ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਸ਼ਿਆਈ ਗੋਲਡ ਮੈਡਲਿਸਟ ਓਲੰਪੀਅਨ ਐਥਲੀਟ ਮਨਜੀਤ ਕੌਰ ਸੈਣੀ

ਏਸ਼ਿਆਈ ਗੋਲਡ ਮੈਡਲਿਸਟ ਓਲੰਪੀਅਨ ਐਥਲੀਟ ਮਨਜੀਤ ਕੌਰ ਸੈਣੀ

ਏਸ਼ੀਆਈ ਮਹਿਲਾ ਦੌੜਾਕਾਂ ਨੂੰ ਮੈਦਾਨ ’ਚ ਮੋੜਵਾਂ ਜਵਾਬ ਦੇਣ ਵਾਲੀ ਪੰਜਾਬਣ ਦੌੜਾਕ ਮਨਜੀਤ ਕੌਰ ਆਪਣੀ ਰੇਸ ਨੂੰ ਨਿੱਤ ਦਿਨ ਸਿਹਤਮੰਦ ਸੇਧ ਦੇਣ ਲਈ ਖੇਡ ਮੈਦਾਨ ਦੇ ਲੜ ਲੱਗੀ ਰਹੀ। ਦੋਹਾ-2008 ਏਸ਼ੀਆਈ ਖੇਡਾਂ ਅਤੇ ਬੀਜਿੰਗ-2008 ਓਲੰਪਿਕ ਖੇਡਾਂ ਨੂੰ ਮੁੱਖ ਰੱਖ ਕੇ ਮਨਜੀਤ ਨੇ ਟਰੈਕ ਅੰਦਰ ਆਪਣੀਆਂ ਦੌੜਾਂ ਦਾ ਪ੍ਰਵਾਹ ਚਲਾਈ ਰੱਖਣ ਵਿਚ ਵੀ ਦਿਨ-ਰਾਤ ਇਕ ਕੀਤਾ ਹੈ। ਨਾਬਰ ਐਥਲੀਟ ਬਣਨ ਦੇ ਜਜ਼ਬੇ ਨਾਲ ਨੱਕੋ-ਨੱਕ ਲਬਰੇਜ਼ ਹੋ ਕੇ ਮੈਦਾਨ ਅੰਦਰ ਧੂੜ ਉਡਾਉਣ ਵਾਲੀ ਦੌੜਾਕ ਮਨਜੀਤ ਸੈਣੀ ਆਪਣੇ ਕੋਚਾਂ ਦੀ ਸਲਾਹ ਨਾਲ ਹਫ਼ਤੇ-ਦਸ ਦਿਨਾਂ ਬਾਅਦ ਆਪਣੀ ਦੌੜ ਸ਼ੈਲੀ ਦਾ ਬੜੀ ਸੰਜੀਦਗੀ ਨਾਲ ਅਧਿਐਨ ਵੀ ਕਰਦੀ ਸੀ।

 

 

ਉਸ ਦੇ ਸਰੀਰ ਅੰਦਰ ਦੌੜਨ ਸ਼ਕਤੀ ਦਾ ਪ੍ਰਭਾਵਸ਼ਾਲੀ ਖਜ਼ਾਨਾ ਸੀ। ਇਸੇ ਕਾਰਨ ਉਹ ਦੌੜਨ ਸਮੇਂ ਵੱਡੀ ਤੋਂ ਵੱਡੀ ਖੇਡ ਮੁਸੀਬਤ ਨਾਲ ਆਢਾ ਲੈਣ ਦਾ ਸਾਹਸ ਅਤੇ ਦਮ ਰੱਖਦੀ ਸੀ। ਉਸ ’ਚ ਵਿਲੱਖਣ ਗੁਣ ਇਹ ਹੈ ਕਿ ਉਹ ਲੇਨ ’ਚ ਦੌੜ ਚੁੱਕੀਆਂ ਦੌੜਾਂ ਦੀਆਂ ਕਮੀਆਂ-ਪੇਸ਼ੀਆਂ ਦਾ ਪੱਤਾ-ਪੱਤਾ ਫਰੋਲਦੀ ਆਪਣੀ ਖੇਡ ਮੰਜ਼ਿਲ ਵੱਲ ਨਿਰੰਤਰ ਭੱਜਦੀ ਰਹੀ। ਦੌੜ ਲੇਨ ’ਚ ਹਵਾ ਨਾਲ ਗੱਲਾਂ ਕਰਨ ਵਾਲੀ ਮਨਜੀਤ ਦਾ ਕੌਮੀ ਅਤੇ ਕੌਮਾਂਤਰੀ ਖੇਡ ਖੇਤਰ ’ਚ ਕਾਮਯਾਬੀ ਦਾ ਰਾਜ਼ ਵੀ ਮਿਹਨਤ ਨਾਲ ਦੌੜ ਮੈਦਾਨ ਅੰਦਰ ਡੋਲ੍ਹਿਆ ਖ਼ੂਨ-ਪਸੀਨਾ ਹੈ। ਉਸ ਦੀਆਂ ਖੇਡ ਭਾਵਨਾਵਾਂ ਦੌੜ ਨਾਲ ਸਿੱਧੀਆਂ ਅਤੇ ਡੂੰਘੀਆਂ ਜੁੜੀਆਂ ਰਹੀਆਂ, ਜਿਸ ਕਰਕੇ ਉਸ ਵੱਲੋਂ ਦੌੜ ਫ਼ੀਲਡ ’ਚ ਬਣਾਈਆਂ ਪਗਡੰਡੀਆਂ ਦੇਸ਼ ਦੀਆਂ ਦੂਜੀਆਂ ਦੌੜਾਕ ਕੁੜੀਆਂ ਦਾ ਵੀ ਮਾਰਗ ਦਰਸ਼ਨ ਕਰ ਰਹੀਆਂ ਹਨ। ਥੋੜ੍ਹੇ ਅਰਸੇ ’ਚ ਹੀ ਪੰਜਾਬ ਦੀ ਉੱਡਣਪਰੀ ਨੇ ਆਪਣੀ ਖੇਡ ਕਾਬਲੀਅਤ ਸਦਕਾ ਚੰਗੀ ਮਕਬੂਲੀਅਤ ਹਾਸਲ ਕੀਤੀ ਹੈ। ਇਹੋ ਕਾਰਨ ਹੈ ਕਿ ਉਸ ਨੇ ਦੇਸ਼ ਅਤੇ ਵਿਦੇਸ਼ ਦੇ ਟਰੈਕ ਮੁਕਾਬਲਿਆਂ ’ਚ ਮੈਡਲ ਜਿੱਤ ਕੇ ਆਪਣੇ ਜੇਤੂ ਸੁਪਨਿਆਂ ਨੂੰ ਹਕੀਕਤ ’ਚ ਬਦਲ ਕੇ ਹੀ ਸਾਹ ਲਿਆ। 

 


ਮਨਜੀਤ ਕੌਰ ਨੇ ਸਰਕਾਰੀ ਸਕੂਲ, ਗੁਰਦਾਸਪੁਰ ’ਚ ਪੜ੍ਹਦਿਆਂ 1997 ’ਚ ਦੌੜਨ ਦਾ ਸਿਲਸਿਲਾ ਸ਼ੁਰੂ ਕੀਤਾ। ਇਸੇ ਦੌੜ ਸਾਧਨਾ ਨੂੰ ਮੁੱਖ ਰੱਖ ਕੇ ਉਹ ਦੌੜ ਲੇਨ ’ਤੇ ਫੁੱਲ ਚੜ੍ਹਾਉਂਦੀ ਗਈ। ਉਸ ਦਾ ਮੁਢਲਾ ਕੋਚ ਨਵਤੇਜ ਸਿੰਘ ਸੀ, ਜਿਸ ਨੇ ਉਗਲ ਤੋਂ ਫੜ ਕੇ ਮਨਜੀਤ ਨੂੰ ਟਰੈਕ ’ਚ ਖੜ੍ਹਨ ਦੀ ਏ ਬੀ ਸੀ ਸਿਖਾਈ। ਇਸੇ ਸਾਲ ਉਸ ਨੇ ਕਾਦੀਆਂ ਵਿਖੇ ਜ਼ਿਲੇ੍ਹ ਦੀਆਂ ਸਕੂਲ ਖੇਡਾਂ ’ਚ 100 ਅਤੇ 200 ਮੀਟਰ ’ਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਕੇ ਆਪਣੀ ਮੁਢਲੀਆਂ ਜਿੱਤਾਂ ਦਾ ਸਿਲਸਿਲਾ ਆਰੰਭਿਆ। ਖ਼ਾਲਸਾ ਕਾਲਜ ਅੰਮਿ੍ਰਤਸਰ ’ਚ 1998 ’ਚ ਹੋਈਆਂ ਪੰਜਾਬ ਸਕੂਲ ਗੇਮਜ਼ ਦੌਰਾਨ ਵੀ ਉਸ ਨੇ 400 ਮੀਟਰ ਦੌੜ ਵਿਚ ਸੋਨ ਤਮਗਾ ਜਿੱਤਿਆ। ਨੈਸ਼ਨਲ ਸਕੂਲ ਖੇਡ, ਜੋ 1999 ’ਚ ਬੰਗਲੌਰ ’ਚ ਹੋਈਆਂ, ਮਨਜੀਤ ਥਿੜਕ ਕੇ ਤਾਂਬੇ ਦਾ ਮੈਡਲ ਹੀ ਹਾਸਲ ਕਰ ਸਕੀ।

ਏਸ਼ਿਆਈ ਗੋਲਡ ਮੈਡਲਿਸਟ ਓਲੰਪੀਅਨ ਐਥਲੀਟ ਮਨਜੀਤ ਕੌਰ ਸੈਣੀ

 

1997 ’ਚ ਆਲ ਪੰਜਾਬ ਸਕੂਲ ਖੇਡਾਂ ’ਚ ਮਨਜੀਤ ਨੇ 100 ਮੀਟਰ ’ਚ ਪਹਿਲਾ ਸਥਾਨ ਹਾਸਲ ਕੀਤਾ। ਇੱਥੇ ਉਸ ਨੇ 200 ਮੀਟਰ ਦੌੜ ’ਚ ਨਵਾਂ ਸਕੂਲੀ ਰਿਕਾਰਡ ਬਣਾ ਕੇ ਪੰਜਾਬ ਦੀਆਂ ਖੇਡ ਸਫ਼ਾਂ ਨੂੰ ਹਿਲਾ ਕੇ ਰੱਖ ਦਿੱਤਾ। ਇੱਥੇ ਹੀ ਉਸ ਨੇ ਆਪਣੀਆਂ ਸਾਥਣ ਦੌੜਾਕਾਂ ਨਾਲ 4¿100 ਰੀਲੇਅ ਰੇਸ ’ਚ ਸਿਲਵਰ ਮੈਡਲ ਜਿੱਤਿਆ। ਸਕੂਲੀ ਦੌੜਾਕ ਮਨਜੀਤ ਨੇ ਓਪਨ ਪੰਜਾਬ ਖੇਡਾਂ 1999, 44ਵੀਆਂ ਪੰਜਾਬ ਸਕੂਲ ਖੇਡਾਂ ਅਤੇ ਪੰਜਾਬ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਲੁਧਿਆਣਾ ’ਚ ਕ੍ਰਮਵਾਰ ਤਿੰਨੇ ਖੇਡ ਮੁਕਾਬਲਿਆਂ ’ਚ 100, 200, 400 ਮੀਟਰ ਅਤੇ 4¿100 ਮੀਟਰ ਰੀਲੇਅ ਦੌੜਾਂ ’ਚ ਸੋਨ ਤਮਗਾ ਜਿੱਤ ਕੇ ਗੁਰਦਾਸਪੁਰ ਦੀ ਦੌੜਾਕ ਨੇ ਦੌੜ ਸਭਿਆਚਾਰ ਦੀ ਘਾਟ ਨੂੰ ਹੇਠਲੇ ਪੱਧਰ ਤੋਂ ਜੋੜਨ ਦੀ ਜ਼ੋਰਦਾਰ ਵਕਾਲਤ ਕੀਤੀ।

 


ਸ਼ੁਰੂਆਤ ਤੋਂ ਖੇਡ ਜਿੱਤਾਂ ਦੇ ਰਾਹ ’ਤੇ ਤੁਰਨ ਵਾਲੀ ਮਨਜੀਤ ਨੇ ਜੂਨੀਅਰ ਅਤੇ ਸੀਨੀਅਰ ਪੰਜਾਬ ਅਥਲੈਟਿਕਸ ਮੁਕਾਬਲਿਆਂ ’ਚ 30 ਤੋਂ ਵੱਧ ਗੋਲਡ ਮੈਡਲ ਜਿੱਤਣ ਤੋਂ ਇਲਾਵਾ ਅੱਠ ਰਿਕਾਰਡਾਂ ’ਤੇ ਆਪਣੇ ਨਾਮ ਦੀ ਮੋਹਰ ਲਾਈ ਹੈ। ਰੌਚਕ ਇਤਫ਼ਾਕ ਇਹ ਰਿਹਾ ਕਿ ਜਿਸ ਦੌੜ ਮੁਕਾਬਲੇ ’ਚ ਉਹ ਦੌੜ ਲੇਨ ਅੰਦਰ ਉਤਰਦੀ, ਉਸ ਨੂੰ ਫਤਿਹ ਹਾਸਲ ਹੁੰਦੀ।

 


ਰਾਸ਼ਟਰੀ ਦੌੜ ਮੁਕਾਬਲਿਆਂ ’ਚ ਸ਼ਿਰਕਤ ਕਰਕੇ ਮਨਜੀਤ ਨੇ ਕੌਮਾਂਤਰੀ ਦੌੜਾਂ ’ਚ ਮੈਡਲ ਜਿੱਤਣ ਦੀਆਂ ਘੋੜੀਆਂ ਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਉਹ ਸਮਾਂ ਸੀ ਜਦੋਂ ਹਰ ਪਲ ਮੈਦਾਨ ’ਚ ਭੱਜਣ ਲਈ ਉਲਾਰ ਹੋਈ ਰਹਿੰਦੀ ਮਨਜੀਤ ਦੀਆਂ ਜੇਤੂ ਖੇਡ ਪਾਰੀਆਂ ਨੂੰ ਛੁਟਿਆ ਕੇ ਨਹੀਂ ਸੀ ਵੇਖਿਆ ਜਾ ਸਕਦਾ। ਸੋਲਾਂ ਕਲਾਂ ਸੰਪੂਰਨ ਅਥਲੀਟ ਮਨਜੀਤ ਕੌਰ ਪਹਿਲੀ ਵਾਰ 2001 ’ਚ ਸਿੰਗਾਪੁਰ ’ਚ ਹੋਈ ਜੂਨੀਅਰ ਏਸ਼ੀਅਨ ਗੇਮਜ਼ ਦੌਰਾਨ ਕੌਮਾਂਤਰੀ ਖੇਡ ਨਕਸ਼ੇ ’ਤੇ ਆਈ। ਪਹਿਲੀ ਝੱਟੇ ਉਸ ਨੇ ਦੋ ਸਿਲਵਰ ਮੈਡਲਾਂ ਨੂੰ ਹੱਥ ਮਾਰਿਆ। ਇੱਥੇ ਮਨਜੀਤ ਨੇ 400 ਮੀਟਰ ਅਤੇ 4¿100 ਮੀਟਰ ਰੀਲੇਅ ਰੇਸ ਦੋਵਾਂ ’ਚ ਦੂਜਾ ਸਥਾਨ ਹਾਸਲ ਕੀਤਾ। 

 


ਬੂਸਾਨ-2002 ’ਚ ਹੋਈ 14ਵੀਂ ਏਸ਼ੀਅਨ ਚੈਂਪੀਅਨਸ਼ਿਪ ਦੌਰਾਨ ਮਨਜੀਤ ਕੌਰ ਨੇ ਆਪਣੀਆਂ ਦੌੜ ਸਾਥਣਾਂ ਨਾਲ ਮਿਲ ਕੇ 4¿100 ਰੀਲੇਅ ਰੇਸ ’ਚ ਗੋਲਡ ਮੈਡਲ ਜਿੱਤਿਆ। 2003 ’ਚ ਲਾਇਆ ਖੇਡ ਟੂਰ ਮਨਜੀਤ ਲਈ ਕੋਈ ਖ਼ਾਸ ਨਹੀਂ ਰਿਹਾ। ਪੈਰਿਸ ’ਚ ਹੋਏ ਵਰਲਡ ਅਥਲੈਟਿਕਸ ਕੱਪ ’ਚ 4¿100 ਮੀਟਰ ਲਾਉਣ ਵਾਲੀ ਰੀਲੇਅ ਟੀਮ ਪੰਜਵਾਂ ਸਥਾਨ ਹੀ ਹਾਸਲ ਕਰ ਸਕੀ। ਮਨਜੀਤ ਨੂੰ ਸੰਸਾਰ-ਵਿਆਪੀ ਦੌੜ ’ਚ ਮੈਡਲ ਤੋਂ ਖੁੰਝਣ ਦਾ ਗ਼ਮ ਹੁਣ ਤੱਕ ਵੀ ਸਤਾਉਦਾ ਹੈ। ਮਨੀਲਾ-2003 ਏਸ਼ੀਅਨ ਟਰੈਕ ਐਂਡ ਫ਼ੀਲਡ ਚੈਂਪੀਅਨਸ਼ਿਪ ਦੌਰਾਨ 4,400 ਮੀਟਰ ਰੀਲੇਅ ਟੀਮ ਦੀ ਪਾਰਟਨਰ ਮਨਜੀਤ ਕੌਰ ਨੇ ਤਾਂਬੇ ਦਾ ਮੈਡਲ ਹਾਸਲ ਕਰਕੇ ਜਿੱਤਾਂ ਨੂੰ ਫਿੱਕਿਆਂ ਨਾ ਪੈਣ ਦਿੱਤਾ।

 


ਮਨਜੀਤ ਕੌਰ ਲਈ ਰੂਸ ’ਚ ਲੱਗਿਆ 50 ਦਿਨਾਂ ਖੇਡ ਕੈਂਪ ਬਹੁਤ ਨੂੰ ਲਾਹੇਵੰਦਾ ਰਿਹਾ। ਵਿਦੇਸ਼ੀ ਧਰਤੀ ’ਤੇ ਇਹ ਕੋਚਿੰਗ ਕੈਂਪ 2004 ਏਥਨਜ਼ ਓਲੰਪਿਕ ਦੇ ਮੱਦੇਨਜ਼ਰ ਲਾਇਆ ਗਿਆ ਸੀ। ਕੈਂਪ ਸਮਾਪਤੀ ’ਤੇ ਰੂਸ ’ਚ ਅਥਲੈਟਿਕਸ ਮੁਕਾਬਲੇ ਦੌਰਾਨ ਮਨਜੀਤ ਨੇ 400 ਮੀਟਰ ਅਤੇ 4¿400 ਮੀਟਰ ਰੀਲੇਅ ਰੇਸ ’ਚ ਦੋ ਸੋਨ ਮੈਡਲ ਹਾਸਲ ਕਰਕੇ ਹਿੰਦ ਦੇ ਖੇਡ ਗਲਿਆਰਿਆਂ ਨੂੰ ਮਾਲਾ-ਮਾਲ ਕਰ ਦਿੱਤਾ। ਕੋਲੰਬੋ 2004 ਦੀ ਐਥਲੈਟਿਕਸ ਮੀਟ ’ਚ ਮਨਜੀਤ ਨੇ ਰੂਸ ਵਾਲੀ ਕਾਰਗੁਜ਼ਾਰੀ ਦੁਹਰਾ ਕੇ 400 ਮੀਟਰ ਅਤੇ 4¿400 ਮੀਟਰ ਦੋਵਾਂ ’ਚ ਮੁੜ ਪਹਿਲਾ ਸਥਾਨ ਪ੍ਰਾਪਤ ਕਰਕੇ ਦੋ ਸੋਨ ਤਮਗੇ ਫੁੰਡੇ। ਮਨਜੀਤ ਨਾਲ ਰੀਲੇਅ ’ਚ ਦੌੜੀਆਂ ਕੇ. ਬੀਨਾਮੋਲ, ਰਾਜਵਿੰਦਰ ਅਤੇ ਚਿਤਰਾ ਸੋਮਨ ਵੱਲੋਂ ਕੱਢਿਆ ਸਮਾਂ ਨਵਾਂ ਮੀਟ ਰਿਕਾਰਡ ਸਥਾਪਤ  ਹੋਇਆ।

 


ਏਥਨਜ਼-2004 ਓਲੰਪਿਕ ’ਚ 4,100 ਮੀਟਰ ਰੀਲੇਅ ’ਚ ਮਨਜੀਤ ਤੋਂ ਇਲਾਵਾ ਕੇ. ਬੀਨਾਮੋਲ ਰਾਜਵਿੰਦਰ ਕੌਰ ਅਤੇ ਚਿਤਰਾ ਸੋਮਨ ਨੇ ਚੰਗੀ ਟਾਈਮਿੰਗ ਨਾਲ ਸੱਤਵਾਂ ਸਥਾਨ ਹਾਸਲ ਕੀਤਾ। ਇਸੇ ਰੀਲੇਅ ਟੀਮ ਨੇ ਕੋਲੰਬੋ ’ਚ ਕਾਇਮ ਕੀਤਾ 3 ਮਿੰਟ 27.35 ਸੈਕਿੰਡ ਦਾ ਨੈਸ਼ਨਲ ਰਿਕਾਰਡ ਬਰੇਕ ਕਰਕੇ 3 ਮਿੰਟ 26.89 ਦਾ ਨਵਾਂ ਕੌਮੀ ਮੀਲ ਪੱਥਰ ਗੱਡਿਆ। ਇਸੇ ਸਾਲ ਮਨਜੀਤ ਕੌਰ ਨੇ ਸਿੰਗਾਪੁਰ ’ਚ ਹੋਈ ਦੌੜ ਚੈਂਪੀਅਨਸ਼ਿਪ ਦੌਰਾਨ 400 ਮੀਟਰ ਦੀ ਦੌੜ ’ਚ ਸੋਨ ਤਮਗਾ ਹਾਸਲ ਕਰਕੇ ਆਪਣੇ ਮੈਡਲਾਂ ਦੀ ਗਿਣਤੀ ’ਚ ਵਾਧਾ ਕੀਤਾ। ਪਟਿਆਲਾ-2004 ਦੀਆਂ ਭਾਰਤ-ਪਾਕਿ ਪੰਜਾਬ ਖੇਡਾਂ ’ਚ ਮਨਜੀਤ ਕੌਰ ਨੇ 200 ਮੀਟਰ ਦੌੜ ਲਈ ਗੋਲਡ ਮੈਡਲ ਆਪਣੀ ਝੋਲੀ ਪਾ ਕੇ ਭਾਰਤੀ ਪੰਜਾਬ ਦੀ ਲਾਜ ਰੱਖੀ।

 


ਦੱਖਣੀ ਕੋਰੀਆ-2005 ਦੀ ਅਥਲੈਟਿਕ ਮੀਟ ’ਚ ਮਨਜੀਤ ਨੇ 400 ਮੀਟਰ ਦੌਰਾਨ ਆਪਣੇ ਬਲਬੂਤੇ ਗੋਲਡ ਮੈਡਲ ਜਿੱਤ ਕੇ ਏਸ਼ੀਆ ਦੇ ਦੌੜ ਹਲਕਿਆਂ ਨੂੰ ਚਕਾਚੌਂਧ ਕਰ ਦਿੱਤਾ। ਇਸੇ ਖੇਡ ਮੁਕਾਬਲੇ ਦੇ 4,400 ਮੀਟਰ ਰੀਲੇਅ ਰੇਸ ’ਚ ਮਨਜੀਤ ਕੌਰ ਅਤੇ ਸਾਥਣਾਂ ਰਾਜਵਿੰਦਰ ਕੌਰ, ਚਿਤਰਾ ਸੋਮਨ ਅਤੇ ਐਸ. ਗੀਤਾ ਨੇ 3 ਮਿੰਟ 30.93 ਸੈਕਿੰਡ ਸਮੇਂ ਨਾਲ ਏਸ਼ਿਆਈ ਰਿਕਾਰਡ ਸਿਰਜ ਕੇ ਸੋਨ ਤਮਗਾ ਜਿੱਤਿਆ। ਦੋ ਸੋਨ ਤਮਮੇ ਜਿੱਤਣ ਸਦਕਾ ਮਨਜੀਤ ਕੌਰ ਨੂੰ ਕੌਮੀ ਪੱਧਰ ’ਤੇ ਅਖਬਾਰੀ ਖੇਡ ਕਾਲਮਾਂ ’ਚ ਚੰਗੀਆਂ ਸੁਰਖੀਆਂ ਨਸੀਬ ਹੋਈਆਂ। ਮੈਲਬੌਰਨ-2006 ਰਾਸ਼ਟਰਮੰਡਲ ਖੇਡਾਂ ਦੌਰਾਨ ਮਨਜੀਤ 400 ਮੀਟਰ ਦੌੜ ’ਚ ਸਟਾਰਟ ਲੈਣ ’ਚ ਪਛੜ ਜਾਣ ਕਰਕੇ ਚੌਥਾ ਸਥਾਨ ਹੀ ਮੱਲ ਸਕੀ ਪਰ 4,400 ਮੀਟਰ ਰੀਲੇਅ ਰੇਸ ’ਚ ਦੌੜਾਕ ਸਾਥਣਾਂ ਨਾਲ ਵਧੀਆ ਸਮਾਂ ਕੱਢ ਕੇ ਸਿਲਵਰ ਮੈਡਲ ਦੀ ਜਿੱਤ ਨਾਲ ਜ਼ਰੂਰ ਬਗਲਗੀਰ ਹੋਈ। ਇਸੇ ਸਾਲ ਏਸ਼ੀਅਨ ਗਰੈਂਡ ਮੀਟ ਬੈਂਕਾਕ ’ਚ ਹੋਈ, ਜਿੱਥੇ ਜ਼ਖ਼ਮੀ ਹੋਣ ਦੇ ਬਾਵਜੂਦ ਮਨਜੀਤ ਨੇ ਤਾਂਬੇ ਦੇ ਮੈਡਲ ਨਾਲ ਆਪਣਾ ਜੇਤੂ ਰੱਥ ਹੱਕੀ ਰੱਖਿਆ।

 


ਪੰਜਾਬ ਸਰਕਾਰ ਵੱਲੋਂ 2006 ’ਚ ‘ਮਹਾਰਾਜਾ ਰਣਜੀਤ ਸਿੰਘ ਖੇਡ ਐਵਾਰਡ’ ਨਾਲ ਨਿਵਾਜੀ ਗਈ ਮਨਜੀਤ ਕੌਰ ਸੈਣੀ ਨੂੰ 29.8.2006 ’ਚ ਭਾਰਤ ਸਰਕਾਰ ਵੱਲੋਂ ‘ਅਰਜੁਨਾ ਐਵਾਰਡ’ ਦਾ ਸਨਮਾਨ ਦਿੱਤਾ ਗਿਆ। ਮਾਣਮੱਤੀ ਐਥਲੀਟ ਮਨਜੀਤ ਕੌਰ ਦਾ ਜਨਮ 4 ਅਪ੍ਰੈਲ 1982 ਨੂੰ ਪੰਜਾਬ ਪੁਲੀਸ ਦੇ ਇੰਸਪੈਕਟਰ ਸਰਦਾਰ ਹਰਭਜਨ ਸਿੰਘ ਦੇ ਘਰ ਹੋਇਆ। ਮਾਤਾ ਬਲਦੇਵ ਕੌਰ ਦੀ ਕੁੱਖੋਂ ਜਨਮੀਂ ਮਨਜੀਤ ਕੌਰ ਪੰਜਾਬ ਪੁਲੀਸ ’ਚ ਡੀਐਸਪੀ ਦੇ ਅਹੁਦੇ ’ਤੇ ਤੈਨਾਤ ਹੈ। ਓਲੰਪੀਅਨ ਮਨਜੀਤ ਕੌਰ ਨੇ ਨਵੀਂ ਦਿੱਲੀ-2010 ਵਰਲਡ ਹਾਕੀ ਕੱਪ ਖੇਡਣ ਵਾਲੇ ਸਟਰਾਈਕਰ ਗੁਰਵਿੰਦਰ ਸਿੰਘ ਚੰਦੀ ਨੂੰ ਆਪਣਾ ਜੀਵਨ ਸਾਥੀ ਬਣਾਇਆ। ਕੌਮਾਂਤਰੀ ਹਾਕੀ ਖਿਡਾਰੀ ਬਲਜੀਤ ਸਿੰਘ ਚੰਦੀ ਦਾ ਭਤੀਜਾ ਗੁਰਵਿੰਦਰ ਸਿੰਘ ਚੰਦੀ ਵੀ ਪੰਜਾਬ ਪੁਲੀਸ ’ਚ ਡੀਐਸਪੀ ਦੇ ਅਹੁਦੇ ’ਤੇ ਬਿਰਾਜਮਾਨ ਹੈ। 
   

==========

ਸੁਖਵਿੰਦਰਜੀਤ ਸਿੰਘ ਮਨੌਲੀ

ਮੋਬਾਈਲ: 94171-82993

ਸੁਖਵਿੰਦਰਜੀਤ ਸਿੰਘ ਮਨੌਲੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Asian Gold Medalist Olympian Athlete Manjit Kaur Saini