ਅਗਲੀ ਕਹਾਣੀ

ਕਾਂਗੜਾ ਦੇ ਭਰਾਵਾਂ ਨੂੰ ਪਾਲਤੂ ਬਲਦ ਅਵਾਰਾ ਛੱਡਣ ਦੀ ਮਿਲੀ ਅਜੀਬ ਸਜ਼ਾ...

ਕਾਂਗੜਾ ਦੇ ਭਰਾਵਾਂ ਨੂੰ ਪਾਲਤੂ ਬਲਦ ਅਵਾਰਾ ਛੱਡਣ ਦੀ ਮਿਲੀ ਅਜੀਬ ਸਜ਼ਾ...

ਦੋ ਭਰਾਵਾਂ ਨੂੰ ਕਿਸੇ ਹੋਰ ਪੰਚਾਇਤ ਦੇ ਇਲਾਕੇ `ਚ ਆਪਣਾ ਪਾਲਤੂ ਬਲਦ ਅਵਾਰਾ ਛੱਡਣਾ ਮਹਿੰਗਾ ਪੈ ਗਿਆ। ਪੰਚਾਇਤ ਨੇ ਉਨ੍ਹਾਂ ਨੂੰ ਆਪਣੇ ਕੋਲ ਦੋ ਹੋਰ ਬਲਦ ਰੱਖਣ ਦੀ ਸਜ਼ਾ ਸੁਣਾ ਦਿੱਤੀ - ਇੰਝ ਹੁਣ ਉਨ੍ਹਾਂ ਨੂੰ ਤਿੰਨ ਬਲਦ ਇਕੱਠੇ ਪਾਲਣੇ ਪੈ ਰਹੇ ਹਨ।


ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜਿ਼ਲ੍ਹੇ ਦੀ ਜਵਾਲਾਮੁਖੀ ਸਬ-ਡਿਵੀਜ਼ਨ ਦੇ ਪਿੰਡ ਗੁੰਮਾਰ ਦੀ ਪੰਚਾਇਤ ਦੇ ਇਸ ਫ਼ੈਸਲੇ ਦੀ ਸ਼ਲਾਘਾ ਵੀ ਹੋ ਰਹੀ ਹੈ।


ਦੋ ਭਰਾਵਾਂ ਦੀ ਸ਼ਨਾਖ਼ਤ ਬਾਬੂ ਰਾਮ ਤੇ ਛੁੰਕੂ ਰਾਮ ਵਾਸੀ ਪਿੰਡ ਬੋਹਾਨ ਵਜੋਂ ਹੋਈ ਹੈ। ਉਨ੍ਹਾਂ ਕਥਿਤ ਤੌਰ `ਤੇ ਆਪਣਾ ਬਲਦ ਲਗਲੀ ਗੁੰਮਾਰ ਪੰਚਾਇਤ ਦੇ ਇਲਾਕੇ ਵਿੱਚ ਰਾਤ ਸਮੇਂ ਛੱਡ ਦਿੱਤਾ ਸੀ। ਪੰਚਾਇਤ ਛੇਤੀ ਹੀ ਉਸ ਦੇ ਮਾਲਕਾਂ ਤੱਕ ਪੁੱਜ ਗਈ ਕਿਉਂਕਿ ਬਲਦ ਦੇ ਕੰਨ `ਤੇ ਟੈਗ ਨੰਬਰ ਲੱਗਾ ਹੋਇਆ ਸੀ।


ਫਿਰ ਮੁਲਜ਼ਮ ਭਰਾਵਾਂ ਨੂੰ ਪੰਚਾਇਤ `ਚ ਪੇਸ਼ੀ ਲਈ ਸੱਦਿਆ ਗਿਆ। ਉਨ੍ਹਾਂ ਨੂੰ ਮੌਕੇ `ਤੇ ਹੀ ਸਜ਼ਾ ਸੁਣਾ ਦਿੱਤੀ ਗਈ ਤੇ ਨਾਲ ਦੋ ਬਲਦ ‘ਤੋਹਫ਼ੇ` ਜਾਂ ਸਜ਼ਾ ਵਜੋਂ ਦੇ ਦਿੱਤੇ ਗਏ। ਨਾਲ ਉਨ੍ਹਾਂ ਤੋਂ ਲਿਖਤੀ ਮੁਆਫ਼ੀ ਮੰਗਵਾਈ ਗਈ ਤੇ ਚੇਤਾਵਨੀ ਵੱਖਰੀ ਦਿੱਤੀ ਗਈ।


ਗੁੰਮਾਰ ਪੰਚਾਇਤ ਦੇ ਸਰਪੰਚ ਰਾਮਲੋਕ ਧਨੋਟੀਆ ਨੇ ਕਿਹਾ ਕਿ ਜਦੋਂ ਜਾਨਵਰ ਆਪਣੀ ਉਮਰ ਪੁਗਾ ਕੇ ਬੁੱਢੇ ਹੋ ਜਾਂਦੇ ਹਨ, ਤਦ ਵਿਚਾਰਿਆਂ ਨੂੰ਼ ਇੰਝ ਖੁੱਲ੍ਹੇ ਛੱਡ ਦਿੱਤਾ ਜਾਂਦਾ ਹੈ। ਅਜਿਹੇ ਲੋਕਾਂ ਲਈ ਇਹ ਸਜ਼ਾ ਇੱਕ ਸਬਕ ਹੋਵੇਗੀ।


ਸ੍ਰੀ ਧਨੋਟੀਆ ਨੇ ਦੱਸਿਆ ਕਿ ਦੋਵੇਂ ਭਰਾਵਾਂ ਨੂੰ ਇਹ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਪੰਚਾਇਤ ਮੈਂਬਰ ਕਿਸੇ ਵੇਲੇ ਵੀ ਉਨ੍ਹਾਂ ਦੇ ਘਰ ਜਾ ਕੇ ਅਚਾਨਕ ਚੈਕਿੰਗ ਵੀ ਕਰ ਸਕਦੇ ਹਨ ਅਤੇ ਜੇ ਕੋਈ ਜਾਨਵਰ ਗ਼ਾਇਬ ਪਾਇਆ ਗਿਆ, ਤਾਂ ਉਨ੍ਹਾਂ ਨੂੰ ਭਾਰੀ ਜੁਰਮਾਨੇ ਸਮੇਤ ਹੋਰ ਵੀ ਸਖ਼ਤ ਸਜ਼ਾ ਦਿੱਤੀ ਜਾਵੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kangra Brothers get strange penalty for abandoning a bull