ਏਸ਼ੀਅਨ ਚੈਂਪੀਅਨ ਅਮਿਤ ਪੰਘਾਲ ਨੇ ਅੱਜ ਸਨਿੱਚਰਵਾਰ ਨੂੰ ਰੂਸ ਦੇ ਏਕਾਤੇਰਿਨਬਰਗ ਵਿਖੇ ਆਯੋਜਿਤ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਸਾਲ 2019 ਦੇ 52 ਕਿਲੋਗ੍ਰਾਮ ਭਾਰ ਵਰਗ ਵਿੱਚ ਚਾਂਦੀ ਦਾ ਤਮਗ਼ਾ ਜਿੱਤ ਕੇ ਇਤਿਹਾਸ ਰਚ ਦਿੱਤਾ। ਭਾਰਤ ਦੇ ਸਟਾਰ ਮੁੱਕੇਬਾਜ਼ ਅਮਿਤ ਪੰਘਾਲ ਵਰਲਡ ਚੈਂਪੀਅਨਸ਼ਿਪ ਵਿੱਚ ਸਿਲਵਰ ਮੈਡਲ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਮਰਦ ਮੁੱਕੇਬਾਜ਼ ਬਣ ਗਏ ਹਨ।
ਟੂਰਨਾਮੈਂਟ ’ਚ ਦੂਜੇ ਨੰਬਰ ਉੱਤੇ ਰਹੇ ਅਮਿਤ ਪੰਘਾਲ ਨੂੰ ਫ਼ਾਈਨਲ ਮੁਕਾਬਲੇ ’ਚ ਰੀਓ ਉਲੰਪਿਕ ਦੇ ਸੋਨ ਤਮਗ਼ਾ ਜੇਤੂ ਉਜ਼ਬੇਕਿਸਤਾਨੀ ਮੁੱਕੇਬਾਜ਼ ਸ਼ਾਖੋਬਿਦਿਨ ਜੋਇਰੋਵ ਨੇ 5–0 ਨਾਲ ਹਰਾਇਆ। ਸਾਰੇ ਪੰਜ ਜੱਜਾਂ ਨੇ ਇੱਕਮਤ ਨਾਲ ਸ਼ਾਖੋਬਿਦਿਨ ਜੋਇਰੋਵ ਦੇ ਹੱਕ ਵਿੱਚ ਆਪਣਾ ਫ਼ੈਸਲਾ ਸੁਣਾਇਆ ਤੇ ਪੰਘਾਲ ਨੂੰ ਸਿਲਵਰ ਮੈਡਲ ਨਾਲ ਹੀ ਸਬਰ ਕਰਨਾ ਪਿਆ।
ਅਮਿਤ ਪੰਘਾਲ ਸੈਮੀ–ਫ਼ਾਈਨਲ ਮੁਕਾਬਲੇ ’ਚ ਕਜ਼ਾਖ਼ਸਤਾਨ ਦੇ ਸਾਕੇਨ ਬਿਬੋਸਿਨੋਵ ਨੂੰ ਹਰਾ ਕੇ ਵਰਲਡ ਬਾਕਸਿੰਗ ਚੈਂਪੀਅਨਸ਼ਿਪ 2019 ਦੇ ਫ਼ਾਈਨਲ ’ਚ ਪੁੱਜਣ ਵਾਲੇ ਪਹਿਲੇ ਭਾਰਤੀ ਮਰਦ ਬਾਕਸਰ ਬਣੇ ਸਨ।
ਭਾਰਤੀ ਮੁੱਕੇਬਾਜ਼ ਪਹਿਲੇ ਰਾਊਂਡ ਵਿੱਚ ਡਿਫ਼ੈਂਸਿਵ ਅੰਦਾਜ਼ ਵਿੱਚ ਖੇਡਦੇ ਨਜ਼ਰ ਆਏ। ਦੂਜੇ ਗੇੜ ਵਿੱਚ ਉਨ੍ਹਾਂ ਮੌਕੇ ਬਣਾਉਣੇ ਸ਼ੁਰੂ ਕੀਤੇ ਤੇ ਥੋੜ੍ਹਾ ਹਮਲਾਵਰ ਰੁਖ਼ ਅਪਣਾਇਆ। ਤੀਜੇ ਤੇ ਆਖ਼ਰੀ ਗੇੜ ਦੌਰਾਨ ਜੋਇਰੋਵ ਨੇ ਕੁਝ ਵਧੀਆ ਪੰਚ ਜੜੇ। ਪਰ ਜੱਜਾਂ ਦਾ ਆਖ਼ਰੀ ਫ਼ੈਸਲਾ ਸਰਬਸੰਮਤੀ ਨਾਲ ਜੋਇਰੋਵ ਦੇ ਹੱਕ ਵਿੱਚ ਗਿਆ ਤੇ ਉਹ ਸੋਨ–ਤਮਗ਼ਾ ਜਿੱਤਣ ਵਿੱਚ ਸਫ਼ਲ ਰਹੇ।
ਭਾਬਰਤ ਨੇ ਇਸ ਤੋਂ ਪਹਿਲਾਂ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਮਗ਼ਾ ਹੀ ਜਿੱਤਿਆ ਸੀ। ਮਨੀਸ਼ ਕੌਸ਼ਿਕ ਨੇ ਇਸੇ ਵਾਰ 63 ਕਿਲੋਗ੍ਰਾਮ ਭਾਰ ਵਰਗ ਵਿੱਚ ਕਾਂਸੇ ਦਾ ਤਮਗ਼ਾ ਜਿੱਤਿਆ ਸੀ। ਉਨ੍ਹਾਂ ਤੋਂ ਇਲਾਵਾ ਵਿਜੇਂਦਰ ਸਿੰਘ ਨੇ 2009, ਵਿਕਾਸ ਕ੍ਰਿਸ਼ਨ ਨੇ 2011, ਸ਼ਿਵ ਥਾਪਾ ਨੇ 2015 ਤੇ ਗੌਰਵ ਬਿਧੂੜੀ ਨੇ 2017 ਦੌਰਾਨ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ’ਚ ਕਾਂਸੇ ਦੇ ਤਮਗ਼ੇ ਜਿੱਤੇ ਸਨ।
ਪਰ ਐਤਕੀਂ ਅਮਿਤ ਪੰਘਾਲ ਨੇ ਆਖ਼ਰ ਫ਼ਾਈਨਲ ਮੁਕਾਬਲੇ ਵਿੱਚ ਭਾਵੇਂ ਜਿੱਤ ਤਾਂ ਹਾਸਲ ਨਹੀਂ ਕੀਤੀ ਪਰ ਉਹ ਤਮਗ਼ੇ (ਮੈਡਲ) ਦਾ ਰੰਗ ਬਦਲਣ ਵਿੱਚ ਜ਼ਰੂਰ ਸਫ਼ਲ ਰਹੇ।