ਕੋਰੋਨਾ ਵਾਇਰਸ ਬਾਰੇ ਵਿਗਿਆਨਕ ਅਧਿਐਨ ਵਿਚ ਹਰ ਰੋਜ਼ ਨਵੀਆਂ ਖੋਜਾਂ ਕੀਤੀਆਂ ਜਾ ਰਹੀਆਂ ਹਨ ਜੋ ਕਿ ਵਿਸ਼ਵ-ਵਿਆਪੀ ਮਹਾਂਮਾਰੀ ਬਣ ਗਈ ਹੈ। ਇਕ ਖੋਜ ਨੇ ਦਾਅਵਾ ਕੀਤਾ ਕਿ ਇਹ ਪਲਾਸਟਿਕ ਚ 72 ਘੰਟੇ ਅਤੇ ਸਟੀਲ ਦੀ ਸਤਹ 'ਤੇ 48 ਘੰਟਿਆਂ ਤਕ ਜੀਵਤ ਰਹਿ ਸਕਦਾ ਹੈ। ਇਹ ਖੋਜ ਇਸ ਦੇ ਤੇਜ਼ੀ ਨਾਲ ਫੈਲਣ ਦੇ ਕਾਰਨਾਂ ਦਾ ਪਤਾ ਲਗਾਉਂਦੀ ਹੈ।
ਦੁਨੀਆ ਦੇ ਤਿੰਨ ਪ੍ਰਮੁੱਖ ਅਦਾਰਿਆਂ ਪ੍ਰਿੰਸਟਨ ਯੂਨੀਵਰਸਿਟੀ, ਕੈਲੀਫੋਰਨੀਆ ਯੂਨੀਵਰਸਿਟੀ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਐਲਰਜੀ ਦੇ ਖੋਜਕਰਤਾਵਾਂ ਨੇ ਇਹ ਸਿੱਟਾ ਕੱਢਿਆ ਹੈ। ਇਹ ਖੋਜ ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ ਚ ਪ੍ਰਕਾਸ਼ਤ ਕੀਤੀ ਗਈ ਹੈ।
ਖੋਜਕਰਤਾਵਾਂ ਨੇ ਇਸ ਅਧਿਐਨ ਚ ਸਾਰਸ ਅਤੇ ਕੋਰੋਨਾ ਦਾ ਤੁਲਨਾਤਮਕ ਅਧਿਐਨ ਕੀਤਾ। ਵੱਖ ਵੱਖ ਸਤਹਾਂ 'ਤੇ ਇਨ੍ਹਾਂ ਦੀ ਮੌਜੂਦਗੀ ਦੀ ਪਰਖ ਕੀਤੀ ਗਈ, ਦੋਵਾਂ ਚ ਬਹੁਤ ਸਾਰੀਆਂ ਸਮਾਨਤਾਵਾਂ ਹਨ। ਕੋਰੋਨਾ ਦੇ ਇਹ ਦੋਵੇਂ ਸਟ੍ਰੇਨ ਹਵਾ ਚ ਤਿੰਨ ਘੰਟੇ, ਤਾਂਬੇ ਦੀ ਸਤਹ 'ਤੇ 4 ਘੰਟੇ, ਸਟੇਨਲੈਸ ਸਟੀਲ 'ਤੇ 48 ਘੰਟੇ ਅਤੇ ਪਲਾਸਟਿਕ ਚ 72 ਘੰਟੇ ਤਕ ਜੀਉਂਦੇ ਰਹਿ ਸਕਦੇ ਹਨ। ਪਰ ਲੱਕੜ ’ਤੇ ਦੋਨ੍ਹਾਂ ਦੇ ਟਿਕਣ ਦੀ ਮਿਆਦ ਵੱਖੋ ਵੱਖ ਦਰਜ ਕੀਤੀ ਗਈ ਸੀ। ਕਾਰਡ ਬੋਰਡ 'ਤੇ ਕੋਰੋਨਾ ਵਾਇਰਸ ਲਗਭਗ 24 ਘੰਟਿਆਂ ਤਕ ਮੌਜੂਦ ਰਿਹਾ ਜਦਕਿ ਸਾਰਸ ਵਾਇਰਸ ਕਾਰਡ ਬੋਰਡ 'ਤੇ ਸਿਰਫ 8 ਘੰਟਿਆਂ ਤਕ ਹੀ ਮੌਜੂਦ ਮਿਲਿਆ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਖੋਜ ਸਾਬਤ ਕਰਦੀ ਹੈ ਕਿ ਇਹ ਵਿਸ਼ਾਣੂ ਇੰਨੀ ਤੇਜ਼ੀ ਨਾਲ ਕਿਵੇਂ ਫੈਲ ਰਿਹਾ ਹੈ। ਸਾਰਸ ਵੀ ਇਸੇ ਰਫਤਾਰ ਨਾਲ ਫੈਲਿਆ ਸੀ।
ਖੋਜਕਰਤਾਵਾਂ ਦੇ ਅਨੁਸਾਰ ਜੇ ਕੋਰੋਨਾ ਪੀੜਤ ਵਿਅਕਤੀ ਸਟੀਲ ਜਾਂ ਪਲਾਸਟਿਕ ਦੀ ਕਿਸੇ ਚੀਜ ਨੂੰ ਛੂਹ ਲੈਂਦਾ ਹੈ ਤਾਂ ਅਗਲੇ 48 ਤੋਂ 72 ਘੰਟਿਆਂ ਦੇ ਅੰਦਰ ਜੇ ਕੋਈ ਹੋਰ ਵਿਅਕਤੀ ਇਸਨੂੰ ਛੂਹ ਲੈਂਦਾ ਹੈ ਅਤੇ ਫਿਰ ਮੂੰਹ ਜਾਂ ਨੱਕ 'ਤੇ ਆਪਣਾ ਹੱਥ ਰੱਖਦਾ ਹੈ ਤਾਂ ਉਸਨੂੰ ਇਹ ਲਾਗ ਲੱਗ ਸਕਦੀ ਹੈ। ਲੱਕੜ ਦੀਆਂ ਚੀਜ਼ਾਂ ਦੇ ਮਾਮਲੇ ਚ ਵੀ ਇਹੋ ਗੱਲ ਲਾਗੂ ਹੁੰਦੀ ਹੈ।
ਸੀਡੀਸੀ ਅਟਲਾਂਟਾ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਫੈਲਣ ਦਾ ਸਭ ਤੋਂ ਵੱਡਾ ਕਾਰਨ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਚ ਸਿੱਧਾ ਫੈਲਣਾ ਹੈ, ਪਰ ਇਹ ਅਧਿਐਨ ਕਹਿੰਦਾ ਹੈ ਕਿ ਵਸਤੂਆਂ ਦੇ ਜ਼ਰੀਏ ਇਸ ਲਾਗ ਦਾ ਫੈਲਣਾ ਦੂਜਾ ਵੱਡਾ ਕਾਰਨ ਹੈ।
ਦੱਸ ਦੇਈਏ ਕਿ ਪਿਛਲੀ ਇਕ ਖੋਜ ਚ ਦਾਅਵਾ ਕੀਤਾ ਗਿਆ ਸੀ ਕਿ ਲਗਭਗ 28 ਫੀਸਦ ਲੋਕਾਂ ਨੂੰ ਅਣਜਾਣ ਕਾਰਨਾਂ ਕਰਕੇ ਸੰਕਰਮਣ ਹੋਇਆ ਸੀ। ਉਹ ਨਾ ਤਾਂ ਪ੍ਰਭਾਵਿਤ ਖੇਤਰ ਚ ਗਏ ਤੇ ਨਾ ਹੀ ਕਿਸੇ ਲਾਗ ਵਾਲੇ ਮਰੀਜ਼ ਦੇ ਸੰਪਰਕ ਚ ਆਏ ਤੇ ਨਾ ਹੀ ਉਹ ਰਿਸ਼ਤੇਦਾਰ ਜਾਂ ਸਿਹਤ ਕਰਮਚਾਰੀ ਸਨ। ਹੁਣ ਇਸ ਦਾ ਕਾਰਨ ਸਪੱਸ਼ਟ ਹੈ।