ਆਸਟ੍ਰੇਲੀਆ ਨੇ ਮਹਿਲਾ ਟੀ20 ਵਿਸ਼ਵ ਕੱਪ ਦੇ ਫਾਈਨਲ 'ਚ ਭਾਰਤ ਨੂੰ 85 ਦੌੜਾਂ ਨਾਲ ਹਰਾ ਦਿੱਤਾ। ਆਸਟ੍ਰੇਲੀਆ ਨੇ ਮੈਲਬਰਨ 'ਚ ਖੇਡੇ ਗਏ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 4 ਵਿਕਟਾਂ ਦੇ ਨੁਕਸਾਨ 'ਤੇ 184 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਭਾਰਤੀ ਟੀਮ 19.1 ਓਵਰਾਂ ਵਿੱਚ 99 ਦੌੜਾਂ 'ਤੇ ਆਲ ਆਊਟ ਹੋ ਗਈ। ਭਾਰਤੀ ਟੀਮ ਦੇ ਟਾਪ-5 ਬੱਲੇਬਾਜ਼ਾਂ ਨੇ ਮੈਚ ਵਿੱਚ ਸਿਰਫ਼ 19 ਦੌੜਾਂ ਬਣਾਈਆਂ। ਇਹੀ ਹਾਰ ਦਾ ਮੁੱਖ ਕਾਰਨ ਰਿਹਾ।
ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼ਾਨਦਾਰ ਸ਼ੁਰੂਆਤ ਕੀਤੀ। ਸਲਾਮੀ ਬੱਲੇਬਾਜ਼ ਐਲਿਸਾ ਹੇਲੀ ਨੇ 75 ਅਤੇ ਬੇਥ ਮੂਨੀ ਨੇ ਅਜੇਤੂ 78 ਦੌੜਾਂ ਬਣਾਈਆਂ। ਇਹ ਹੇਲੀ ਦੇ ਕਰੀਅਰ ਦਾ 12ਵਾਂ ਅਤੇ ਮੂਨੀ ਦਾ 9ਵਾਂ ਅਰਧ ਸੈਂਕੜਾ ਸੀ।
ਦੀਪਤੀ ਸ਼ਰਮਾ ਨੇ 4 ਓਵਰਾਂ ਵਿੱਚ 38 ਦੌੜਾਂ ਦੇ ਕੇ 2 ਵਿਕਟ ਲਈਆਂ, ਜਦਕਿ ਪੂਨਮ ਯਾਦਵ ਤੇ ਰਾਧਾ ਯਾਦਵ ਨੇ 1-1 ਵਿਕਟ ਲਈ। ਸ਼ਿਖਾ ਪਾਂਡੇ ਸਭ ਤੋਂ ਮਹਿੰਗੀ ਸਾਬਤ ਹੋਈ। ਉਸ ਨੇ 4 ਓਵਰਾਂ ਵਿੱਚ 52 ਦੌੜਾਂ ਦਿੱਤੀਆਂ।
ਭਾਰਤੀ ਪਾਰੀ ਦੀ ਸ਼ੁਰੂਆਤ ਕਰਨ ਆਈ ਸਮ੍ਰਿਤੀ ਮੰਧਾਨਾ 11 ਅਤੇ ਸ਼ੈਫਾਲੀ ਵਰਮਾ 2 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਈਆਂ। ਇਸ ਤੋਂ ਬਾਅਦ ਤਾਨੀਆ ਭਾਟੀਆ 2, ਜੈਮਿਮਾ ਰੋਡ੍ਰਿਗਜ਼ 0 ਅਤੇ ਹਰਮਨਪ੍ਰੀਤ ਕੌਰ 4 ਦੌੜਾਂ ਬਣਾ ਕੇ ਆਊਟ ਹੋਏ। ਆਸਟ੍ਰੇਲੀਆ ਵੱਲੋਂ ਗੇਂਦਬਾਜ਼ ਮੇਗਨ ਸ਼ੂਟ ਨੇ 3.1 ਓਵਰ 'ਚ 18 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਜੇਸ ਜੋਨਾਥਨ ਨੇ 3 ਵਿਕਟ ਲਈਆਂ। ਐਲਿਸਾ ਹੇਲੀ ਨੂੰ ਪਲੇਅਰ ਆਫ਼ ਦੀ ਮੈਚ ਚੁਣਿਆ ਗਿਆ।
ਦੱਸ ਦੇਈਏ ਕਿ ਸਾਲ 2018 'ਚ ਖੇਡੇ ਗਏ ਟੀ20 ਵਿਸ਼ਵ ਕੱਪ 'ਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ ਸੀ। ਆਸਟ੍ਰੇਲੀਆ ਟੀਮ ਹੁਣ ਤਕ ਕੁੱਲ 5 ਵਾਰ ਟੀ20 ਵਿਸ਼ਵ ਕੱਪ ਦਾ ਖਿਤਾਬ ਜਿੱਤ ਚੁੱਕੀ ਹੈ। ਆਸਟ੍ਰੇਲੀਆ ਨੇ ਸਾਲ 2010, 2012, 2014, 2018 ਅਤੇ 2020 'ਚ ਵਿਸ਼ਵ ਕੱਪ ਖਿਤਾਬ ਆਪਣੇ ਨਾਂਅ ਕੀਤਾ ਹੈ।