ਆਉਣ ਵਾਲੇ ਸਾਲਾਂ ਚ ਜਲਵਾਯੂ ਬਦਲਾਅ ਦਾ ਅਸਰ ਖੇਤਾਂ ਤੇ ਵੀ ਪੈਣ ਦੀ ਸੰਭਾਵਨਾ ਹੈ। ਇਸ ਨਾਲ ਭੋਜਨ ਦੀ ਪੈਦਾਵਾਰ ਚ ਘਾਟ ਦੇਖਣ ਨੂੰ ਮਿਲੇਗੀ। ਸਭ ਤੋਂ ਜ਼ਿਆਦਾ ਅਸਰ ਕਣਕ ਦੀ ਖੇਤੀ ਤੇ ਪਵੇਗਾ, ਜਿਸ ਦੀ ਪੈਦਾਵਾਰ 6 ਫੀਸਦ ਤਕ ਡਿੱਗ ਸਕਦੀ ਹੈ। ਇਕ ਵਿਸ਼ਵ ਪੱਧਰੀ ਰਿਪੋਰਟ ਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ।
ਰਿਪੋਰਟ ਮੁਤਾਬਕ ਖੇਤੀਬਾੜੀ ਖੇਤਰ ਚ ਜਲਵਾਯੂ ਬਦਲਾਅ ਦਾ ਅਸਰ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਇਹ ਰਿਪੋਰਟ ਇਕ ਅਮਰੀਕੀ ਜਰਨਲ ਨੇਚਰ ਕਲਾਈਮੇਟ ਚੇਂਜ ਨੇ ਜਾਰੀ ਕੀਤੀ ਹੈ। ਇਸ ਦੇ ਮੁਤਾਬਕ ਜਲਵਾਯੂ ਬਦਲਾਅ ਕਾਰਨ ਜਿੱਥੇ 1 ਡਿਗਰੀ ਸੈਲਸੀਅਸ ਤਾਪਮਾਨ ਵੱਧਣ ਦੀ ਗੱਲ ਕਹੀ ਜਾ ਰਹੀ ਹੈ, ਉੱਥੇ ਹੀ ਇਸ ਦੇ ਨਤੀਜੇ ਕਾਰਨ ਕਣਕ ਦੀ ਪੈਦਾਵਾਰ 4.1 ਤੋਂ 6.4 ਫੀਸਦ ਤਕ ਘਟਣ ਦੇ ਪੂਰੇ ਸੰਕੇਤ ਹਨ।
ਦੱਸਣਯੋਗ ਹੈ ਕਿ ਪੂਰੀ ਦੁਨੀਆ ਚ 70 ਕਰੋੜ ਟਨ ਕਣਕ ਦੀ ਪੈਦਾਵਾਰ ਹੁੰਦੀ ਹੈ। ਜੇਕਰ 5 ਫੀਸਦ ਵੀ ਘਟਦੀ ਹੈ ਤਾਂ 3.5 ਕਰੋੜ ਟਨ ਦੀ ਪੈਦਾਕਾਰ ਘੱਟ ਜਾਵੇਗੀ। ਭਾਰਤ ਚ ਸਾਲ 2018-19 ਚ ਕਣਕ ਦੀ ਪੈਦਾਵਾਰ 9.9 ਕਰੋੜ ਟਨ ਰਹੀ, ਜਿਹੜੀ ਕਿ ਪਿਛਲੇ ਸੀਜ਼ਨ ਦੇ ਮੁਕਾਬਲੇ 20 ਲੱਖ ਟਨ ਜ਼ਿਆਦਾ ਰਹੀ। ਪਰ ਜੇਕਰ ਜਲਵਾਯੂ ਬਦਲਾਅ ਕਾਰਨ ਅਸਰ ਪਿਆ ਤਾਂ ਭਾਰਤ ਚ ਪੈਦਾਵਾਰ ਘਟਣ ਕਾਰਨ ਕਣਕ ਕਾਫੀ ਮਹਿੰਗੀ ਹੋ ਜਾਵੇਗੀ।
.