ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਤ ਸਮਾਰੋਹਾਂ ਦੀ ਸ਼ੁਰੂਆਤ ਇੱਥੇ ਭਲਕੇ ਹੋ ਜਾਣੀ ਹੈ। ਪ੍ਰਕਾਸ਼ ਉਤਸਵ ਭਾਵੇਂ ਇੱਕ ਹਫ਼ਤੇ ਬਾਅਦ 12 ਨਵੰਬਰ ਨੂੰ ਹੋਵੇਗਾ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਲਕੇ ਇਨ੍ਹਾਂ ਸਮਾਰੋਹਾਂ ਦੀ ਸ਼ੁਰੂਆਤ ਕਰ ਦੇਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸਮਾਰੋਹ ਬੀਤੀ 1 ਨਵੰਬਰ ਤੋਂ ਹੀ ਸ਼ੁਰੂ ਕਰ ਦਿੱਤੇ ਗਏ ਸਨ।
ਕੱਲ੍ਹ ਕੈਬਿਨੇਟ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਸਰਕਾਰੀ ਸਮਾਰੋਹ ਲਈ ਤਿਆਰ ਕੀਤੇ ਪੰਡਾਲ ਦਾ ਜਾਇਜ਼ਾ ਲਿਆ। ਭਲਕੇ ਮੁੱਖ ਮੰਤਰੀ ਤੇ ਹੋਰ ਪਾਰਟੀਆਂ ਦੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਸਹਿਜ ਪਾਠ ਭੋਗ ਨਾਲ ਪ੍ਰਕਾਸ਼ ਪੁਰਬ ਸਮਾਰੋਹਾਂ ਦੀ ਸ਼ੁਰੂਆਤ ਹੋ ਜਾਵੇਗੀ।
ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਮੁਤਾਬਕ ਮੁੱਖ ਮੰਤਰੀ ਭਲਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਉੱਤੇ ਆਧਾਰਤ ਪ੍ਰਦਰਸ਼ਨੀਆਂ ਦਾ ਉਦਘਾਟਨ ਕਰਨਗੇ। ਪੰਜਾਬ ਦੇ ਸੈਰ–ਸਪਾਟਾ ਵਿਭਾਗ ਨੇ ਗੁਰੂ ਸਾਹਿਬ ਦੇ ਜੀਵਨ ਉੱਤੇ ਇੱਕ ਪ੍ਰਦਰਸ਼ਨੀ ਲਾਉਣੀ ਹੈ। ਇੱਥੇ ਇੱਕ NGO (ਗ਼ੈਰ–ਸਰਕਾਰੀ ਸੰਗਠਨ) ਪੰਜਾਬ ਡਿਜੀਟਲ ਲਾਇਬਰੇਰੀ ਦੇ ਕਿਊਰੇਟਰ ‘ਗੁਰੂ ਨਾਨਕ ਸਾਹਿਬ: ਪ੍ਰਕਾਸ਼ ਤੇ ਪ੍ਰੇਮ’ ਨਾਂਅ ਦੀ ਪ੍ਰਦਰਸ਼ਨੀ ਲਾਉਣਗੇ।
ਇਸ ਪ੍ਰਦਰਸ਼ਨੀ ਵਿੱਚ ਪੰਜਾਬ ਦੇ ਉਨ੍ਹਾਂ 70 ਪਿੰਡਾਂ ਦੀਆਂ ਤਸਵੀਰਾਂ ਵੀ ਪ੍ਰਦਰਸ਼ਿਤ ਹੋਣਗੀਆਂ; ਜਿਨ੍ਹਾਂ ’ਚ ਗੁਰੂ ਜੀ ਗਏ ਸਨ। ਇਸ ਤੋਂ ਇਲਾਵਾ ਪੰਜਾਬ ਲਘੂ ਉਦਯੋਗ ਤੇ ਬਰਾਮਦ ਨਿਗਮ (PSIEC) ਵੱਲੋਂ ਵੀ ਇੱਕ ਪ੍ਰਦਰਸ਼ਨੀ ਲਾਈ ਜਾ ਰਹੀ ਹੈ; ਜਿੱਥੇ 148 ਸਟਾਲ ਲੱਗੇ ਹੋਣਗੇ; ਜਿੱਥੇ 31 ਸਰਕਾਰੀ ਵਿਭਾਗ ਤੇ ਪੰਜਾਬ ਦੇ ਦਸਤਕਾਰੀ ਦੇ ਮਾਹਿਰ ਕਾਰੀਗਰ ਤੇ ਕਲਾਕਾਰ ਆਪੋ–ਆਪਣੇ ਉਤਪਾਦ ਵੀ ਪ੍ਰਦਰਸ਼ਿਤ ਕਰਨਗੇ।
ਇਸ ਤੋਂ ਇਲਾਵਾ ਸਰਕਾਰ ਨੇ ਇੱਕ ਵਿਸ਼ਾਲ ਮਲਟੀ–ਮੀਡੀਆ ਰੌਸ਼ਨੀ ਤੇ ਆਵਾਜ਼ (ਲਾਈਟ ਐਂਡ ਸਾਊਂਡ) ਸ਼ੋਅ ਵੀ ਪ੍ਰਦਰਸ਼ਿਤ ਕਰਨਾ ਹੈ। ਇਸ ਵਿੱਚ ਡਿਜੀਟਲ ਤਕਨੀਕਾਂ ਅਪਣਾਈਆਂ ਜਾਣਗੀਆ ਤੇ ਪੰਜਾਬੀ ਦੇ ਉੱਘੇ ਗਾਇਕ ਤੇ ਹੋਰ ਕਲਾਕਾਰ ਆਪੋ–ਆਪਣੀਆਂ ਪੇਸ਼ਕਾਰੀਆਂ ਦੇਣਗੇ।
ਇਹ ‘ਲਾਈਟ ਐਂਡ ਸਾਊਂਡ ਸ਼ੋਅ’ ਅੱਜ 4 ਨਵੰਬਰ ਤੋਂ ਲੈ ਕੇ 9 ਨਵੰਬਰ ਤੱਕ ਅਤੇ ਫਿਰ 13 ਤੋਂ 15 ਨਵੰਬਰ ਤੱਕ ਸ਼ਾਮੀਂ 7 ਵਜੇ ਤੋਂ ਲੈ ਕੇ ਰਾਤੀਂ 9:15 ਵਜੇ ਤੱਕ ਪ੍ਰਦਰਸ਼ਿਤ ਹੋਇਆ ਕਰੇਗਾ। ਆਉਂਦੀ 10, 11 ਅਤੇ 12 ਨਵੰਬਰ ਨੂੰ ਕਿਉਂਕਿ ਇੱਥੇ ਲੱਖਾਂ ਸ਼ਰਧਾਲੂਆਂ ਦੀ ਭੀੜ ਰਹੇਗੀ; ਇਸ ਲਈ ਇਹ ਇਨ੍ਹਾਂ ਤਿੰਨ ਦਿਨਾਂ ਦੌਰਾਨ ਸ਼ਾਮੀਂ 7 ਵਜੇ ਤੋਂ ਰਾਤੀਂ 10:30 ਵਜੇ ਤੱਕ ਚੱਲਿਆ ਕਰੇਗਾ।