿਰੁੱਧ ਕੋਈ ਕੇਸ ਦਰਜ ਨਹੀਂ ਹੋਇਆ। ਦਿੱਲੀ ਦੇ ਨਗਰ ਕੀਰਤਨ ਵਿੱਚ ਤਾਂ ਸੰਗਤ ਦੀ ਗਿਣਤੀ 3 ਲੱਖ ਤੋਂ ਵੀ ਵੱਧ ਸੀ।
ਇਸ ਦੇ ਜਵਾਬ ਵਿੱਚ SP ਸ੍ਰੀ ਅਸ਼ੋਕ ਦੀਕਸ਼ਿਤ ਨੇ ਕਿਹਾ ਹੈ ਕਿ ਜਿਹੜੇ ਸਿੱਖ ਸ਼ਰਧਾਲੂਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਤੰਗ–ਪਰੇਸ਼ਾਨ ਨਹੀਂ ਕੀਤਾ ਜਾਵੇਗਾ ਪਰ ਉਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਵਿੱਚੋਂ ਜ਼ਰੂਰ ਲੰਘਣਾ ਪਵੇਗਾ।