ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂ.ਐੱਫ. ਆਈ.) ਨੇ ਐਤਵਾਰ ਨੂੰ ਕਿਹਾ ਕਿ ਪਾਕਿਸਤਾਨੀ ਪਹਿਲਵਾਨ 18 ਤੋਂ 23 ਫਰਵਰੀ ਤੱਕ ਨਵੀਂ ਦਿੱਲੀ ਵਿਖੇ ਹੋਣ ਵਾਲੀ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣਗੇ। ਡਬਲਯੂਐਫਆਈ ਦੇ ਸੱਕਤਰ ਜਨਰਲ ਵਿਨੋਦ ਤੋਮਰ ਨੇ ਕਿਹਾ ਕਿ ਫੈਡਰੇਸ਼ਨ ਦੀਆਂ ਸਮੂਹਕ ਕੋਸ਼ਿਸ਼ਾਂ ਤੋਂ ਬਾਅਦ ਪਾਕਿਸਤਾਨੀ ਪਹਿਲਵਾਨਾਂ ਨੂੰ ਵੀਜ਼ਾ ਦਿੱਤਾ ਗਿਆ ਹੈ। ਉਨ੍ਹਾਂ ਨੇ ਚੀਨੀ ਪਹਿਲਵਾਨਾਂ ਬਾਰੇ ਕਿਹਾ ਕਿ ਉਨ੍ਹਾਂ ਨੂੰ ਸੋਮਵਾਰ ਤੱਕ ਇੰਤਜ਼ਾਰ ਕਰਨਾ ਪਏਗਾ।
ਤੋਮਰ ਨੇ ਆਈਏਐਨਐਸ ਨੂੰ ਦੱਸਿਆ ਕਿ ਮੈਂ ਸ਼ੁੱਕਰਵਾਰ ਨੂੰ ਖੇਡ ਸਕੱਤਰ ਰਾਧੇਸ਼ਿਆਮ ਝੂਲਾਨੀਆ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਤੁਰੰਤ ਇਹ ਮਾਮਲਾ ਗ੍ਰਹਿ ਸਕੱਤਰ ਕੋਲ ਉਠਾਇਆ। ਪ੍ਰਕਿਰਿਆ ਨੂੰ ਕੁਝ ਸਮਾਂ ਲੱਗਿਆ ਕਿਉਂਕਿ ਦੂਤਘਰ ਨੂੰ ਸ਼ਨੀਵਾਰ ਨੂੰ ਉਨ੍ਹਾਂ ਲਈ ਵੀਜ਼ਾ ਦੇਣ ਦਾ ਆਦੇਸ਼ ਦਿੱਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਆਈਓਏ ਦੇ ਪ੍ਰਧਾਨ ਨਰਿੰਦਰ ਬੱਤਰਾ ਨੇ ਵੀ ਇਸ ਲਈ ਬਹੁਤ ਕੋਸ਼ਿਸ਼ ਕੀਤੀ ਤੇ ਪਾਕਿਸਤਾਨੀ ਟੀਮ ਨੂੰ ਸ਼ਨੀਵਾਰ ਨੂੰ ਵੀਜ਼ਾ ਮਿਲ ਗਿਆ, ਜਦੋਂਕਿ ਜ਼ਿਆਦਾਤਰ ਸਰਕਾਰੀ ਦਫਤਰ ਆਮ ਤੌਰ ‘ਤੇ ਇਸ ਦਿਨ ਬੰਦ ਹੁੰਦੇ ਹਨ।
ਵੀਜ਼ਾ ਮਿਲਣ ਤੋਂ ਬਾਅਦ ਹੁਣ ਪਾਕਿਸਤਾਨ ਦੀ ਛੇ ਮੈਂਬਰੀ ਟੀਮ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਲਈ ਭਾਰਤ ਆਵੇਗੀ। ਪਾਕਿਸਤਾਨੀ ਟੀਮ ਦੇ 18 ਫਰਵਰੀ ਨੂੰ ਭਾਰਤ ਪਹੁੰਚਣ ਦੀ ਸੰਭਾਵਨਾ ਹੈ।
ਪਾਕਿਸਤਾਨ ਦੀ ਛੇ ਮੈਂਬਰੀ ਟੀਮ ਵਿੱਚ ਇੱਕ ਰੈਫਰੀ, ਇੱਕ ਕੋਚ ਅਤੇ ਚਾਰ ਪਹਿਲਵਾਨ ਸ਼ਾਮਲ ਹਨ। ਇਨ੍ਹਾਂ ਚਾਰ ਪਹਿਲਵਾਨਾਂ ਵਿਚ ਮੁਹੰਮਦ ਬਿਲਾਲ (57 ਕਿਲੋ), ਅਬਦੁੱਲ ਰਹਿਮਾਨ (74 ਕਿਲੋ), ਤਯੈਬ ਰਜ਼ਾ (97 ਕਿਲੋ) ਅਤੇ ਜ਼ਮਾਨ ਅਨਵਰ (125 ਕਿਲੋ) ਸ਼ਾਮਲ ਹਨ।