ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਾਰਵਰਡ ਲਾਈਨ ’ਚ ਖੇਡਦਾ ਹੁੰਦਾ ਸੀ ਰੇਲਵੇ ਵਾਲਾ ਬਲਬੀਰ ਗਰੇਵਾਲ

ਫਾਰਵਰਡ ਲਾਈਨ ’ਚ ਖੇਡਦਾ ਹੁੰਦਾ ਸੀ ਰੇਲਵੇ ਵਾਲਾ ਬਲਬੀਰ ਗਰੇਵਾਲ

ਹਾਕੀ ਜਗਤ ਦੇ ਕਿਸੇ ਪ੍ਰਸ਼ੰਸਕ ਨੂੰ ਭਾਰਤ ਅਤੇ ਪੰਜਾਬ ਦੇ ਬਲਬੀਰ ਸਿੰਘ ਗਰੇਵਾਲ (ਰੇਲਵੇ ਵਾਲਾ) ਦੇ ਤੁਆਰਫ ਦੀ ਲੋੜ ਨਹੀਂ ਹੈ। ਉਸ ਦਾ ਨਾਂ ਕੌਮੀ ਅਤੇ ਕੌਮਾਂਤਰੀ ਦੇ ਤਬਕਿਆਂ ’ਚ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਉਹ ਖਿਡਾਰੀ ਕਾਹਦਾ ਨਿਰਾ ਹਾਕੀ ਖੇਡ ਦਾ ਮੁਜੱਸਮਾ ਹੈ, ਜਿਸ ਦੀ ਖੇਡ ਦੀ ਚਰਚਾ ਖੁੰਢਾਂ ਤੋਂ ਲੈ ਕੇ ਵਿਸ਼ਵ ਦੇ ਹਰ ਖੇਡ ਸੈਕਟਰੀਏਟ ਤੱਕ ਹੁੰਦੀ ਰਹੀ। ਜਦੋਂ ਤੱਕ ਬਲਬੀਰ ਸਿੰਘ ਗਰੇਵਾਲ ਹਾਕੀ ਖੇੇਡਿਆ ਉਸ ਕੋਲ ਖੇਡ ਦਾ ਕੀਮਤੀ ਖਜ਼ਾਨਾ ਮੌਜੂਦ ਰਿਹਾ, ਜਿਸ ਸਦਕਾ ਉਸ ਨੇ ਵਿਸ਼ਵ ਦੀਆਂ ਕਹਿੰਦੀਆਂ-ਕਹਾਉਂਦੀਆਂ ਟੀਮਾਂ ਦੀ ਮੈਦਾਨ ’ਚ ਚੰਗੀ ਸਾਰ ਲਈ। 


ਅਗਲੀ ਪਾਲ ’ਚ ਅਕਸਰ ਹੀ ਬਲਬੀਰ ਗਰੇਵਾਲ ਦੇ ਹਮਲਿਆਂ ਦੀ ਧਾਰ ਏਨੀ ਤਿੱਖੀ ਹੁੰਦੀ ਕਿ ਵਿਰੋਧੀ ਰੱਖਿਅਕ ਹਰ ਸਮੇਂ ਉਸ ’ਤੇ ਪੈਨੀ ਨਜ਼ਰ ਰੱਖਦੇ ਹੋਏ ਗੋਲ ਪੋਸਟ ਅੱਗੇ ਪੂਰੀ ਚੌਕਸੀ ਵਰਤਦੇ। ਮੈਦਾਨ ਅੰਦਰ ਮਨ ਆਈਆਂ ਖੇਡ ਲਕੀਰਾਂ ਵਾਹੁੁਣ ਵਾਲਾ ਬਲਬੀਰ ਸਿੰਘ ਗਰੇਵਾਲ ਜਦੋਂ ਤੱਕ ਫੁਟਬਾਲ ਖੇਡਿਆ ਕੌਮੀ ਹਾਕੀ ਟੀਮ ਲਈ ਚਾਨਣ ਮੁਨਾਰਾ ਸਾਬਤ ਹੋਇਆ। ਜਪਾਨ ਵਿਰੁੱਧ 1964 ’ਚ ਪਹਿਲਾ ਕੌਮਾਂਤਰੀ ਮੈਚ ਖੇਡਣ ਵਾਲੇ ਬਲਬੀਰ ਸਿੰਘ ਗਰੇਵਾਲ ਦੀ ਮੈਦਾਨ ’ਚ ਆਮਦ ਨਾਲ ਹੀ ਸਾਥੀ ਖਿਡਾਰੀਆਂ ਦੇ ਹੌਸਲੇ ਦਾ ਪਾਰਾ ਕੁਤਬਮਿਨਾਰ ’ਤੇ ਚੜ੍ਹਿਆ ਪ੍ਰਤੀਤ ਹੁੰਦਾ ਸੀ। 


ਕੌਮੀ ਅਤੇ ਕੌਮਾਂਤਰੀ ਹਾਕੀ ’ਚ ਆਪਣੀ ਸ਼ਾਨਦਾਰ ਖੇਡ ਨਾਲ ਪੰਜਾਬ ਦੇ ਕਈ ਬਲਬੀਰ ਝੰਡਾਬਰਦਾਰ ਬਣੇ ਹੋਏ ਹਨ, ਜਿਨ੍ਹਾਂ ’ਚ ਬਲਬੀਰ ਸਿੰਘ ਰੇਲਵੇ ਵਾਲਾ ਤੋਂ ਬਿਨਾਂ ਬਲਬੀਰ ਸਿੰਘ ਸੀਨੀਅਰ, ਬਲਬੀਰ ਸਿੰਘ ਜੂਨੀਅਰ, ਬਲਬੀਰ ਪੰਜਾਬ ਵਾਲਾ, ਬਲਬੀਰ ਸਿੰਘ ਸਰਵਿਸਿਜ਼ ਵਾਲਾ ਅਤੇ ਬਲਬੀਰ ਸਿੰਘ ਰੰਧਾਵਾ ਸ਼ਾਮਲ ਹਨ। ਦੋ ਵਾਰ ਏਸ਼ਿਆਈ ਖੇਡਾਂ ’ਚ ਕੌਮੀ ਹਾਕੀ ਟੀਮ ਦੀ ਨੁਮਾਇੰਦਗੀ ਕਰਨ ਵਾਲੇ ਬਲਬੀਰ ਸਿੰਘ ਗਰੇਵਾਲ ਨੂੰ ਮੈਕਸਿਕੋ-1968 ਦੀਆਂ ਓਲੰਪਿਕ ਖੇਡਾਂ ’ਚ ਤਾਂਬੇ ਦਾ ਤਗਮਾ ਜੇਤੂ ਟੀਮ ਦੀ ਪ੍ਰਤੀਨਿੱਧਤਾ ਕਰਨ ਦਾ ਹੱਕ ਹਾਸਲ ਹੋਇਆ। ਮੈਕਸਿਕੋ ਓਲੰਪਿਕ ਹਾਕੀ ’ਚ ਪਿ੍ਰਥੀਪਾਲ ਸਿੰਘ ਅਤੇ ਗੁਰਬਖਸ਼ ਸਿੰਘ ਦੀ ਸਾਂਝੀ ਕਪਤਾਨੀ ’ਚ ਭਾਰਤੀ ਟੀਮ ਨੇ ਜਰਮਨੀ ਦੇ ਖਿਡਾਰੀਆਂ ਨੂੰ ਚੌਥੇ ਰੈਂਕ ’ਤੇ ਭੇਜਣ ਸਦਕਾ ਤਾਂਬੇ ਦਾ ਤਗਮਾ ਹਾਸਲ ਕੀਤਾ ਸੀ। ਜਰਮਨੀ ਵਿਰੱਧ ਤਾਂਬੇ ਦੇ ਤਗਮੇ ਦੇ ਮੈਚ ’ਚ ਜੇਤੂ ਗੋਲ ਬਲਬੀਰ ਗਰੇਵਾਲ ਦੀ ਹਾਕੀ ’ਚ ਨਿਕਲਿਆ ਸੀ। 


ਫੀਲਡ ਹਾਕੀ ਓਲੰਪੀਅਨ ਬਲਬੀਰ ਸਿੰਘ ਨੂੰ ਬਲਬੀਰ ਸਿੰਘ ਗਰੇਵਾਲ ਬੈਂਕਾਕ-1966 ਦੀ ਏਸ਼ਿਆਈ ਹਾਕੀ ’ਚ ਪਹਿਲੀ ਵਾਰ ਗੋਲਡ ਮੈਡਲ ਜਿੱਤਣ ਵਾਲੀ ਦੇਸ਼ ਦੀ ਕੌਮੀ ਹਾਕੀ ਟੀਮ ਨਾਲ ਮੈਦਾਨ ’ਚ ਨਿੱਤਰਨ ਦਾ ਮਾਣ ਨਸੀਬ ਹੋਇਆ। ਬੈਂਕਾਕ ’ਚ ਪਹਿਲੀ ਵਾਰ ਏਸ਼ਿਆਈ ਚੈਂਪੀਅਨ ਬਣੀ ਭਾਰਤੀ ਟੀਮ ਵਲੋਂ ਫਾਈਨਲ ’ਚ ਪਾਕਿਸਤਾਨ ਵਿਰੁੱਧ ਦਾਗਿਆ ਗਿਆ ਜੇਤੂ ਗੋਲ ਬਲਬੀਰ ਸਿੰਘ ਗਰੇਵਾਲ ਦੀ ਸਟਿੱਕ ’ਚੋਂ ਨਿਕਲਿਆ ਸੀ। ਇੰਡੀਅਨ ਹਾਕੀ ਟੀਮ ’ਚ ਬਲਬੀਰ ਸਿੰਘ ਗਰਵੇਾਲ (ਰੇਲਵੇ ਵਾਲਾ) ਤੋਂ ਇਲਾਵਾ ਪਿੰਡ ਸੰਸਾਰਪੁਰ ਦੇ ਦੋ ਬਲਬੀਰ-ਬਲਬੀਰ ਸਿੰਘ ਕੁਲਾਰ (ਪੰਜਾਬ ਪੁਲੀਸ ਵਾਲਾ) ਅਤੇ ਬਲਬੀਰ ਸਿੰਘ ਕੁਲਾਰ (ਸਰਵਿਸਿਜ਼ ਵਾਲਾ) ਬੈਂਕਾਕ ’ਚ ਪਲੇਇੰਗ ਇਲੈਵਨ ’ਚ ਖੇਡੇ, ਜਿਨ੍ਹਾਂ ਸ਼ੰਕਰ ਲਕਸਮਨ ਦੀ ਕਪਤਾਨੀ ’ਚ ਪਾਕਿਸਤਾਨ ਦੀ ਟੀਮ ਦੀ ਪਿੱਠ ਲਾਉਂਦਿਆਂ ਪਹਿਲੀ ਵਾਰ ਏਸ਼ੀਅਨ ਹਾਕੀ ’ਚ ਚੈਂਪੀਅਨ ਨਾਮਜ਼ਦ ਹੋਣ ਦਾ ਮਾਣ ਖੱਟਿਆ ਸੀ। ਏਸ਼ੀਆ ਦੀ ਚੈਂਪੀਅਨ ਕੌਮੀ ਹਾਕੀ ਟੀਮ ’ਚ 12 ਪੰਜਾਬੀ ਖਿਡਾਰੀਆਂ ’ਚ ਚਾਰ ਖਿਡਾਰੀ ਬਲਬੀਰ ਸਿੰਘ ਕੁਲਾਰ ਪੰਜਾਬ, ਤਰਸੇਮ ਸਿੰਘ ਕੁਲਾਰ, ਜਗਜੀਤ ਸਿੰਘ ਕੁਲਾਰ ਅਤੇ ਬਲਬੀਰ ਸਿੰਘ ਕੁਲਾਰ ਸਰਵਿਸਿਜ਼ ਜ਼ਿਲ੍ਹਾ ਜਲੰਧਰ ਦੇ ਪਿੰਡ ਸੰਸਾਰਪੁਰ ਤੋਂ ਇਲਾਵਾ ਬਲਬੀਰ ਸਿੰਘ ਰੇਲਵੇ, ਗੁਰਬਖਸ਼ ਸਿੰਘ, ਪਿ੍ਰਥੀਪਾਲ ਸਿੰਘ, ਧਰਮ ਸਿੰਘ, ਹਰਮੀਕ ਸਿੰਘ, ਜਗਦੀਪ ਸਿੰਘ, ਇੰਦਰ ਸਿੰਘ ਅਤੇ ਮਹਿੰਦਰ ਲਾਲ ਸ਼ਾਮਲ ਸਨ। 


ਬਲਬੀਰ ਸਿੰਘ ਗਰੇਵਾਲ ਨਾਜ਼ੁਕ ਸਮੇਂ ਕੌਮੀ ਟੀਮ ਦੀ ਪ੍ਰਤੀਨਿਧਤਾ ਕਰਕੇ, ਲਾਮਿਸਾਲ ਫੁੁਟਬਾਲ ਖੇਡਣ ਸਦਕਾ ਇਕ ਨਾਬਰ ਖਿਡਾਰੀ ਵਜੋਂ ਉਭਰ ਕੇ ਸਾਹਮਣੇ ਆਇਆ, ਜਿਸ ਨੇ ਦੂਜੇ ਬਲਬੀਰਾਂ ਵਾਂਗ ਦੇਸ਼ ਨੂੰ ਵਿਸ਼ਵ-ਵਿਆਪੀ ਹਾਕੀ ਜਿੱਤਾਂ ਨਾਲ ਨਿਹਾਲ ਕਰਕੇ ਆਪਣਾ ਨਾਮ ਆਲਮੀ ਹਾਕੀ ਦੀ ਡਾਇਰੀ ’ਚ ਸੁਨਹਿਰੀ ਲਫਜ਼ਾਂ ’ਚ ਦਰਜ ਕਰਾਇਆ। ਬਲਬੀਰ ਗਰੇਵਾਲ ’ਚ ਹਾਕੀ ਖੇਡਣ ਦੀ ਦੀਵਾਨਗੀ ਨੂੰ ਵੇਖਿਆਂ ਕਿਹਾ ਜਾ ਸਕਦਾ ਹੈ ਕਿ ਉਸ ਨੇ ਹਾਕੀ ਖੇਡਣ ਲਈ ਆਪਣਾ ਕੀਮਤੀ ਸਮਾਂ ਅਰਪਣ ਕੀਤਾ ਹੈ। ਇਸੇ ਖੇਡ ਨੀਤੀ ’ਤੇ ਪਹਿਰਾ ਦੇਂਦਿਆਂ ਬਲਬੀਰ ਸਿੰਘ ਗਰੇਵਾਲ ਨੇ ਦਿ੍ਰੜ ਨਿਸ਼ਚੇ ਤੇ ਸਪਰਪਣ ਦੀ ਭਾਵਨਾ ਨਾਲ ਵਿਸ਼ਵ ਹਾਕੀ ’ਚ ਉਹ ਮੁਕਾਮ ਹਾਸਲ ਕੀਤਾ, ਜਿਸ ਦੀ ਮਿਸਾਲ ਆਲਮੀ ਹਾਕੀ ਦੇ ਹਲਕਿਆਂ ’ਚ ਘੱਟ ਹੀ ਵੇਖਣ ਨੂੰ ਮਿਲਦੀ ਹੈ। 


ਗੱਲ ਕੀ ਬਲਬੀਰ ਗਰੇਵਾਲ ਨੇ ਹਾਕੀ ’ਚ ਉਹ ਚੰਨ ਚਾੜ੍ਹੇ ਹਨ, ਜਿਨ੍ਹਾਂ ਨੂੰ ਵੇਖ ਕੇ ਕਿਹਾ ਜਾ ਸਕਦਾ ਹੈ ਕਿ ਹਾਕੀ ਉਸ ਦੇ ਮੱਥੇ ਅੰਦਰ ਦੀਵੇ ਵਾਂਗ ਬਲਦੀ ਸੀ। ਬੈਂਕਾਕ-1970 ਦੀਆਂ ਏਸ਼ਿਆਈ ਖੇਡਾਂ ’ਚ ਬਲਬੀਰ ਸਿੰਘ ਗਰੇਵਾਲ ਨੂੰ ਕੌਮੀ ਹਾਕੀ ਟੀਮ ਦੇ ਦਸਤੇ ’ਚ ਸ਼ਾਮਲ ਕੀਤਾ ਗਿਆ। ਪਰ ਕਪਤਾਨ ਹਰਬਿੰਦਰ ਸਿੰਘ ਦੀ ਹਾਕੀ ਟੀਮ ਫਾਈਨਲ ’ਚ ਪਾਕਿਸਤਾਨ ਤੋਂ 1-0 ਗੋਲ ਨਾਲ ਹਾਰਨ ਸਦਕਾ ਚਾਂਦੀ ਦਾ ਤਗਮਾ ਹੀ ਜਿੱਤ ਸਕੀ। ਏਸ਼ੀਆ ਖੇਡਾਂ ’ਚ ਉਪ-ਜੇਤੂ ਕੌਮੀ ਹਾਕੀ ਟੀਮ ’ਚ 11 ਪੰਜਾਬੀ ਖਿਡਾਰੀਆਂ ’ਚ ਤਿੰਨ ਸੰਸਾਰਪੁਰ ਦੇ ਬਲਬੀਰ ਸਿੰਘ ਕੁਲਾਰ, ਅਜੀਤਪਾਲ ਸਿੰਘ ਕੁਲਾਰ ਅਤੇ ਬਲਬੀਰ ਸਿੰਘ ਕੁਲਾਰ ਸਰਵਿਸਿਜ਼ ਤੋਂ ਇਲਾਵਾ ਕੈਪਟਨ ਹਰਬਿੰਦਰ ਸਿੰਘ, ਬਲਬੀਰ ਸਿੰਘ ਰੇਲਵੇ, ਬਲਦੇਵ ਸਿੰਘ ਰੰਧਾਵਾ, ਮੇਜਰ ਸਿੰਘ, ਕੁਲਵੰਤ ਸਿੰਘ, ਹਰਮੀਕ ਸਿੰਘ, ਹਰਚਰਨ ਸਿੰਘ ਅਤੇ ਮੁਖਬੈਨ ਸਿੰਘ ਸ਼ਾਮਲ ਸਨ।

ਮੈਦਾਨ ’ਚ ਸੈਂਟਰ ਸਟਰਾਈਕਰ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੇ ਬਲਬੀਰ ਸਿੰਘ ਗਰੇਵਾਲ ਦਾ ਜਨਮ ਇੰਡੀਅਨ ਮਿਲਟਰੀ ’ਚ ਕੈਪਟਨ ਦੇ ਰੈਂਕ ਤੋਂ ਰਿਟਾਇਰ ਹੋਏ ਕੈਪਟਨ ਗੁਲਜ਼ਾਰ ਸਿੰਘ ਗਰੇਵਾਲ ਦੇ ਗ੍ਰਹਿ ਵਿਖੇ ਨਸੀਬ ਕੌਰ ਗਰੇਵਾਲ ਦੀ ਕੁੱਖੋਂ 21 ਸਤੰਬਰ, 1945 ’ਚ ਪਾਕਿਸਤਾਨ ਦੇ ਜ਼ਿਲ੍ਹਾ ’ਚ ਹੋਇਆ। ਹਾਕੀ ਓਲੰਪੀਅਨ ਬਲਬੀਰ ਸਿੰਘ ਰੇਲਵੇ ਦੇ ਭਰਾ ਗੁਰਬਖਸ਼ ਸਿੰਘ ਗਰੇਵਾਲ ਦੀ ਪਿੱਠ ’ਤੇ ਵੀ ਹਾਕੀ ਓਲੰਪੀਅਨ ਖਿਡਾਰੀ ਦਾ ਠੱਪਾ ਲੱਗਿਆ।

 

 

1964 ਤੋਂ 1981 ਤੱਕ ਭਾਵ ਕੁੱਲ 18 ਸਾਲ ਘਰੇਲੂ ਨੈਸ਼ਨਲ ਹਾਕੀ ’ਚ ਇੰਡੀਅਨ ਰੇਲਵੇ ਦੀ ਟੀਮ ਨਾਲ ਮੈਦਾਨ ’ਚ ਨਿੱਤਰਨ ਵਾਲੇ ਬਲਬੀਰ ਸਿੰਘ ਗਰੇਵਾਲ ਨੂੰ 1968 ’ਚ ‘ਰੇਲਵੇ ਮਨੀਸਟਰੀ ਐਵਾਰਡ’ ਨਾਲ ਨਿਵਾਜਿਆ ਗਿਆ। 1968 ’ਚ ‘ਆਲ ਵਰਲਡ ਸਟਾਰ ਹਾਕੀ ਟੀਮ’ ਲਈ ਨਾਮਜ਼ਦ ਕੀਤੇ ਗਏ ਬਲਬੀਰ ਸਿੰਘ ਗਰੇਵਾਲ ਨੇ ‘ਵੈਸਟਰਨ ਰੇਲਵੇ’ ਦੀ ਟੀਮ ਨੂੰ ਟਰੇਨਿੰਗ ਦੇਣ ਦੀ ਜ਼ਿੰਮੇਵਾਰੀ ਓਟਣੀ ਪਈ। 1970 ’ਚ ‘ਆਲ ਏਸ਼ੀਅਨ ਸਟਾਰ ਹਾਕੀ ਟੀਮ’ ’ਚ ਸਥਾਨ ਬਣਾਉਣ ਵਾਲੇ ਬਲਬੀਰ ਸਿੰਘ ਗਰੇਵਾਲ ਵਲੋਂ ਹਾਕੀ ਮੈਦਾਨ ਨੂੰ ਅਲਵਿਦਾ ਕਹਿਣ ਤੋਂ ਬਾਅਦ ਘਰੇਲੂ ਰਾਸ਼ਟਰੀ ਹਾਕੀ ਖੇਡਣ ਵਾਲੀ ‘ਇੰਡੀਅਨ ਰੇਲਵੇ’ ਦੀ ਟੀਮ ਨੂੰ ਟਰੇਂਡ ਕੀਤਾ ਗਿਆ। 


1970 ’ਚ ਸਿੰਗਾਪੁਰ ਖੇਡਣ ਗਈ ਭਾਰਤੀ ਟੀਮ ਦਾ ਕਪਤਾਨੀ ਦਾ ਭਾਰ ਬਲਬੀਰ ਸਿੰਘ ਗਰੇਵਾਲ ਦੇ ਮੋਢਿਆਂ ’ਤੇ ਸੀ। 1979 ’ਚ ਵੈਸਟਰਨ ਰੇਲਵੇਜ਼ ਵਲੋਂ ‘ਜਨਰਲ ਮੈਨੇਜਰ ਐਵਾਰਡ’ ਨਾਲ ਸਨਮਾਨੇ ਗਏ ਬਲਬੀਰ ਸਿੰਘ ਰੇਲਵੇ ਵਾਲਾ ਨੂੰ 8 ਦੇਸਾ ਪ੍ਰੀ-ਓਲੰਪਿਕ ਮੈਡਰਿਡ (ਸਪੇਨ) ਹਾਕੀ ਫੈਸਟੀਵਲ ਦੇ ਫਾਈਨਲ ’ਚ ਸਕੋਰ ਕਰਨ ਦਾ ਹੱਕ ਹਾਸਲ ਹੋਇਆ। ਕਾਬਲੇਗੌਰ ਹੈ ਕਿ ਇਸ ਹਾਕੀ ਮੁਕਾਬਲੇ ’ਚ 4 ਬਲਬੀਰ-ਰੇਲਵੇ ਵਾਲਾ, ਪੰਜਾਬ ਪੁਲੀਸ ਵਾਲਾ, ਸੈਨਾ ਵਾਲਾ ਅਤੇ ਨੇਵੀ ਵਾਲਾ ਬਲਬੀਰ ਸਿੰਘ ਰੰਧਾਵਾ ਸ਼ਾਮਲ ਸਨ। 


ਲੰਡਨ ’ਚ 1967 ’ਚ ਖੇਡੇ ਗਏ ਇੰਟਰਨੈਸ਼ਨਲ ਹਾਕੀ ਟੂਰਨਾਮੈਂਟ ’ਚ ਸਿਲਵਰ ਮੈਡਲ ਜਿੱਤਣ ਵਾਲੀ ਹਾਕੀ ਟੀਮ ਦੀ ਪ੍ਰਤੀਨਿੱਧਤਾ ਕਰਨ ਵਾਲੇ ਬਲਬੀਰ ਸਿੰਘ ਗਰੇਵਾਲ ਨੂੰ ਵੱਖ-ਵੱਖ ਦੇਸ਼ਾਂ ਇੰਗਲੈਂਡ, ਫਰਾਂਸ, ਈਸਟ ਜਰਮਨੀ, ਜਪਾਨ, ਯੂਗਾਂਡਾ, ਕੀਨੀਆ, ਵੈਸਟ ਜਰਮਨੀ, ਨਿਊਜ਼ੀਲੈਂਡ, ਪੋਲੈਂਡ, ਬੈਲਜੀਅਮ, ਆਸਟਰੇਲੀਆ, ਨੀਦਰਲੈਂਡ, ਸਿੰਗਾਪੁਰ, ਮਲੇਸ਼ੀਆ, ਸ੍ਰੀਲੰਕਾ, ਇਟਲੀ, ਸਪੇਨ ਅਤੇ ਪਾਕਿਸਤਾਨ ਨਾਲ ਹਾਕੀ ਟੈਸਟ ਲੜੀਆਂ ਖੇਡਣ ਦਾ ਸੁਭਾਗ ਹਾਸਲ ਹੋਇਆ।

==========

ਸੁਖਵਿੰਦਰਜੀਤ ਸਿੰਘ ਮਨੌਲੀ

ਮੋਬਾਈਲ: 94171-82993

ਸੁਖਵਿੰਦਰਜੀਤ ਸਿੰਘ ਮਨੌਲੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Balbir Grewal of Railways used to play on Forward Line