ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਸ਼ਿਆਈ ਸੋਨ ਤਮਗਾ ਜੇਤੂ ਹਾਕੀ ਓਲੰਪੀਅਨ ਧਰਮਵੀਰ ਸਿੰਘ

ਏਸ਼ਿਆਈ ਸੋਨ ਤਮਗਾ ਜੇਤੂ ਹਾਕੀ ਓਲੰਪੀਅਨ ਧਰਮਵੀਰ ਸਿੰਘ

ਪੰਜਾਬ ਪੁਲੀਸ ’ਚ ਡੀਐਸਪੀ ਦੇ ਅਹੁਦੇ ’ਤੇ ਤੈਨਾਤ ਹੈ ਧਰਮਵੀਰ ਧਰਮਾ

 


ਦੇਸ਼ ਨੂੰ ਹਾਕੀ ’ਚ ਕੌਮਾਂਤਰੀ ਪੱਧਰ ਦੀਆਂ ਜਿੱਤਾਂ ਨਾਲ ਨਿਹਾਲ ਕਰਨ ਵਾਲੇ ਪੰਜਾਬੀ ਖਿਡਾਰੀਆਂ ਦੀ ਪੂਰੀ ਦੁਨੀਆਂ ’ਚ ਹੋਰ ਕੋਈ ਵੀ ਕੌਮ ਰੀਸ ਨਹੀਂ ਕਰ ਸਕਦੀ। ਅੱਜ ਭਾਵੇਂ ਦੇਸ਼ ਦੀ ਹਾਕੀ ਦੇ ਘੜੰਮ ਚੌਧਰੀਆਂ ਦੀਆਂ ਆਪਹੁਦਰੀਆਂ ਕਰਕੇ ਦੇਸ਼ ਦੀ ਹਾਕੀ ਬਿਲਕੁਲ ਜ਼ਮੀਨ ਨੂੰ ਲੱਗ ਚੁੱਕੀ ਹੈ ਪਰ ਹਾਕੀ ’ਚ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਖੇਡ ਪਿੜ ’ਚ ਪਾਈਆਂ ਨਿਆਰੀਆਂ ਖੇਡ ਪੈੜਾਂ ਕਰਕੇ ਕੁੱਲ ਆਲਮ ਦੇ ਹਾਕੀ ਖਿਡਾਰੀਆਂ ਵਲੋਂ ਅੱਜ ਵੀ ਫੀਲਡ ਹਾਕੀ ’ਚ ਪੰਜਾਬੀ ਹਾਕੀ ਪਲੇਅਰਾਂ ਦੀ ਨਕਲ ਕੀਤੀ ਜਾਂਦੀ ਹੈ।

 

 

ਰੋਪੜੀਆ ਹਾਕੀ ਓਲੰਪੀਅਨ ਧਰਮਵੀਰ ਸਿੰਘ ਸੈਣੀ ਵੀ ਆਪਣੇ ਤੋਂ ਸੀਨੀਅਰ ਹਾਕੀ ਖਿਡਾਰੀਆਂ ਵਲੋਂ ਪਾਈਆਂ ਜੇਤੂ ਖੇਡ ਪੈੜਾਂ ’ਚ ਪੈਰ ਧਰਕੇ ਨਿੰਰਤਰ ਮਿਲ ਰਹੀਆਂ ਹਾਰਾਂ ਨੂੰ ਧੋਣ ਲਈ ਸਵੇਰੇ-ਸ਼ਾਮ ਖੇਡ ਮੈਦਾਨ ’ਚ ਵਿਚਰ ਰਿਹਾ ਹੈ। ਉਸ ਦੀ ਥੋੜ੍ਹਚਿਰੀ ਖੇਡ ਨੇ ਦਰਸਾ ਦਿੱਤਾ ਹੈ ਕਿ ਖੇਡ ਮੁਕਾਮ ਉਮਰ ਨਾਲ ਨਹੀਂ ਸਗੋਂ ਦਿ੍ਰੜ ਨਿਸ਼ਚੇ ਨਾਲ ਪ੍ਰਾਪਤ ਕੀਤੇ ਕੀਤੇ ਜਾ ਸਕਦੇ ਹਨ। ਅੱਜ-ਕੱਲ ਜਦੋਂ ਪੂਰੀ ਲਗਨ, ਸਿਰੜ ਅਤੇ ਖੇਡ ਮਿਹਨਤ ਨਾਲ ਖੇਡ ਮੈਦਾਨ ’ਚ ਡਟੇ ਰਹਿਣ ਵਾਲੇ ਖਿਡਾਰੀਆਂ ਦੀ ਭਾਰੀ ਤੋਟ ਹੈੈ, ਉਦੋਂ ਹਾਕੀ ਦੇ ਪ੍ਰਸ਼ੰਸਕ ਧਰਮਵੀਰ, ਜਿਸ ਨੂੰ ਯਾਰਾਂ-ਦੋਸਤਾਂ ’ਚ ਅੱਲ ਨਾਲ ਧਰਮਾ ਕਿਹਾ ਜਾਂਦਾ ਹੈ, ਜਿਹੇ ਖਿਡਾਰੀ ਦੇ ਖੇਡ ਜਜ਼ਬੇ ’ਤੇ ਫੁਲ ਚੜ੍ਹਾਉਂਦੇ ਪ੍ਰਤੀਤ ਹੁੰਦੇ ਹਨ।

 

 

ਧਰਮਵੀਰ ਇਕ ਅੱਵਲ ਖਿਡਾਰੀ ਹੀ ਨਹੀਂ, ਇਕ ਚੰਗਾ ਇਨਸਾਨ ਵੀ ਹੈ, ਜਿਹੜਾ ਹਾਕੀ ਖੇਡਣ ਦੇ ਨਾਲ-ਨਾਲ ਸਦਾ ਆਪਣੇ ਖੇਡ ਦੀਵਾਨਿਆਂ ਨਾਲ ਵੀ ਨੇੜਤਾ ਬਣਾਈ ਰੱਖਦਾ ਹੈ। ਹਾਕੀ ਸਟਰਾਈਕਰ ਧਰਮਵੀਰ ਸਿੰਘ ਦਾ ਖੇਡ ਸਫਰ ਸਿਖਰ ਤੋਂ ਸਿਖਰ ਹੋਣ ਕਰਕੇ ਉਸ ਦਾ ਹਾਕੀ ਖੇਡ ਦੇ ਕਾਦਰ ਅਤੇ ਕਾਇਨਾਤ ਨਾਲ ਡੂੰਘਾ ਰਿਸ਼ਤਾ ਹੈ। ਇਹੀ ਕਾਰਨ ਹੈ ਕਿ ਕੁੱਲ ਜਹਾਨ ਦੇ ਖਿਡਾਰੀਆਂ ਦੀ ਭੀੜ ’ਚ ਨਿਵੇਕਲੀ ਤੋਰ ਤੁਰਦਾ ਹੋਇਆ ਧਰਮਵੀਰ ਹਾਕੀ ਦੀ ਸੱਚੀ ਫਕੀਰੀ ਦਾ ਮਜ਼ਾ ਖੇਡ ਮੈਦਾਨ ’ਚ ਹਾਕੀ ਖੇਡ ਦੇ ਹੁਨਰਾਂ ਦਾ ਵਿਖਾਵਾ ਕਰਕੇ ਲੈ ਰਿਹਾ ਹੈ। ਉਹ ਰਾਤਾਂ ਨੂੰ ਗਹਿਰੀ ਨੀਂਦ ਦੇ ਸੁਪਨਿਆਂ ’ਚ ਵੀ ਹਾਕੀ ਖੇਡਣ ਦੀ ਗੱਲ ਕਰਦਾ ਹੈ, ਜਿਸ ਕਰਕੇ ਉਸ ਦੇ ਮਨ ’ਚ ਸਦਾ ਜਿੱਤਣ ਦੀ ਤਾਂਘ ਰਹਿੰਦੀ ਹੈ। ਇਹੀ ਕਾਰਨ ਹੈ ਕਿ ਉਸ ਦੇ ਥੋੜੇ੍ਹ ਜਿਹੇ ਖੇਡ ਕਿਆਮ ਦੌਰਾਨ ਜੇਤੂ ਖੇਡ ਸੁਪਨਾ ਸੱਚ ਹੋਣ ਦੀ ਉਮੀਦ ਜਗਾਈ ਹੈ।

ਏਸ਼ਿਆਈ ਸੋਨ ਤਮਗਾ ਜੇਤੂ ਹਾਕੀ ਓਲੰਪੀਅਨ ਧਰਮਵੀਰ ਸਿੰਘ


ਜ਼ਿਲ੍ਹਾ ਰੋਪੜ ਦੀ ਹਾਲਾਂਕਿ ਦੇਸ਼ ਨੂੰ ਕੌਮੀ ਅਤੇ ਕੌਮਾਂਤਰੀ ਹਾਕੀ ਲਈ ਕੋਈ ਨੂੰ ਬਹੁਤੀ ਦੇਣ ਨਹੀਂ ਹੈ ਪਰ ਧਰਮਵੀਰ ਸਿੰਘ ਧਰਮਾ ਨੇ ਲੰਡਨ ਓਲੰਪਿਕ ਖੇਡਣ ਉਪਰੰਤ ਆਪਣੇ ’ਤੇ ਹਾਕੀ ਓਲੰਪੀਅਨ ਦੀ ਮੋਹਰ ਲਗਵਾ ਕੇ ਵੱਡਾ ਖੇਡ ਮਾਅਰਕਾ ਮਾਰਿਆ ਹੈ। ਭਾਰਤੀ ਹਾਕੀ ਟੀਮ ਦੇ ਭਰੋਸੇਮੰਦ ਸਟਰਾਈਕਰ ਧਰਮਵੀਰ ਸਿੰਘ ਤੋਂ ਪਹਿਲਾਂ ਰੋਪੜ ਜ਼ਿਲ੍ਹੇ ਦੇ ਬਲਜੀਤ ਸਿੰਘ ਸੈਣੀ ਨੂੰ ਹਾਕੀ ਓਲੰਪੀਅਨ ਬਣਨ ਦਾ ਮਾਣ ਮਿਲਿਆ ਹੈ ਪਰ ਹਾਕੀ ਖਿਡਾਰੀ ਬਲਜੀਤ ਸੈਣੀ ਦਾ ਪਰਿਵਾਰ ਕਲਕੱਤੇ ਰਹਿਣ ਸਦਕਾ ਉਹ ਆਪਣੀ ਖੇਡ ਪਾਰੀ ਜ਼ਿਆਦਾ ਕਰਕੇ ਬੰਗਾਲ ਦੇ ਹਾਕੀ ਪ੍ਰੇਮੀਆਂ ਨੂੰ ਸਮਰਪਿਤ ਕਰਦਾ ਹੈ।

 

 

ਧਰਮਵੀਰ ਸਿੰਘ ਤੋਂ ਪਹਿਲਾਂ ਉਸ ਦੇ ਨੇੜਲੇ ਪਿੰਡਾਂ ਦੇ ਹਾਕੀ ਖਿਡਾਰੀਆਂ ਗੁਰਮੇਲ ਸਿੰਘ, ਭੁਪਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਨੇ ਹਾਕੀ ਮੈਦਾਨ ’ਚ ਚੰਗੀਆਂ ਖੇਡ ਪੈੜਾਂ ਪਾਈਆਂ ਸਨ ਪਰ ਵਿਦੇਸ਼ੀਂ ਵਸਣ ਦੇ ਲਾਲਚਵਸ, ਉਨ੍ਹਾਂ ਛੇਤੀ ਹੀ ਹਾਕੀ ਨੂੰ ਅਲਵਿਦਾ ਆਖ ਦਿੱਤੀ। ਧਰਮਵੀਰ ਨੂੰ ਹਾਕੀ ਖੇਡਣ ਦੀ ਦਿਲਚਸਪੀ ਸਕੂਲੀ ਲੈਵਲ ਤੋਂ ਹੀ ਸੀ ਪਰ ਚੰਡੀਗੜ੍ਹ ਹਾਕੀ ਅਕਾਡਮੀ ’ਚ ਸ਼ਾਮਲ ਹੋਣ ਸਦਕਾ ਉਸ ਦੇ ਖੇਡ ਮਿਆਰ ’ਚ ਭਾਰੀ ਨਿਖਾਰ ਆਇਆ। ਅਕਾਡਮੀ ਦੇ ਮੁੱਢਲੇ ਚੀਫ ਹਾਕੀ ਕੋਚ ਮਰਹੂਮ ਜਸਵੀਰ ਸਿੰਘ ਬਾਜਵਾ ਨੇ ਉਸ ਦੀ ਖੇਡ ਲੈਅ ’ਚ ਪੈਨਾਪਣ ਲਿਆਉਣ ’ਚ ਕੋਈ ਕਸਰ ਨਹੀਂ ਰਹਿਣ ਦਿੱਤੀ। ਚੰਡੀਗੜ੍ਹ ਹਾਕੀ ਅਕਾਡਮੀ ’ਚੋਂ ਧੰੂਆਂਧਾਰ ਹਾਕੀ ਖੇਡਣ ਦੇ ਗੁਰ ਸਿੱਖਣ ਤੋਂ ਬਾਅਦ ਕਰੀਬ 9 ਸਾਲ ਪਹਿਲਾਂ ਧਰਮਵੀਰ ਸਿੰਘ ਕੌਮੀ ਹਾਕੀ ਟੀਮ ਦੀ ਫਰੰਟ ਲਾਈਨ ’ਚ ਜੇਤੂ ਨਕਸ਼ ਉਭਾਰਨ ਵਾਲੇ ਖਿਡਾਰੀ ਵਜੋਂ ਫਿੱਟ ਹੋ ਚੁੱਕਾ ਹੈ।         

 


ਧਰਮਵੀਰ ਸਿੰਘ ਨੇ ਇਕ ਮਿਲਣੀ ਦੌਰਾਨ ਦੱਸਿਆ ਕਿ ਖੇਡ ਖਿਡਾਰੀਆਂ ਦੀ ਆਤਮਾ ਹੁੰਦੀ ਹੈ ਅਤੇ ਇਸੇ ਖੇਡ ਭਾਵਨਾ ਦਾ ਧਾਰਨੀ ਬਣਕੇ ਹਰ ਖਿਡਾਰੀ ਖੇਡ ਅਭਿਆਸ ਮੌਕੇ ਅਤੇ ਵਿਰੋਧੀ ਟੀਮ ਨਾਲ ਮੈਚ ਖੇਡਦੇ ਸਮੇਂ ਖੇਡ ਮੈਦਾਨ ਨੂੰ ਖੂਨ-ਪਸੀਨੇ ਨਾਲ ਸਿੰਜਦਾ ਹੈ। ਉਸ ਦਾ ਮੰਨਣਾ ਹੈ ਕਿ ਪੰਜਾਬੀ ਹਾਕੀ ਖਿਡਾਰੀਆਂ ਦੀ ਖੇਡ ਦੀ ਅੱਜ ਵੀ ਕੌਮੀ ਅਤੇ ਕੌਮਾਂਤਰੀ ਹਾਕੀ ’ਚ ਨਕਲ ਕੀਤੀ ਜਾਂਦੀ ਹੈ।

 

 

ਓਲੰਪੀਅਨ ਧਰਮਵੀਰ ਸਿੰਘ ਦਾ ਜਨਮ ਅਗਸਤ 5, 1990 ਨੂੰ ਰੋਪੜ ਜ਼ਿਲ੍ਹੇ ਦੇ ਪਿੰਡ ਖੈਰਾਬਾਦ ’ਚ ਸ. ਸੁਖਦੇਵ ਸਿੰਘ ਦੇ ਗ੍ਰਹਿ ਵਿਖੇ ਮਾਤਾ ਲਾਭ ਕੌਰ ਦੀ ਸੁਭਾਗੀ ਕੁੱਖੋਂ ਹੋਇਆ। ਧਰਮਵੀਰ ਸਿੰਘ ਇਸ ਸਮੇਂ ਪੰਜਾਬ ਪੁਲੀਸ ’ਚ ਡੀਐਸਪੀ ਦੇ ਅਹੁਦੇ ’ਤੇ ਤੈਨਾਤ ਹੈ। ਕੌਮੀ ਹਾਕੀ ’ਚ ਪੰਜਾਬ ਰਾਜ ਤੇ ਪੰਜਾਬ ਪੁਲੀਸ ਦੀ ਹਾਕੀ ਟੀਮ ਦੀ ਨੁਮਾਇੰਦਗੀ ਕਰਨ ਵਾਲੇ ਧਰਮਵੀਰ ਸਿੰਘ ਨੇ ਕੌਮੀ ਟੀਮ ਦਾਖਲਾ ਪਾਉਂਦਿਆਂ ਹੀ ਚੀਨ ਦੇ ਸ਼ਹਿਰ ਗੂਆਂਗਜ਼ੂ ’ਚ ਹੋਇਆ 14ਵਾਂ ਏਸ਼ਿਆਈ ਹਾਕੀ ਅਡੀਸ਼ਨ ਖੇਡਿਆ, ਜਿਸ ’ਚ ਹਾਕੀ ਟੀਮ ਨੇ ਤਾਂਬੇ ਦਾ ਮੈਡਲ ਜਿੱਤਿਆ।

 

 

ਇਸ ਉਪਰੰਤ ਧਰਮਵੀਰ ਨੂੰ ਵਿਦੇਸ਼ੀ ਹਾਕੀ ਕੋਚ ਮਾਈਕਲ ਨੌਬਜ ਦੀ ਅਗਵਾਈ ’ਚ ਚਲਣ ਵਾਲੇ ਹਾਕੀ ਕੈਂਪ ’ਚ ਸੱਦਿਆ ਗਿਆ। ਪੂਨਾ ’ਚ ਲੱਗੇ ਹਾਕੀ ਸਿਖਲਾਈ ਕੈਂਪ ’ਚ ਖੇਡ ਟਰਾਇਲ ਪਾਰ ਕਰਨ ਤੋਂ ਬਾਅਦ ਧਰਮਵੀਰ ਨੂੰ ਭਰਤ ਛੇਤਰੀ ਦੀ ਕਪਤਾਨੀ ਹੇਠ ਲੰਡਨ-2012 ਓਲੰਪਿਕ ਹਾਕੀ ਦੇ ਮੈਦਾਨ ’ਚ ਨਿੱਤਰਨ ਦਾ ਹੱਕ ਹਾਸਲ ਹੋਇਆ। ਲੰਡਨ ਦੇ ਹਾਕੀ ਮੈਦਾਨ ’ਚ ਧਰਮਵੀਰ ਸਿੰਘ ਨੇ ਹਾਲੈਂਡ ਦੇ ਡੱਚ ਰੱਖਿਅਕਾਂ ਦੇ ਕਿਲੇ ਸੰਨ੍ਹ ਲਾਉਂਦਿਆਂ ਓਲੰਪਿਕ ਹਾਕੀ ਦੀ ਡਾਇਰੀ ’ਚ ਆਪਣਾ ਪਹਿਲਾ ਗੋਲ ਦਰਜ ਕਰਵਾਇਆ।

 

 

ਓਲੰਪਿਕ ਹਾਕੀ ’ਚ ਭਾਵੇਂ ਭਰਤ ਛੇਤਰੀ ਦੀ ਟੀਮ ਵਲੋਂ ਆਖਰੀ ਪਾਏਦਾਨ ’ਤੇ ਰਹਿਣ ਸਦਕਾ ਹਰ ਪਾਸੇ ਕਿਰਕਿਰੀ ਹੋਈ ਪਰ ਹਮਲਾਵਰ ਵਜੋਂ ਟੀਮ ’ਚ ਜਗ੍ਹਾ ਬਣਾਉਣ ਵਾਲੇ ਧਰਮਵੀਰ ਦੀ ਹਾਕੀ ਦੀਆਂ ਗੱਲਾਂ ਹਾਕੀ ਦੀ ਦੁਨੀਆਂ ਦੇ ਚਾਰੇ ਖੂੰਜਿਆਂ ’ਚ ਹੋਣ ਲੱਗੀਆਂ। ਸਾਲ 2013 ’ਚ ਘਰੇਲੂ ਹਾਕੀ ਮੈਦਾਨਾਂ ’ਤੇ ਖੇਡੀ ਗਈ ਪਹਿਲੀ ਹਾਕੀ ਇੰਡੀਆ ਲੀਗ ’ਚ ਉਸ ਨੇ ਆਸਟਰੇਲੀਆ ਦੇ ਕਪਤਾਨ ਜੈਮੀ ਡਵਾਇਰ ਦੀ ਕਮਾਨ ’ਚ ਜੇਪੀ ਪੰਜਾਬ ਵਾਰੀਅਰਜ਼ ਹਾਕੀ ਟੀਮ ਦੀ ਪ੍ਰਤੀਨਿੱਧਤਾ ਕਰਕੇ ਹਾਕੀ ਲੀਗ ’ਚ ਤਿੰਨ ਗੋਲ ਕਰਨ ਦਾ ਨਾਮਣਾ ਖੱਟਿਆ। ਹਾਲਾਂਕਿ ਪੰਜਾਬ ਦੀ ਹਾਕੀ ਟੀਮ ਜਿੱਤ ਦੀਆਂ ਬਹੁਤੀਆਂ ਖੇਡ ਸੰਭਾਵਨਾਵਾਂ ਜਗਾਉਣ ’ਚ ਨਾਕਾਮ ਰਹੀ ਪਰ ਧਰਮਵੀਰ ਦੀ ਖੇਡ ਦੀਆਂ ਗੱਲਾਂ ਇਕ ਵਾਰ ਫੇਰ ਹਾਕੀ ਦੇ ਸੱਤਵੇਂ ਅਸਮਾਨ ਤੱਕ ਹੋੋਣ ਲੱਗੀਆਂ।      

 

                  
ਇਸੇ ਖੇਡ ਸਿੱਟੇ ਕਰਕੇ ਕੌਮੀ ਹਾਕੀ ਦੇ ਚੋਣਕਾਰਾਂ ਵਲੋਂ ਧਰਮਵੀਰ ਦੀ ਨੈਸ਼ਨਲ ਹਾਕੀ ਟੀਮ ਲਈ ਚੋਣ ਸਾਲ 2013 ’ਚ ਮਲੇਸ਼ੀਆ ’ਚ ਖੇਡੇ
ਜਾਣ ਵਾਲੇ 22ਵੇਂ ਸੁਤਲਾਨ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਲਈ ਕੀਤੀ ਗਈ। ਦੇਸ਼ ਦੀ ਹਾਕੀ ਟੀਮ ਭਾਵੇਂ ਆਪਣੇ ’ਤੇ ਲਗਾਤਾਰ ਹਾਰਾਂ ਦੇ ਲੱਗੇ ਖੇਡ ਦਾਗ ਨੂੰ ਧੋਣ ’ਚ ਫੇਰ ਨਾਕਾਮ ਸਾਬਤ ਹੋਈ ਪਰ ਧਰਮਵੀਰ ਦੀ ਖੇਡ ਦਾ ਕੋਈ ਲੇਖਾ ਨਹੀਂ ਰਿਹਾ। ਉਸ ਨੇ ਲੰਡਨ ਓਲੰਪਿਕ ਹਾਕੀ ਟੂਰਨਾਮੈਂਟ ਵਾਂਗ ਬੇਹਿਸਾਬੀ ਖੇਡ ਦਾ ਲਾਮਿਸਾਲ ਮੁਜ਼ਾਹਰਾ ਕਰਕੇ ਖੇਡ ਨੂੰ ਪਿਆਰਨ ਵਾਲੇ ਪ੍ਰਸ਼ੰਸਕਾਂ ਦੇ ਹਿਰਦੇ ਠਾਰੀ ਰੱਖੇ।

 

 

ਓਲੰਪਿਕ ’ਚ ਦੋ ਗੋਲ ਕਰਨ ਵਾਲੇ ਹਮਲਾਵਰ ਖਿਡਾਰੀ ਧਰਮਵੀਰ ਸੈਣੀ ਦੀ ਮੈਦਾਨੀ ਖੇਡ ਦਾ ਪੂਰੇ ਹਾਕੀ ਮੁਕਾਬਲੇ ’ਚ ਕੋਈ ਆਰ-ਪਾਰ ਨਹੀਂ ਸੀ ਭਾਵ ਉਸ ਨੇੇ ਮੈਦਾਨ ’ਚ ਹਰ ਕੋਣੇ ’ਤੇ ਹਾਕੀ ਖੇਡਦਿਆਂ ਹਰਫਨਮੌਲਾ ਖੇਡ ਦਾ ਨਜ਼ਾਰਾ ਪੇਸ਼ ਕੀਤਾ। ਟੀਮ ਨੂੰ ਜਿੱਤ ਦੇ ਰਸਤੇ ਤੋਰਨ ਲਈ ਜ਼ੋਰਦਾਰ ਹੰਭਲੇ ਵੀ ਮਾਰੇ ਪਰ ਸਾਥੀ ਖਿਡਾਰੀਆਂ ਤੋਂ ਸਾਥ ਨਾ ਮਿਲਣ ਸਦਕਾ ਸਾਰੀ ਖੇਡ ਮਿਹਨਤ ਖੂਹ-ਖਾਤੇ ਜਾ ਪਈ। ਹਾਲੈਂਡ ਦੇ ਸ਼ਹਿਰ ਹੇਗ-2014 ਵਿਸ਼ਵ ਹਾਕੀ ਕੱਪ ਖੇਡਣ ਵਾਲੇ ਧਰਮਵੀਰ ਨੂੰ ਇਸੇ ਸਾਲ ਇੰਚਿੳਨ ਏਸ਼ਿਆਈ ਹਾਕੀ ’ਚ ਟੀਮ ਕਪਤਾਨ ਸਰਦਾਰ ਸਿੰਘ ਦੀ ਕਮਾਨ ’ਚ ਫਾਈਨਲ ’ਚ ਪਾਕਿਸਤਾਨ ਨੂੰ ਮਾਤ ਦੇਣ ਸਦਕਾ ਸੋਨ ਤਗਮਾ ਜਿੱਤਣ ਤਾ ਸੁਭਾਗ ਹਾਸਲ ਹੋਇਆ।

 

 

ਕਾਬਲੇਗੌਰ ਹੈ ਕਿ ਕੌਮੀ ਹਾਕੀ ਟੀਮ ਵਲੋਂ ਏਸ਼ਿਆਈ ਖੇਡਾਂ ’ਚ ਜਿੱਤਿਆ ਇਹ ਤੀਜਾ ਸੋਨ ਤਗਮਾ ਸੀ। ਸਾਲ-2014 ’ਚ ਗਲਾਸਗੋ ਰਾਸ਼ਟਰਮੰਡਲ ਖੇਡਾਂ ’ਚ ਧਰਮਵੀਰ ਨੇ ਕੌਮੀ ਟੀਮ ਦੀ ਨੁਮਾਇੰਦਗੀ ਕਰਕੇ ਚਾਂਦੀ ਦਾ ਤਗਮਾ ਹਾਸਲ ਕੀਤਾ। ਧਰਮਵੀਰ ਨੂੰ ਇਸੇ ਸਾਲ ਦੇਸ਼ ’ਚ ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ’ਚ ਘਰੇਲੂ ਮੈਦਾਨ ’ਤੇ ਹੀਰੋ ਹਾਕੀ ਚੈਂਪੀਅਨਜ਼ ਟਰਾਫੀ-2014 ਦੇ ਸੰਸਾਰ-ਵਿਆਪੀ ਹਾਕੀ ਮੁਕਾਬਲੇ ਦਾ ਸੈਮੀਫਾਈਨਲ ਖੇਡਣ ਦਾ ਹੱਕ ਹਾਸਲ ਹੋਇਆ। ਓਲੰਪੀਅਨ ਧਰਮਵੀਰ ਸਿੰਘ ਅਜੇ ਵੀ ਦਿਨ-ਰਾਤ ਇਕ ਕਰਕੇ ਹਾਕੀ ਟੀਮ ’ਚ ਵਾਪਸੀ ਲਈ ਜੁਟਿਆ ਹੋਇਆ ਹੈ ਅਤੇ ਉਸ ਨੂੰ ਪੂਰੀ ਉਮੀਦ ਹੈ ਕਿ ਅਜੇ ਵੀ ਮਿਹਨਤ ਨਾਲ ਮੈਦਾਨ ’ਚ ਵਹਾਏ ਖੂਨ-ਪਸੀਨੇ ਸਦਕਾ ਉਹ ਕੌਮੀ ਹਾਕੀ ਟੀਮ ’ਚ ਜ਼ਰੂਰ ਵਾਪਸੀ ਕਰੇਗਾ। ਪਹਿਲਾਂ ਕੌਮੀ ਹਾਕੀ ਲੀਗ ਇੰਡੀਅਨ ਆਇਲ ਅਤੇ ਹੁਣ ਪੰਜਾਬ ਸਟੇਟ ਅਤੇ ਪੰਜਾਬ ਪੁਲੀਸ ਦੀ ਹਾਕੀ ਟੀਮ ਵਲੋਂ ਖੇਡਣ ਵਾਲੇ ਰੋਪੜ ਜ਼ਿਲ੍ਹੇ ਦੇ ਪਿੰਡ ਖੈਰਾਬਾਦ ਦੇ ਇਸ ਖਿਡਾਰੀ ਨੇ ਅਜੇ ਬਹੁਤ ਲੰਬਾ ਖੇਡ ਸਫਰ ਤੈਅ ਕਰਨਾ ਹੈ, ਜਿਸ ’ਤੇ ਸੌ ਫੀਸਦੀ ਖਰਾ ਉਤਰਨ ਲਈ ਧਰਮਵੀਰ ਖੇਡ ਮੈਦਾਨ ’ਚ ਇਕ ਸੱਚੇ ਖੇਡ ਸਿਪਾਹੀ ਦੀ ਤਰ੍ਹਾਂ ਡਟਿਆ ਹੋਇਆ ਹੈ।

 

 

ਹਾਕੀ ਟੀਮ ਦੇ ਚੋਣਕਾਰਾਂ ਅਤੇ ਕੋਚਿੰਗ ਕੈਂਪ ਕੋਲ ਅਜੇ ਵੀ ਇਸ ਸਮੇਂ ਧਰਮਵੀਰ ਦਾ ਕੋਈ ਤੋੜ ਨਹੀਂ ਹੈ। ਖੇਡ ਖੇਤਰ ’ਚ ਖਿਡਾਰੀਆਂ ਬਾਰੇ ਇਕ ਆਮ ਧਾਰਨਾ ਪ੍ਰਚੱਲਤ ਹੈ ਕਿ ਨਿੱਤ ਦਿਨ ਖੇਡ ਦੀਆਂ ਆਸਾਂ-ਉਮੀਦਾਂ ਦੀ ਲਿਸ਼ਕ ਅੱਖਾਂ ’ਚ ਜਗਾ ਕੇ ਜੱਦੋ-ਜਹਿਦ ਕਰਦੇ ਰਹਿਣਾ ਅਤੇ ਖੇਡ ਜੀਵਨ ਦੀਆਂ ਕਦਰਾਂ ਦੇ ਪੌਦਿਆਂ ਨੂੰ ਪਾਣੀ ਦੇਈ ਜਾਣਾ ਹੀ ਜੇਤੂ ਹੋਣ ਦਾ ਪ੍ਰਤੀਕ ਹੁੰਦਾ ਹੈ, ਉਸੇ ਤਰ੍ਹਾਂ ਇਕ ਅੱਵਲ ਦਰਜੇ ਦੇ ਫਾਰਵਰਡ ਖਿਡਾਰੀ ਧਰਮਵੀਰ ਸਿੰਘ ਦੀ ਹਾਕੀ ਖੇਡਣ ਦੀ ਦੀਵਾਨਗੀ ਨੂੰ ਸਿਜਦਾ ਕਰਨ ਨੂੰ ਦਿਲ ਕਰਦਾ ਹੈ।

 

 

ਖੇਡ ਵਕਤ ਵੀ ਅਜਿਹੇ ਜੇਤੂ ਮਾਨਸਿਕਤਾ ਵਾਲੇ ਖਿਡਾਰੀਆਂ ਨੂੰ ਹਮੇਸ਼ਾ ਯਾਦ ਰੱਖਦਾ ਹੈ ਅਤੇ ਭਲੇ ਦਿਨ ਆਉਣ ਦਾ ਜੁਗਨੂੰ ਵੀ ਇਨ੍ਹਾਂ ਦੀਆਂ ਹਨੇਰੀਆਂ ਰਾਤਾਂ ਵਿਚ ਹਰ ਸਮੇਂ ਜਗਮਗ-ਜਗਮਗ ਕਰਦਾ ਰਹਿੰਦਾ ਹੈ। ਇਸੇ ਕਰਕੇ ਦੇਸ਼ ਦਾ ਹਰ ਹਾਕੀ ਪ੍ਰੇਮੀ ਇਸ ਸੂਝਵਾਨ, ਮਿੱਠਬੋਲੜੇ ਅਤੇ ਹਰ ਦਿੱਲ ਅਜ਼ੀਜ਼ ਹਾਕੀ ਖਿਡਾਰੀ ਧਰਮਵੀਰ ਨੂੰ ਲਾਜਵਾਬ ਹਾਕੀ ਖੇਡਣ ਸਦਕਾ ਇਕ ਮੀਰੀ ਹਾਕੀ ਖਿਡਾਰੀ ਵਜੋਂ ਆਲਮੀ ਹਾਕੀ ਦੀਆਂ ਬੁਲੰਦੀਆਂ ’ਤੇ ਪਹੁੰਚਿਆ ਵੇਖਣਾ ਲੋਚਦਾ ਹੈ।

 

 

ਆਉਣ ਵਾਲੇ ਸਮੇਂ ’ਚ ਵੀ ਇਹੀ ਖੇਡ ਚਿਣਗਾਂ ਉਸ ਦੇ ਜਿੱਤਣ ਦੇ ਖੇਡ ਜਜ਼ਬੇ ’ਤੇ ਫੁੱਲ ਚੜ੍ਹਾਉਂਦੀਆਂ ਰਹਿਣਗੀਆਂ ਅਤੇ ਦੇਸ਼ ਤੇ ਖਾਸ ਕਰਕੇ ਪੰਜਾਬ ਦੇ ਹਾਕੀ ਪ੍ਰੇਮੀਆਂ ਨੂੰ ਪੂਰੀ ਉਮੀਦ ਹੈ ਕਿ ਧਰਮਵੀਰ ਸਿੰਘ ਧਰਮਾ ਇਕ ਵਾਰ ਫੇਰ ਮੈਦਾਨ ’ਚ ਕੌਮੀ ਹਾਕੀ ਟੀਮ ਨਾਲ ਵਿਰੋਧੀ ਟੀਮਾਂ ’ਤੇ ਜਿੱਤ ਲਈ ਸੰਘਰਸ਼ ਕਰਦਾ ਨਜ਼ਰੀਂ ਆਵੇਗਾ। 
   

==========

ਸੁਖਵਿੰਦਰਜੀਤ ਸਿੰਘ ਮਨੌਲੀ

ਮੋਬਾਈਲ: 94171-82993

ਸੁਖਵਿੰਦਰਜੀਤ ਸਿੰਘ ਮਨੌਲੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Asian Gold Medal Winner Hockey Olympian Dharamvir Singh