ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NZ vs ENG : ਦੂਜਾ ਟੈਸਟ ਮੈਚ ਡਰਾਅ, ਨਿਊਜ਼ੀਲੈਂਡ ਨੇ ਲੜੀ 1-0 ਨਾਲ ਜਿੱਤੀ

ਮੇਜ਼ਬਾਨ ਨਿਊਜ਼ੀਲੈਂਡ ਅਤੇ ਇੰਗਲੈਂਡ ਵਿਚਕਾਰ ਦੋ ਟੈਸਟ ਮੈਚਾਂ ਦੀ ਲੜੀ ਦਾ ਅੰਤਮ ਟੈਸਟ ਮੈਚ ਹੈਮਿਲਟਨ ਦੇ ਸੇਡਨ ਪਾਰਕ 'ਚ ਖੇਡਿਆ ਗਿਆ। ਮੈਚ ਦੇ ਅੰਤਮ ਦਿਨ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਅਤੇ ਸੀਨੀਅਰ ਬੱਲੇਬਾਜ਼ ਰੋਸ ਟੇਲਰ ਨੇ ਸੈਂਕੜੇ ਲਗਾਏ ਅਤੇ ਅੰਤ 'ਚ ਮੈਚ ਡਰਾਅ ਕਰਵਾ ਦਿੱਤਾ। ਇਸ ਤੋਂ ਪਹਿਲਾਂ ਮੇਜ਼ਬਾਨ ਨਿਊਜ਼ੀਲੈਂਡ ਨੇ ਪਹਿਲਾ ਟੈਸਟ ਮੈਚ ਜਿੱਤਿਆ ਸੀ ਅਤੇ ਇਸ ਤਰ੍ਹਾਂ ਲੜੀ 1-0 ਨਾਲ ਆਪਣੇ ਨਾਂ ਕਰ ਲਈ।
 

ਇੰਗਲੈਂਡ ਨੇ ਟਾਸ ਜਿੱਤ ਕੇ ਨਿਊਜ਼ੀਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਦਾ ਮੌਕਾ ਦਿੱਤਾ। ਨਿਊਜ਼ੀਲੈਂਡ ਨੇ ਪਹਿਲੀ ਪਾਰੀ 'ਚ 375 ਅਤੇ ਇੰਗਲੈਂਡ ਨੇ 476 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਨਿਊਜ਼ੀਲੈਂਡ ਨੇ ਦੂਜੀ ਪਾਰੀ 'ਚ 2 ਵਿਕਟਾਂ ਗੁਆ ਕੇ 241 ਦੌੜਾਂ ਬਣਾਈਆਂ ਤੇ ਮੈਚ ਡਰਾਅ ਕਰਵਾ ਲਿਆ। ਇੰਗਲੈਂਡ ਦੀ ਖ਼ਰਾਬ ਫੀਲਡਿੰਗ ਨੇ ਨਿਊਜ਼ੀਲੈਂਡ ਦੀ ਰਾਹ ਸੌਖੀ ਕਰ ਦਿੱਤੀ। ਵਿਲੀਅਮਸਨ ਨੂੰ ਪਾਰੀ 'ਚ ਤਿੰਨ ਜੀਵਨਦਾਨ ਮਿਲੇ। ਲੰਚ ਦੇ ਤੁਰੰਤ ਬਾਅਦ ਤੇਜ਼ ਮੀਂਹ ਸ਼ੁਰੂ ਹੋ ਗਿਆ। ਉਸ ਸਮੇਂ ਨਿਊਜ਼ੀਲੈਂਡ ਦਾ ਸਕੋਰ ਦੂਜੀ ਪਾਰੀ 'ਚ ਦੋ ਵਿਕਟਾਂ 'ਤੇ 241 ਦੌੜਾਂ ਸੀ। ਟੇਲਰ 105 ਤੇ ਵਿਲੀਅਮਸਨ 104 ਦੌੜਾਂ 'ਤੇ ਖੇਡ ਰਹੇ ਸਨ।
 

ਨਿਊਜ਼ੀਲੈਂਡ ਨੇ ਪਿਛਲੀਆਂ 10 ਟੈਸਟ ਸੀਰੀਜ਼ 'ਚੋਂ ਅੱਠ ਜਿੱਤੀਆਂ ਹਨ ਤੇ ਇਕ ਡਰਾਅ ਕਰਵਾਈ ਹੈ। ਇਸ 'ਚ ਸਿਰਫ ਉਸ ਨੂੰ ਦੱਖਣੀ ਅਫ਼ਰੀਕਾ ਤੋਂ ਇਕ ਹਾਰ ਮਿਲੀ ਹੈ। ਵਿਲੀਅਮਸਨ ਨੇ ਲੰਚ ਤੋਂ ਬਾਅਦ ਤੀਜੇ ਓਵਰ 'ਚ ਜੋ ਰੂਟ ਨੂੰ ਚੌਕਾ ਮਾਰ ਕੇ ਆਪਣਾ 21ਵਾਂ ਟੈਸਟ ਸੈਂਕੜਾ ਪੂਰਾ ਕੀਤਾ। ਟੇਲਰ ਨੇ ਰੂਟ ਦੇ ਅਗਲੇ ਓਵਰ 'ਚ ਆਪਣਾ 19ਵਾਂ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ ਇਸ ਓਵਰ 'ਚ ਲਗਾਤਾਰ ਦੋ ਗੇਂਦਾਂ 'ਤੇ ਇਕ ਚੌਕਾ ਤੇ ਇਕ ਛੱਕਾ ਮਾਰਿਆ। ਨਿਊਜ਼ੀਲੈਂਡ ਨੇ ਪੰਜਵੇਂ ਦਿਨ ਦੋ ਵਿਕਟਾਂ 'ਤੇ 96 ਦੌੜਾਂ ਨਾਲ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਇੰਗਲੈਂਡ ਦੇ ਇਰਾਦੇ ਸ਼ੁਰੂਆਤੀ ਵਿਕਟ ਛੇਤੀ ਲੈਣ ਦੇ ਸਨ ਪਰ ਓਲੀ ਪੋਪ ਤੇ ਜੋ ਡੇਨਲੀ ਨੇ ਵਿਲੀਅਮਸਨ ਦੇ ਸੌਖੇ ਕੈਚ ਛੱਡ ਕੇ ਉਸ ਦੇ ਇਰਾਦਿਆਂ 'ਤੇ ਪਾਣੀ ਫੇਰ ਦਿੱਤਾ।
 

ਮੱਧਕ੍ਰਮ ਦੇ ਤਜਰਬੇਕਾਰ ਬੱਲੇਬਾਜ਼ ਰੋਸ ਟੇਲਰ ਟੈਸਟ ਕ੍ਰਿਕਟ 'ਚ 7000 ਦੌੜਾਂ ਬਣਾਉਣ ਵਾਲੇ ਨਿਊਜ਼ੀਲੈਂਡ ਦੇ ਦੂਜੇ ਤੇ ਦੁਨੀਆ ਦੇ 51ਵੇਂ ਬੱਲੇਬਾਜ਼ ਬਣ ਗਏ ਹਨ। ਟੇਲਰ ਨੇ ਇਥੇ ਸੇਡਨ ਪਾਰਕ ਸਟੇਡੀਅਮ 'ਚ ਇੰਗਲੈਂਡ ਖ਼ਿਲਾਫ਼ ਖੇਡੇ ਗਏ ਦੂਜੇ ਟੈਸਟ ਮੈਚ ਦੇ ਪੰਜਵੇਂ ਦਿਨ ਇਹ ਉਪਲੱਬਧੀ ਹਾਸਲ ਕੀਤੀ। 35 ਸਾਲਾ ਟੇਲਰ ਨੇ ਆਪਣੀ 169ਵੀਂ ਪਾਰੀ 'ਚ ਇਹ ਮੁਕਾਮ ਹਾਸਲ ਕੀਤਾ ਤੇ ਪਾਰੀ ਦੇ ਮਾਮਲੇ 'ਚ ਉਨ੍ਹਾਂ ਨੇ ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਸਟੀਫਨ ਫਲੇਮਿੰਗ ਨੂੰ ਪਛਾੜਿਆ। ਸਟੀਫਨ ਫਲੇਮਿੰਗ ਨੇ 189 ਪਾਰੀਆਂ 'ਚ ਇਹ ਉਪਲੱਬਧੀ ਹਾਸਲ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: 2nd test draw new zeland won series by 1-0 kane williamson and ross taylor scored centuries